ਆਇਰਲੈਂਡ ਵਿਚ 6 ਸਾਲ ਦੀ ਬੱਚੀ ’ਤੇ ਨਸਲੀ ਹਮਲਾ
ਭਾਰਤੀ ਪਰਵਾਰਾਂ ਦਾ ਆਇਰਲੈਂਡ ਵਿਚ ਰਹਿਣਾ ਔਖਾ ਹੋ ਗਿਆ ਹੈ ਜਿਥੇ 6 ਸਾਲ ਦੀ ਬੱਚੀ ਨੂੰ ਵੀ ‘ਗੋ ਬੈਕ ਟੂ ਇੰਡੀਆ’ ਵਰਗੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਡਬਲਿਨ : ਭਾਰਤੀ ਪਰਵਾਰਾਂ ਦਾ ਆਇਰਲੈਂਡ ਵਿਚ ਰਹਿਣਾ ਔਖਾ ਹੋ ਗਿਆ ਹੈ ਜਿਥੇ 6 ਸਾਲ ਦੀ ਬੱਚੀ ਨੂੰ ਵੀ ‘ਗੋ ਬੈਕ ਟੂ ਇੰਡੀਆ’ ਵਰਗੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਤੋਂ ਕੁਝ ਸਾਲ ਵੱਡੇ ਬੱਚੇ ਉਸ ਦੀ ਕੁੱਟਮਾਰ ਕਰ ਰਹੇ ਹਨ। ਵਾਟਰਫਰਡ ਸ਼ਹਿਰ ਵਿਚ ਰਹਿੰਦੇ ਭਾਰਤੀ ਪਰਵਾਰ ਨੇ ਹੈਰਾਨਕੁੰਨ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਜਦੋਂ 12 ਤੋਂ 14 ਸਾਲ ਉਮਰ ਵਾਲੇ ਮੁੰਡਿਆਂ ਦਾ ਇਕ ਗਿਰੋਹ ਉਥੇ ਪੁੱਜ ਗਿਆ ਜਿਨ੍ਹਾਂ ਵਿਚ 8 ਸਾਲ ਦੀ ਇਕ ਕੁੜੀ ਵੀ ਸ਼ਾਮਲ ਸੀ। ਮੁੰਡਿਆਂ ਨੇ ਬੱਚੀ ਨੂੰ ਸਾਈਕਲ ਨਾਲ ਟੱਕਰ ਮਾਰੀ ਅਤੇ ਅਤੇ ਉਸ ਦੇ ਚਿਹਰੇ ਅਤੇ ਧੌਣ ’ਤੇ ਘਸੁੰਨ ਮਾਰਨ ਲੱਗੇ। ਅਚਨਚੇਤ ਹੋਏ ਇਸ ਹਮਲੇ ਕਾਰਨ ਬੱਚੀ ਬੌਂਦਲ ਗਈ ਅਤੇ ਦੌੜ ਕੇ ਘਰ ਅੰਦਰ ਦਾਖਲ ਹੋਣ ਦਾ ਯਤਨ ਕੀਤਾ।
ਬੇਰਹਿਮੀ ਨਾਲ ਕੁੱਟਿਆ, ਭਾਰਤ ਵਾਪਸ ਜਾਣ ਦੇ ਮਿਹਣੇ ਦਿਤੇ
ਇਸੇ ਦੌਰਾਨ ਹਮਲਾਵਰਾਂ ਨੇ ਉਸ ‘ਡਰਟੀ ਇੰਡੀਅਨ, ਗੋ ਬੈਕ ਟੂ ਇੰਡੀਆ’ ਵਰਗੇ ਸ਼ਬਦ ਬੋਲੇ ਅਤੇ ਉਥੋਂ ਫਰਾਰ ਹੋ ਗਏ। ਬੱਚੀ ਦੀ ਮਾਂ ਪੇਸ਼ੇ ਵਜੋਂ ਨਰਸ ਹੈ ਅਤੇ ਹਾਲ ਹੀ ਵਿਚ ਉਨ੍ਹਾਂ ਨੂੰ ਆਇਰਲੈਂਡ ਦੀ ਸਿਟੀਜ਼ਨਸ਼ਿਪ ਹਾਸਲ ਹੋਈ। ਇਹ ਭਾਰਤੀ ਪਰਵਾਰ ਇਸ ਸਾਲ ਜਨਵਰੀ ਵਿਚ ਹੀ ਵਾਟਰਫਰਡ ਸ਼ਹਿਰ ਆ ਕੇ ਵਸਿਆ ਅਤੇ ਤਾਜ਼ਾ ਵਾਰਦਾਤ ਮਗਰੋਂ ਸਹਿਮ ਦਾ ਮਾਹੌਲ ਹੈ। ਪਰਵਾਰ ਮੁਤਾਬਕ ਬੱਚੀ ਬੇਹੱਦ ਘਬਰਾਈ ਹੋਈ ਹੈ ਅਤੇ ਹੁਣ ਘਰ ਦੇ ਬਾਹਰ ਬੱਚਿਆਂ ਨਾਲ ਖੇਡਣ ਦੀ ਹਿੰਮਤ ਵੀ ਨਹੀਂ ਕਰਦੀ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਪਰਵਾਰ ਨੇ ਕਿਹਾ ਕਿ ਉਹ ਆਪਣੇ ਹੀ ਘਰ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਭਾਰਤੀ ਪਰਵਾਰ ਵੱਲੋਂ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਸ਼ੱਕੀਆਂ ਦੀ ਉਮਰ ਘੱਟ ਹੋਣ ਕਾਰਨ ਗੰਭੀਰ ਦੋਸ਼ ਆਇਦ ਨਹੀਂ ਕੀਤੇ ਗਏ। ਪੁਲਿਸ ਨੇ ਕਿਹਾ ਕਿ ਅੱਲ੍ਹੜ ਮੁੰਡਿਆਂ ਨੂੰ ਕੌਂਸÇਲੰਗ ਰਾਹੀਂ ਸਮਝਾਇਆ ਜਾਵੇਗਾ। ਉਧਰ ਬੱਚੀ ਦੀ ਮਾਂ ਨੇ ਆਇਰਲੈਂਡ ਸਰਕਾਰ ਨੂੰ ਸਮੱਸਿਆ ਦਾ ਕਾਰਗਰ ਹੱਲ ਲੱਭਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀ ਘਾਟ ਹੋਣ ਕਰ ਕੇ ਉਹ ਇਥੇ ਆਏ ਹਨ ਅਤੇ ਵਿਦਿਅਕ ਯੋਗਤਾ ਜਾਂ ਤਜਰਬੇ ਵਿਚ ਕੋਈ ਕਮੀ ਨਹੀਂ ਪਰ ਨਵਾਂ ਸ਼ੁਰੂ ਹੋਇਆ ਰੁਝਾਨ ਭਾਰਤੀ ਪਰਵਾਰਾਂ ਲਈ ਸੁਰੱਖਿਆ ਚਿੰਤਾਵਾਂ ਪੈਦਾ ਕਰ ਰਿਹਾ ਹੈ।
ਉਮਰ ਘੱਟ ਹੋਣ ਕਰ ਕੇ ਪੁਲਿਸ ਨੇ ਹਮਲਾਵਰਾਂ ਵਿਰੁੱਧ ਨਾ ਕੀਤੀ ਕਾਰਵਾਈ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਡਬਲਿਨ ਵਿਖੇ ਇਕ ਪੰਜਾਬੀ ਟੈਕਸੀ ਡਰਾਈਵਰ ਨਸਲੀ ਹਮਲੇ ਦਾ ਨਿਸ਼ਾਨਾ ਬਣਿਆ। ਹਮਲਾਵਰਾਂ ਨੇ ਸਿਰ ਵਿਚ ਬੋਤਲਾਂ ਮਾਰ ਕੇ ਲਖਵੀਰ ਸਿੰਘ ਨੂੰ ਲਹੁ-ਲੁਹਾਣ ਕਰ ਦਿਤਾ। ਲਖਵੀਰ ਸਿੰਘ 23 ਸਾਲ ਤੋਂ ਆਇਰਲੈਂਡ ਵਿਚ ਰਹਿ ਰਿਹਾ ਹੈ ਪਰ ਪਹਿਲਾਂ ਕਦੇ ਅਜਿਹੀ ਸਮੱਸਿਆ ਦਾ ਟਾਕਰਾ ਨਹੀਂ ਕਰਨਾ ਪਿਆ। ਇਸ ਤੋਂ ਇਲਾਵਾ ਸੰਤੋਸ਼ ਯਾਦਵ ਨਾਂ ਦੇ ਇਕ ਭਾਰਤੀ ਵਿਗਿਆਨੀ ਉਤੇ ਵੀ ਹਮਲਾ ਹੋ ਚੁੱਕਾ ਹੈ ਅਤੇ ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਭਾਰਤੀ ਅੰਬੈਸੀ ਵੱਲੋਂ ਇਕ ਐਮਰਜੰਸੀ ਨੰਬਰ 08994 23734 ਜਾਰੀ ਕਰਦਿਆਂ ਹੰਗਾਮੀ ਹਾਲਾਤ ਵਿਚ ਇਸ ਰਾਹੀਂ ਸੰਪਰਕ ਕਰਨ ਦਾ ਸੁਝਾਅ ਦਿਤਾ ਗਿਆ ਹੈ।