America ’ਚ 30 ਪੰਜਾਬੀਆਂ ਸਣੇ 87 ਟਰੱਕ ਡਰਾਈਵਰ ਕਾਬੂ
ਅਮਰੀਕਾ ਵਿਚ 30 ਪੰਜਾਬੀ ਟਰੱਕ ਡਰਾਈਵਰਾਂ ਸਣੇ 87 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਭੇਜ ਦਿਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਡਿਪੋਰਟ ਕਰ ਦਿਤਾ ਜਾਵੇਗਾ
ਕੈਲੇਫੋਰਨੀਆ : ਅਮਰੀਕਾ ਵਿਚ 30 ਪੰਜਾਬੀ ਟਰੱਕ ਡਰਾਈਵਰਾਂ ਸਣੇ 87 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਭੇਜ ਦਿਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਡਿਪੋਰਟ ਕਰ ਦਿਤਾ ਜਾਵੇਗਾ। ਕੈਲੇਫੋਰਨੀਆ ਦੇ ਐਲ ਸੈਂਟਰੋ ਅਤੇ ਹੋਰਨਾਂ ਇਲਾਕਿਆਂ ਵਿਚ ਮਾਰੇ ਗਏ ਛਾਪਿਆਂ ਦੌਰਾਨ ਬਾਰਡਰ ਏਜੰਟਾਂ ਵੱਲੋਂ 42 ਜਣੇ ਗ੍ਰਿਫ਼ਤਾਰ ਕੀਤੇ ਗਏ ਜਦਕਿ ਟ੍ਰਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਆਈਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 45 ਜਣਿਆਂ ਨੂੰ ਕਾਬੂ ਕੀਤਾ ਗਿਆ। ਹਿਰਾਸਤ ਵਿਚ ਲਏ ਕਮਰਸ਼ੀਅਲ ਡਰਾਈਵਰਾਂ ਵਿਚੋਂ ਜ਼ਿਆਦਾਤਰ ਭਾਰਤ ਨਾਲ ਸਬੰਧਤ ਸਨ ਜਦਕਿ ਬਾਕੀ ਅਲ ਸਲਵਾਡੋਰ, ਚੀਨ, ਹੈਤੀ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਕੈਲੇਫੋਰਨੀਆ ਵਿਚ 2 ਥਾਵਾਂ ’ਤੇ ਇੰਮੀਗ੍ਰੇਸ਼ਨ ਛਾਪੇ
ਟਰੱਕ ਡਰਾਈਵਰਾਂ ਨੂੰ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦਾ ਜ਼ਿਕਰ ਕੀਤਾ ਜਾਵੇ ਤਾਂ 31 ਜਣਿਆਂ ਨੂੰ ਕੈਲੇਫੋਰਨੀਆ ਸੂਬੇ ਨੇ ਲਾਇਸੰਸ ਜਾਰੀ ਕੀਤੇ ਜਦਕਿ ਬਾਕੀਆਂ ਦੇ ਲਾਇਸੰਸ ਵਾਸ਼ਿੰਗਟਨ, ਫਲੋਰੀਡਾ, ਇੰਡਿਆਨਾ, ਇਲੀਨੌਇ, ਓਹਾਇਓ, ਮੈਰੀਲੈਂਡ, ਮਿਨੇਸੋਟਾ, ਨਿਊ ਜਰਸੀ, ਨਿਊ ਯਾਰਕ ਅਤੇ ਪੈਨਸਿਲਵੇਨੀਆ ਤੋਂ ਜਾਰੀ ਹੋਏ ਦੱਸੇ ਜਾ ਰਹੇ ਹਨ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵੱਲੋਂ ਕੀਤੀ ਕਾਰਵਾਈ ਨੂੰ ਅਪ੍ਰੇਸ਼ਨ ਹਾਈਵੇਅ ਸੈਂਟੀਨਲ ਦਾ ਨਾਂ ਦਿਤਾ ਗਿਆ ਜਿਸ ਦੇ ਪਹਿਲੇ ਦਿਨ ਇਕ ਭਾਰਤੀ ਅਤੇ ਇਕ ਤਾਜਿਕਸਤਾਨ ਨਾਲ ਸਬੰਧਤ ਡਰਾਈਵਰ ਕਾਬੂ ਕੀਤਾ ਗਿਆ। ਦੂਜੇ ਦਿਨ ਚਾਰ ਭਾਰਤੀ ਅਤੇ ਇਕ ਉਜ਼ਬੇਕ ਡਰਾਈਵਰ ਆਈਸ ਵਾਲਿਆਂ ਦੀ ਗ੍ਰਿਫ਼ਤ ਵਿਚ ਆਏ। ਕਸਟਮਜ਼ ਐਂਡ ਬਾਰਡਰ ਪੈਟਰੋਲ ਦੇ ਐਲ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖੀ ਜੋਸਫ਼ ਰੈਮੇਨਰ ਨੇ ਦੱਸਿਆ ਕਿ ਅਮਰੀਕਾ ਵਿਚ ਪਿਛਲੇ ਸਮੇਂ ਦੌਰਾਨ ਵਾਪਰੇ ਜਾਨਲੇਵਾ ਟਰੱਕ ਹਾਦਸਿਆਂ ਮਗਰੋਂ ਕੈਲੇਫੋਰਨੀਆ ਵਿਚ ਵੱਡੇ ਪੱਧਰ ’ਤੇ ਮੁਹਿੰਮ ਦੀ ਰਣਨੀਤੀ ਘੜੀ ਗਈ। ਗ੍ਰਿਫ਼ਤਾਰ ਕੀਤੇ ਪ੍ਰਵਾਸੀਆਂ ਨੂੰ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ ਸੀ ਅਤੇ ਇਨ੍ਹਾਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ਵਾਲੇ ਸੂਬੇ ਹੀ ਅਸਲ ਵਿਚ ਜਾਨਲੇਵਾ ਹਾਦਸਿਆਂ ਦੇ ਅਸਲ ਜ਼ਿੰਮੇਵਾਰ ਹਨ। ਜੋਸਫ਼ ਰੈਮੇਨਰ ਦਾ ਇਸ਼ਾਰਾ ਹਰਜਿੰਦਰ ਸਿੰਘ, ਜਸ਼ਨਦੀਪ ਸਿੰਘ ਅਤੇ ਰਜਿੰਦਰ ਕੁਮਾਰ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਵੱਲ ਸੀ ਜਿਨ੍ਹਾਂ ਦੌਰਾਨ ਸਾਂਝੇ ਤੌਰ ’ਤੇ ਅੱਠ ਜਣਿਆਂ ਦੀ ਮੌਤ ਹੋਈ। ਤਿੰਨੋ ਜਣੇ ਇਸ ਵੇਲੇ ਜੇਲ ਵਿਚ ਹਨ ਪਰ ਦੂਜੇ ਪਾਸੇ ਆਈਸ ਵੱਲੋਂ ਪ੍ਰਤਾਪ ਸਿੰਘ ਨਾਂ ਦੇ ਟਰੱਕ ਡਰਾਈਵਰ ਨੂੰ ਵੀ ਕਾਬੂ ਕੀਤਾ ਗਿਆ ਜਿਸ ਨਾਲ ਸਬੰਧਤ ਹਾਦਸੇ ਵਿਚ ਭਾਵੇਂ ਕੋਈ ਮੌਤ ਨਹੀਂ ਸੀ ਹੋਈ ਪਰ ਪੰਜ ਸਾਲ ਦੀ ਬੱਚੀ ਡੈਲੀਲਾ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ।
ਹਾਈਵੇਜ਼ ਅਤੇ ਟ੍ਰਾਂਸਪੋਰਟ ਕੰਪਨੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਦੂਜੇ ਪਾਸੇ ਕੈਲੇਫੋਰਨੀਆ ਦੇ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਸੂਬੇ ਦੇ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਪੰਜਾਬੀ ਡਰਾਈਵਰਾਂ ਵੱਲੋੀ ਮੁਕੱਦਮੇ ਦੀ ਪੈਰਵੀ ਸਿੱਖ ਕੋਲੀਸ਼ਨ ਅਤੇ ਸੈਨ ਫ਼ਰਾਂਸਿਸਕੋ ਦੀ ਏਸ਼ੀਅਨ ਲਾਅ ਕੌਕਸ ਵੱਲੋਂ ਕੀਤੀ ਜਾ ਰਹੀ ਹੈ। ਸਿੱਖ ਕੋਲੀਸ਼ਨ ਦੀ ਲੀਗਲ ਡਾਇਰੈਕਟਰ ਮਨਮੀਤ ਕੌਰ ਦਾ ਕਹਿਣਾ ਸੀ ਕਿ ਇਨ੍ਹਾਂ ਡਰਾਈਵਰਾਂ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰ੍ਹੇ ਟ੍ਰਾਂਸਪੋਰਟ ਸੈਕਟਰ ਨੂੰ ਦਿਤੇ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਯੋਗਦਾਨ ਪਾਇਆ ਪਰ ਹੁਣ ਇਨ੍ਹਾਂ ਨੂੰ ਵਿਸਾਰਿਆ ਜਾ ਰਿਹਾ ਹੈ। ਕੈਲੇਫੋਰਨੀਆ ਡੀ.ਐਮ.ਵੀ. ਨੇ ਮੁਕੱਦਮੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਡੀ.ਸੀ. ਦੀ ਅਪੀਲ ਅਦਾਲਤ ਵੱਲੋਂ ਟਰੰਪ ਸਰਕਾਰ ਦੇ ਐਮਰਜੰਸੀ ਹੁਕਮਾਂ ’ਤੇ ਰੋਕ ਲਾਏ ਜਾਣ ਮਗਰੋਂ ਕੈਲੇਫੋਰਨੀਆ ਵਿਚ 17 ਹਜ਼ਾਰ ਡਰਾਈਵਰਾਂ ਨੂੰ ਮੁੜ ਸੀ.ਡੀ.ਐਲ. ਜਾਰੀ ਕਰਨ ਦਾ ਐਲਾਨ ਕੀਤਾ ਗਿਆ।