ਕੀਨੀਆ ’ਚ ਸਕੂਲ ਦੇ ਹੋਸਟਲ ’ਚ ਲੱਗੀ ਅੱਗ, 18 ਵਿਦਿਆਰਥੀਆਂ ਦੀ ਮੌਤ
ਕੀਨੀਆ ਵਿਚ ਇਕ ਸਕੂਲ ਦੇ ਹੋਸਟਲ ਵਿਚ ਭਿਆਨਕ ਅੱਗ ਲੱਗਣ ਕਾਰਨ 18 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 27 ਹੋਰ ਬੁਰੀ ਤਰ੍ਹਾਂ ਝੁਲਸੇ ਗਏ। ਇਕ ਜਾਣਕਾਰੀ ਅਨੁਸਾਰ 70 ਬੱਚੇ ਲਾਪਤਾ ਦੱਸੇ ਜਾ ਰਹੇ ਨੇ, ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਏ।;
ਨੈਰੋਬੀ : ਕੀਨੀਆ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਸਕੂਲ ਦੇ ਹੋਸਟਲ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 18 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 27 ਵਿਦਿਆਰਥੀ ਬੁਰੀ ਤਰ੍ਹਾਂ ਝੁਲਸੇ ਗਏ। ਇਸ ਘਟਨਾ ਮਗਰੋਂ 70 ਬੱਚੇ ਲਾਪਤਾ ਦੱਸੇ ਜਾ ਰਹੇ ਨੇ, ਜਿਸ ਕਰਕੇ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਏ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਐ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਵੱਲੋਂ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕੀਨੀਆ ਵਿਚ ਇਕ ਸਕੂਲ ਦੇ ਹੋਸਟਲ ਵਿਚ ਭਿਆਨਕ ਅੱਗ ਲੱਗਣ ਕਾਰਨ 18 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 27 ਹੋਰ ਬੁਰੀ ਤਰ੍ਹਾਂ ਝੁਲਸੇ ਗਏ। ਇਕ ਜਾਣਕਾਰੀ ਅਨੁਸਾਰ 70 ਬੱਚੇ ਲਾਪਤਾ ਦੱਸੇ ਜਾ ਰਹੇ ਨੇ, ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਏ। ਪੁਲਿਸ ਦੇ ਬੁਲਾਰੇ ਰੇਸੀਲਾ ਓਨਯਾਂਗੋ ਨੇ ਦੱਸਿਆ ਕਿ ਨੇਯਰੀ ਕਾਊਂਟੀ ਵਿਚ ਹਿੱਲਸਾਈਡ ਐਂਦਰਾਸ਼ਾ ਪ੍ਰਾਇਮਰੀ ਵਿਚ ਰਾਤ ਦੇ ਸਮੇਂ ਲੱਗੀ ਭਿਆਨਕ ਅੱਗ ਦੀ ਜਾਂਚ ਕੀਤੀ ਜਾ ਰਹੀ ਐ।
ਇਸ ਸਕੂਲ ਦੇ ਹੋਸਟਲ ਵਿਚ 14 ਸਾਲ ਤੱਕ ਬੱਚੇ ਰਹਿੰਦੇ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਇਮਾਰਤਾਂ ਲੱਕੜ ਦੀਆਂ ਹੋਣ ਕਰਕੇ ਅੱਗ ਕਾਫ਼ੀ ਤੇਜ਼ੀ ਨਾਲ ਫੈਲ ਗਈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸਕੂਲ ਦੇ ਹੋਸਟਲ ਵਿਚ 824 ਦੇ ਕਰੀਬ ਵਿਦਿਆਰਥੀ ਮੌਜੂਦ ਸਨ ਅਤੇ ਇਹ ਸਕੂਲ ਰਾਜਧਾਨੀ ਨੈਰੋਬੀ ਤੋਂ ਉਤਰ ਵੱਲ 200 ਕਿਲੋਮੀਟਰ ਦੂਰ ਸੈਂਟਰਲ ਹਾਈਲੈਂਡਜ਼ ਵਿਚ ਸਥਿਤ ਐ। ਇਸ ਘਟਨਾ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਲੋਕ ਸੜਕਾਂ ’ਤੇ ਉਤਰ ਗਏ ਅਤੇ ਉਨ੍ਹਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਿਵੇਂ ਹੀ ਇਸ ਘਟਨਾ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਘਟਨਾ ਸਥਾਨ ’ਤੇ ਪਹੁੰਚ ਗਏ। ਜਿਨ੍ਹਾਂ ਦੇ ਬੱਚੇ ਇਸ ਹਾਦਸੇ ਦੌਰਾਨ ਮਾਰੇ ਗਏ, ਉਨ੍ਹਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਹਰ ਪਾਸੇ ਅਫਰਾ ਤਫ਼ਰੀ ਦਾ ਮਾਹੌਲ ਮੱਚਿਆ ਹੋਇਆ ਸੀ, ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੱਲੋਂ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਕੀਤਾ ਜਾ ਰਿਹਾ ਏ ਤਾਂ ਜੋ ਬਚਾਅ ਅਤੇ ਰਾਹਤ ਕਾਰਜਾਂ ਵਿਚ ਕੋਈ ਦਿੱਕਤ ਨਾ ਆਵੇ। ਜ਼ਖ਼ਮੀ ਵਿਦਿਆਰਥੀਆਂ ਨੂੰ ਤੁਰੰਤ ਐਂਬੂਲੈਂਸਾਂ ਦੇ ਰਾਹੀਂ ਹਸਪਤਾਲ ਵਿਚ ਲਿਜਾਇਆ ਗਿਆ।
ਦੇਸ਼ ਦੇ ਰਾਸ਼ਟਰਪਤੀ ਵਿਲੀਅਮ ਰੂਤੋ ਨੇ ਇਸ ਘਟਨਾ ਨੂੰ ਵਿਨਾਸ਼ਕਾਰੀ ਕਰਾਰ ਦਿੱਤਾ। ਉਨ੍ਹਾਂ ਆਪਣੇ ਐਕਸ ਅਕਾਊਂਟ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਲਿਖਿਆ ‘‘ਮੈਂ ਸਬੰਧਤ ਅਥਾਰਟੀਜ਼ ਨੂੰ ਇਸ ਖ਼ੌਫ਼ਨਾਕ ਹਾਦਸੇ ਦੀ ਬਰੀਕੀ ਨਾਲ ਜਾਂਚ ਦੇ ਹੁਕਮ ਦਿੱਤੇ ਨੇ, ਜੋ ਵੀ ਇਸ ਮਾਮਲੇ ਵਿਚ ਕਸੂਰਵਾਰ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’’
ਇਸੇ ਤਰ੍ਹਾਂ ਦੇਸ਼ ਦੇ ਉਪ ਰਾਸ਼ਟਰਪਤੀ, ਨੇਯਰੀ ਕਾਊਂਟੀ ਦੇ ਪੁਲਿਸ ਕਮਿਸ਼ਨਰ ਪੀਅਸ ਮੁਰਗੂ ਅਤੇ ਸਿੱਖਿਆ ਮੰਤਰੀ ਵੱਲੋਂ ਇਸ ਮੰਦਭਾਗੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏ ਜਾਣ ਦਾ ਭਰੋਸਾ ਦਿੱਤਾ ਗਿਆ।