ਅਮਰੀਕਾ ਵਿਚ ਪੈਦਾ ਹੋਈਆਂ 73 ਹਜ਼ਾਰ ਨੌਕਰੀਆਂ
ਅਮਰੀਕਾ ਵਿਚ 73 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ ਵਧ ਕੇ 4.2 ਫੀ ਸਦੀ ’ਤੇ ਪੁੱਜਣ ਦੀ ਖਬਰ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਬਿਲਕੁਲ ਪਸੰਦ ਨਾ ਆਈ
ਵਾਸ਼ਿੰਗਟਨ : ਅਮਰੀਕਾ ਵਿਚ 73 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ ਵਧ ਕੇ 4.2 ਫੀ ਸਦੀ ’ਤੇ ਪੁੱਜਣ ਦੀ ਖਬਰ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਬਿਲਕੁਲ ਪਸੰਦ ਨਾ ਆਈ ਅਤੇ ਕਿਰਤ ਵਿਭਾਗ ਦੀ ਮਹਿਲਾ ਅਫ਼ਸਰ ਨੂੰ ਬਰਖਾਸਤ ਕਰ ਦਿਤਾ। ਆਰਥਿਕ ਮਾਹਰਾਂ ਵੱਲੋਂ ਜੁਲਾਈ ਮਹੀਨੇ ਦੌਰਾਨ ਰੁਜ਼ਗਾਰ ਦੇ 1 ਲੱਖ 15 ਹਜ਼ਾਰ ਨਵੇਂ ਮੌਕੇ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਪਰ ਅਸਲ ਅੰਕੜਾ ਕਾਫ਼ੀ ਘੱਟ ਰਿਹਾ। ਦੂਜੇ ਪਾਸੇ ਕਿਰਤ ਵਿਭਾਗ ਨੇ ਮਈ ਅਤੇ ਜੂਨ ਦੇ ਰੁਜ਼ਗਾਰ ਅੰਕੜਿਆਂ ਦੀ ਸਮੀਖਿਆ ਕੀਤੀ ਤਾਂ 2 ਲੱਖ 58 ਹਜ਼ਾਰ ਨੌਕਰੀਆਂ ਘਟ ਗਈਆਂ।
ਬੇਰੁਜ਼ਗਾਰੀ ਦਰ ਵਧ ਕੇ 4.2 ਫੀ ਸਦੀ ਹੋਈ
ਆਰਥਿਕ ਮਾਹਰਾਂ ਮੁਤਾਬਕ ਕਾਰੋਬਾਰੀ ਤਣਾਅ ਵਧਦਾ ਜਾ ਰਿਹਾ ਹੈ ਅਤੇ ਕਾਰਖਾਨੇਦਾਰ ਖਰਚੇ ਘਟਾਉਣ ਦੀ ਵਿਉਂਤਬੰਦੀ ਵਿਚ ਰੁੱਝੇ ਹੋਏ ਹਨ। ਆਉਣ ਵਾਲੇ ਮਹੀਨਿਆਂ ਦੌਰਾਨ ਵੀ ਰੁਜ਼ਗਾਰ ਖੇਤਰ ਵਿਚ ਜ਼ਿਆਦਾ ਰੌਣਕਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ 2026 ਦੇ ਆਰੰਭ ਤੱਕ ਬੇਰੁਜ਼ਗਾਰੀ ਦਰ ਵਧ ਕੇ 4.8 ਫੀ ਸਦੀ ਤੱਕ ਜਾ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਈਆਂ ਜਾ ਰਹੀਆਂ ਟੈਫ਼ਿਸ ਅਮਰੀਕਾ ਦੇ ਅਰਥਚਾਰੇ ਨੂੰ ਪ੍ਰਭਾਵਤ ਕਰ ਸਕਦੀਆਂ ਹਨ ਅਤੇ ਰੁਜ਼ਗਾਰ ਖੇਤਰ ਦੀ ਤਾਜ਼ਾ ਰਿਪੋਰਟ ਕਿਸੇ ਹੱਦ ਤੱਕ ਤਸਵੀਰ ਸਪੱਸ਼ਟ ਕਰ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਜੁਲਾਈ ਦੌਰਾਨ ਹੈਲਥ ਕੇਅਰ ਸੈਕਟਰ ਵਿਚ ਸਭ ਤੋਂ ਵੱਧ 55 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਜਦਕਿ ਰਿਟੇਲ ਸੈਕਟਰ ਰੁਜ਼ਗਾਰ ਦੇ 16 ਹਜ਼ਾਰ ਮੌਕੇ ਪੈਦਾ ਕਰਨ ਵਿਚ ਸਫ਼ਲ ਰਿਹਾ। ਇਸੇ ਦੌਰਾਨ ਕਲੀਵਲੈਂਡ ਦੇ ਫੈਡਰਲ ਰਿਜ਼ਰਵ ਬੈਂਕ ਦੇ ਮੁੱਖ ਕਾਰਜਕਾਰੀ ਅਫ਼ਸਰ ਬੈੱਥ ਹੈਮੈਕ ਨੇ ਦੱਸਿਆ ਕਿ ਅਮੀਰ ਲੋਕਾਂ ਨੂੰ ਮੌਜੂਦਾ ਹਾਲਾਤ ਵਿਚ ਬਹੁਤਾ ਫਰਕ ਨਹੀਂ ਪੈ ਰਿਹਾ ਪਰ ਹੇਠਲੇ ਪੱਧਰ ’ਤੇ ਲੋਕਾਂ ਦੇ ਸੰਘਰਸ਼ ਕਰਦੇ ਦੇਖੇ ਜਾ ਸਕਦੇ ਹਨ। ਉਧਰ ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਰੁਜ਼ਗਾਰ ਖੇਤਰ ਦੇ ਤਾਜ਼ਾ ਅੰਕੜਿਆਂ ਦੇ ਮੱਦੇਨਜ਼ਰ ਫੈਡਰਲ ਰਿਜ਼ਰਵ ਵੱਲੋਂ ਅਗਲੇ ਮਹੀਨੇ ਹੋਣ ਵਾਲੀ ਸਮੀਖਿਆ ਮੀਟਿੰਗ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਕੇਂਦਰੀ ਬੈਂਕ ਦੇ ਚੇਅਰਮੈਨ ਜਿਰੋਮ ਪਾਵਲ ਸਾਫ਼ ਲਫ਼ਜ਼ਾਂ ਵਿਚ ਆਖ ਚੁੱਕੇ ਹਨ ਕਿ ਅਮਰੀਕਾ ਦੇ ਅਰਥਚਾਰੇ ਉਤੇ ਟੈਰਿਫ਼ਸ ਦੇ ਅਸਰਾਂ ਬਾਰੇ ਮੁਕੰਮਲ ਸਪੱਸ਼ਟਤਾ ਆਉਣ ਤੋਂ ਬਾਅਦ ਹੀ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।
ਟਰੰਪ ਨੇ ਕਿਰਤ ਵਿਭਾਗ ਦੀ ਅੰਕੜਾ ਕਮਿਸ਼ਨਰ ਕੀਤੀ ਬਰਖਾਸਤ
ਦੂਜੇ ਪਾਸੇ ਡੌਨਲਡ ਟਰੰਪ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਕਿਰਤ ਵਿਭਾਗ ਦੇ ਅੰਕੜਿਆਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, ‘‘ਕੋਈ ਐਨਾ ਗਲਤ ਕਿਵੇਂ ਹੋ ਸਕਦਾ ਹੈ? ਅਸੀਂ ਬਿਲਕੁਲ ਦਰੁਸਤ ਅੰਕੜੇ ਚਾਹੁੰਦੇ ਹਾਂ ਅਤੇ ਮੈਂ ਆਪਣੀ ਟੀਮ ਨੂੰ ਹੁਕਮ ਦਿਤਾ ਹੈ ਕਿ ਜੋਅ ਬਾਇਡਨ ਵੱਲੋਂ ਨਿਯੁਕਤ ਅਫ਼ਸਰ ਅੰਕੜਾ ਇਕਾਈ ਦੀ ਕਮਿਸ਼ਨਰ ਐਰਿਕਾ ਮੈਕਨਟਾਰਫਰ ਨੂੰ ਤੁਰਤ ਬਰਖਾਸਤ ਕਰ ਦਿਤਾ ਜਾਵੇ।’’ ਟਰੰਪ ਨੇ ਅੱਗੇ ਕਿਹਾ ਕਿ ਹੁਣ ਵਧੇਰੇ ਯੋਗ ਅਫਸਰ ਲਿਆਂਦਾ ਜਾਵੇਗਾ ਤਾਂਕਿ ਦਰੁਸਤ ਅੰਕੜੇ ਸਾਹਮਣੇ ਆ ਸਕਣ ਅਤੇ ਇਨ੍ਹਾਂ ਨੂੰ ਸਿਆਸੀ ਮਕਸਦ ਵਾਸਤੇ ਤੋੜ ਮੋੜ ਕੇ ਪੇਸ਼ ਨਾ ਕੀਤਾ ਜਾ ਸਕੇ।’’