ਅਮਰੀਕਾ ਵਿਚ ਬਰਫ਼ੀਲੇ ਤੂਫਾਨ ਕਾਰਨ 6 ਕਰੋੜ ਲੋਕ ਪ੍ਰਭਾਵਤ
ਅਮਰੀਕਾ ਵਿਚ ਬਰਫ਼ੀਲਾ ਤੂਫਾਨ ਕਹਿਰ ਢਾਹ ਰਿਹਾ ਹੈ ਅਤੇ 6 ਕਰੋੜ ਤੋਂ ਵੱਧ ਲੋਕ ਸਿੱਧੇ ਤੌਰ ’ਤੇ ਤੂਫ਼ਾਨ ਦੀ ਮਾਰ ਹੇਠ ਦੱਸੇ ਜਾ ਰਹੇ ਹਨ।;
ਨਿਊ ਯਾਰਕ : ਅਮਰੀਕਾ ਵਿਚ ਬਰਫ਼ੀਲਾ ਤੂਫਾਨ ਕਹਿਰ ਢਾਹ ਰਿਹਾ ਹੈ ਅਤੇ 6 ਕਰੋੜ ਤੋਂ ਵੱਧ ਲੋਕ ਸਿੱਧੇ ਤੌਰ ’ਤੇ ਤੂਫ਼ਾਨ ਦੀ ਮਾਰ ਹੇਠ ਦੱਸੇ ਜਾ ਰਹੇ ਹਨ। ਕੈਂਟਕੀ, ਵਰਜੀਨੀਆ, ਵੈਸਟ ਵਰਜੀਨੀਆ, ਕੈਨਸਸ, ਅਰਕੰਸਾ, ਮਿਜ਼ੂਰੀ ਅਤੇ ਨਿਊ ਜਰਸੀ ਦੇ ਕਈ ਇਲਾਕਿਆਂ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਜਿਥੇ 15 ਇੰਚ ਤੱਕ ਬਰਫ਼ ਡਿੱਗ ਸਕਦੀ ਹੈ। ਹਾਈਵੇਜ਼ ’ਤੇ ਬਰਫ਼ ਦੀ ਚਾਦਰ ਵਿਛ ਚੁੱਕੀ ਹੈ ਅਤੇ ਇਲੀਨੌਇ ਤੇ ਨੇਬਰਾਸਕਾ ਵਿਚ ਵੱਡੇ ਹਾਦਸੇ ਹੋਣ ਦੀ ਰਿਪੋਰਟ ਹੈ।
ਬਰਫ਼ਬਾਰੀ ਦਾ ਰਿਕਾਰਡ ਟੁੱਟਣ ਦੇ ਆਸਾਰ
ਮੌਸਮ ਵਿਗਿਆਨ ਦੇ ਮਾਹਰਾਂ ਮੁਤਾਬਕ ਪੋਲਰ ਵੌਰਟੈਕਸ ਕਾਰਨ ਬਰਫ਼ੀਲੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਬਗੈਰ ਤਿਆਰੀ ਤੋਂ ਘਰਾਂ ਤੋਂ ਬਾਹਰ ਨਿਕਲਣਾ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਪ੍ਰਭਾਵਤ ਰਾਜਾਂ ਦੇ ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ ’ਤੇ ਹੀ ਘਰੋਂ ਬਾਹਰ ਆਉਣ ਦਾ ਸੁਝਾਅ ਦਿਤਾ ਗਿਆ ਹੈ। ਉਧਰ ਸ਼ਿਕਾਗੋ ਤੋਂ ਨਿਊ ਯਾਰਕ ਅਤੇ ਸੇਂਟ ਲੂਈਸ ਜਾਣ ਵਾਲੀਆਂ ਸਾਰੀਆਂ ਫਲਾਈਟਸ ਅਤੇ ਰੇਲਗੱਡੀਆਂ ਰੱਦ ਕਰ ਦਿਤੀਆਂ ਗਈਆਂ। ਕੈਂਟਕੀ ਸੂਬੇ ਵਿਚ ਬਰਫ਼ਬਾਰੀ ਦਾ ਨਵਾਂ ਰਿਕਾਰਡ ਬਣ ਚੁੱਕਾ ਹੈ ਅਤੇ ਕੁਝ ਇਲਾਕਿਆਂ ਵਿਚ 10 ਇੰਚ ਤੋਂ ਵੱਧ ਬਰਫ਼ਬਾਰੀ ਹੋ ਚੁੱਕੀ ਹੈ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਅਮਰੀਕਾ ਦੇ ਕੇਂਦਰੀ ਰਾਜਾਂ ਵਿਚ ਬਰਫ਼ਬਾਰੀ ਦਾ ਨਵਾਂ ਰਿਕਾਰਡ ਬਣ ਸਕਦਾ ਹੈ। ਇਲੀਨੌਇ ਦੀ ਪਿਓਰੀਆ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਸੜਕਾਂ ’ਤੇ ਕਈ ਹਾਦਸੇ ਵਾਪਰੇ ਅਤੇ ਐਮਰਜੰਸੀ ਕਾਮਿਆਂ ਵੱਲੋਂ ਮੌਕੇ ’ਤੇ ਪੁੱਜ ਕੇ ਸਹਾਇਤਾ ਮੁਹੱਈਆ ਕਰਵਾਈ ਗਈ। ਇਥੇ ਦਸਣਾ ਬਣਦਾ ਹੈ ਕਿ ਆਮ ਤੌਰ ’ਤੇ ਬਰਫ਼ੀਲੇ ਤੂਫ਼ਾਨ ਤੋਂ ਮੁਕਤ ਰਹਿਣ ਵਾਲੇ ਫਲੋਰੀਡਾ ਦੇ ਕਈ ਇਲਾਕਿਆਂ ਵਿਚ ਵੀ ਬਰਫ਼ਬਾਰੀ ਹੋ ਰਹੀ ਹੈ।
ਹਾਈਵੇਜ਼ ’ਤੇ ਦਰਜਨਾਂ ਹਾਦਸੇ, ਕਈ ਜ਼ਖਮੀ
ਪੋਲਰ ਵੌਰਟੈਕਸ ਦਾ ਅਸਰ ਅਮਰੀਕਾ ਦੇ 30 ਰਾਜਾਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ। ਪੌਣ ਪਾਣੀ ਵਿਚ ਹੋ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਆਰਕਟਿਕ ਖੇਤਰ ਤੇਜ਼ੀ ਨਾਲ ਗਰਮ ਹੋ ਰਿਹਾ ਹੈ ਅਤੇ ਪੋਲਰ ਵੌਰਟੈਕਸ ਦਾ ਘੇਰਾ ਦੱਖਣ ਵੱਲ ਵਧਦਾ ਜਾ ਰਿਹਾ ਹੈ। ਇੰਡਿਆਨਾ ਸੂਬੇ ਵਿਚ ਹਾਲਾਤ ਐਨੇ ਖਰਾਬ ਦੱਸੇ ਜਾ ਰਹੇ ਹਨ ਕਿ ਸੜਕਾਂ ਤੋਂ ਬਰਫ਼ ਹਟਾਉਣ ਤੋਂ ਅੱਧੇ ਘੰਟੇ ਬਾਅਦ ਹਾਲਾਤ ਜਿਉਂ ਦੇ ਤਿਉਂ ਬਣ ਗਏ। ਦੱਸ ਦੇਈਏ ਕਿ ਕੈਨੇਡੀਅਨ ਬਾਰਡਰ ਨੇੜੇ ਮਿਨੇਸੋਟਾ ਸੂਬੇ ਵਿਚ ਇੰਟਰਨੈਸ਼ਨਲ ਫ਼ਾਲਜ਼ ’ਤੇ ਤਾਪਮਾਨ ਮਨਫ਼ੀ 11 ਡਿਗਰੀ ਦਰਜ ਕੀਤਾ ਗਿਆ ਅਤੇ ਮੈਰੀਲੈਂਡ ਸੂਬੇ ਦੇ ਐਨਾਪੌਲਿਸ ਸਵਿਖੇ 12 ਇੰਚ ਤੱਕ ਬਰਫ਼ ਡਿੱਗਣ ਦੀ ਪੇਸ਼ੀਨਗੋਈ ਕੀਤੀ ਗਈ ਹੈ।