ਅਮਰੀਕਾ ਵਿਚ 4 ਬੱਚਿਆਂ ਸਣੇ 7 ਨੂੰ ਗੋਲੀ ਮਾਰੀ
ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਨਸਲੀ ਨਫ਼ਰਤ ਵਿਚ ਡੁੱਬੇ ਇਕ ਬਜ਼ੁਰਗ ਨੇ ਚਾਰ ਬੱਚਿਆਂ ਸਣੇ 7 ਜਣਿਆਂ ਨੂੰ ਗੋਲੀ ਮਾਰ ਦਿਤੀ ਅਤੇ ਬਾਅਦ ਵਿਚ ਖੁਦਕੁਸ਼ੀ ਕਰ ਲਈ।;
ਨੇਬਰਾਸਕਾ : ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਨਸਲੀ ਨਫ਼ਰਤ ਵਿਚ ਡੁੱਬੇ ਇਕ ਬਜ਼ੁਰਗ ਨੇ ਚਾਰ ਬੱਚਿਆਂ ਸਣੇ 7 ਜਣਿਆਂ ਨੂੰ ਗੋਲੀ ਮਾਰ ਦਿਤੀ ਅਤੇ ਬਾਅਦ ਵਿਚ ਖੁਦਕੁਸ਼ੀ ਕਰ ਲਈ। ਗੋਲੀਬਾਰੀ ਦੌਰਾਨ 74 ਸਾਲ ਦੇ ਬਜ਼ੁਰਗ ਆਪਣੇ ਗੁਆਂਢੀਆਂ ਨੂੰ ਆਪਣੇ ਮੁਲਕ ਵਾਪਸ ਜਾਣ ਦੀ ਨਸੀਹਤ ਵੀ ਦਿੰਦਾ ਰਿਹਾ। ਜ਼ਖਮੀ ਬੱਚਿਆਂ ਦੀ ਉਮਰ 3 ਸਾਲ ਤੋਂ 10 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਦਕਿ ਬਾਲਗਾਂ ਵਿਚ ਇਨ੍ਹਾਂ ਦੇ ਮਾਪੇ ਅਤੇ ਇਕ ਹੋਰ ਸ਼ਖਸ ਸ਼ਾਮਲ ਹੈ। ਨੇਬਰਾਸਕਾ ਕ੍ਰੀਟ ਪੁਲਿਸ ਦੇ ਮੁਖੀ ਗੈਰੀ ਯੰਗ ਨੇ ਦੱਸਿਆ ਕਿ ਬੰਦੂਕਧਾਰੀ ਆਪਣੇ ਗੁਆਂਢੀਆਂ ਨੂੰ ਅੰਗਰੇਜ਼ੀ ਸਿੱਖਣ ਲਈ ਆਖ ਰਿਹਾ ਸੀ ਅਤੇ ਇਸ ਮਗਰੋਂ ਐਨਾ ਭੜਕਿਆ ਕਿ ਬੰਦੂਕ ਚੁੱਕ ਕੇ ਗੋਲੀਆਂ ਚਲਾ ਦਿਤੀਆਂ।
74 ਸਾਲ ਦੇ ਬਜ਼ੁਰਗ ਨੇ ਬਾਅਦ ਵਿਚ ਕੀਤੀ ਖੁਦਕੁਸ਼ੀ
7 ਜ਼ਖਮੀਆਂ ਵਿਚੋਂ 6 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਗੋਲੀਬਾਰੀ ਵਾਲੇ ਘਰ ਦੇ ਨੇੜੇ ਵਸਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਇਸ ਦੇ ਕਾਰਨ ਬਾਰੇ ਪਤਾ ਨਾ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਪਾਰਟੀ ਚੱਲ ਰਹੀ ਅਤੇ 15 ਤੋਂ ਵੱਧ ਮਹਿਮਾਨ ਨੱਚ ਟੱਪ ਰਹੇ ਸਨ। ਸੰਭਾਵਤ ਤੌਰ ’ਤੇ ਇਸੇ ਕਰ ਕੇ ਬਜ਼ੁਰਗ ਨੂੰ ਗੁੱਸਾ ਆ ਗਿਆ। ਪੀੜਤ ਪਰਵਾਰ ਦੇ ਇਕ ਦੋਸਤ ਦਾ ਕਹਿਣਾ ਸੀ ਕਿ ਗੋਲੀਆਂ ਚਲਾਉਣ ਵਾਲਾ ਬਜ਼ੁਰਗ ਇਸ ਤੋਂ ਪਹਿਲਾਂ ਵੀ ਪਰਵਾਰ ਵਿਰੁੱਧ ਨਫਰਤ ਭਰੀਆਂ ਟਿੱਪਣੀਆਂ ਕਰ ਚੁੱਕਾ ਸੀ। ਗੋਲੀਬਾਰੀ ਦੌਰਾਨ ਜ਼ਖਮੀ ਦੋ ਜਣਿਆਂ ਨੂੰ ਪੂਰੀ ਜ਼ਿੰਦਗੀ ਇਸ ਘਟਨਾ ਦਾ ਬੋਝ ਚੁੱਕਣਾ ਪੈ ਸਕਦਾ ਹੈ ਜਿਨ੍ਹਾਂ ਦੇ ਜ਼ਖਮ ਠੀਕ ਹੋਣ ਵਿਚ ਲੰਮਾ ਸਮਾਂ ਲੱਗੇਗਾ।
ਨਸਲੀ ਨਫ਼ਰਤ ਦਾ ਹੌਲਨਾਕ ਮਾਮਲਾ ਆਇਆ ਸਾਹਮਣੇ
ਇਸੇ ਦੌਰਾਨ ਪੁਲਿਸ ਨੇ ਕਿਹਾ ਕਿ ਪਰਵਾਰ ਮਾਮਲੇ ਨੂੰ ਅੱਗੇ ਨਹੀਂ ਲਿਜਾਣਾ ਚਾਹੁੰਦਾ ਜਿਸ ਦੇ ਮੱਦੇਨਜ਼ਰ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਐਤਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਗੋਲੀਬਾਰੀ ਦੀ ਇਤਲਾਹ ਮਿਲਣ ’ਤੇ ਸਵੈਟ ਟੀਮ ਰਵਾਨਾ ਕਰ ਦਿਤੀ ਗਈ। ਹਥਿਆਰਬੰਦ ਅਫਸਰਾਂ ਦੇ ਮੌਕੇ ਏ ਵਾਰਦਾਤ ’ਤੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਖੁਦਕੁਸ਼ੀ ਕਰ ਚੁੱਕਾ ਸੀ। ਮੌਕੇ ਤੋਂ ਦੋ ਹਥਿਆਰ ਬਰਾਮਦ ਹੋਏ ਜਿਨ੍ਹਾਂ ਵਿਚੋਂ ਇਕ ਦੀ ਵਰਤੋਂ ਗੋਲੀਬਾਰੀ ਕਰਨ ਵਾਸਤੇ ਕੀਤੀ ਗਈ। ਦੋਵੇਂ ਹਥਿਆਰ ਕਾਨੂੰਨੀ ਤੌਰ ’ਤੇ ਖਰੀਦੇ ਗਏ ਸਨ।