ਅਮਰੀਕਾ ਤੋਂ ਜਹਾਜ਼ ਚੜ੍ਹੇ 300 ਮੁਸਾਫ਼ਰਾਂ ਨਾਲ ਜੱਗੋਂ ਤੇਰਵੀਂ

ਅਮਰੀਕਾ ਦੇ ਲੌਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਏ 300 ਮੁਸਾਫ਼ਰਾਂ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ 13 ਘੰਟੇ ਦਾ ਸਫ਼ਰ 29 ਘੰਟੇ ਵਿਚ ਖਤਮ ਹੋਵੇਗਾ

Update: 2025-08-07 12:17 GMT

ਹਾਂਗਕਾਂਗ : ਅਮਰੀਕਾ ਦੇ ਲੌਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਏ 300 ਮੁਸਾਫ਼ਰਾਂ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ 13 ਘੰਟੇ ਦਾ ਸਫ਼ਰ 29 ਘੰਟੇ ਵਿਚ ਖਤਮ ਹੋਵੇਗਾ ਅਤੇ ਇੰਮੀਗ੍ਰੇਸ਼ਨ ਸਮੱਸਿਆਵਾਂ ਵੱਖਰੇ ਤੌਰ ’ਤੇ ਬਰਦਾਸ਼ਤ ਕਰਨੀਆਂ ਪੈਣਗੀਆਂ। ਦੁਨੀਆਂ ਦੇ ਐਵੀਏਸ਼ਨ ਇਤਿਹਾਸ ਵਿਚ ਕੈਥੇਅ ਪੈਸੇਫਿਕ ਦੀ ਫਲਾਈਟ ਸੀ.ਐਕਸ. 883 ਨੂੰ ਸਭ ਤੋਂ ਲੰਮੀ ਫਲਾਈਟ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਫਲਾਈਟ ਦੌਰਾਨ ਸਭ ਕੁਝ ਠੀਕ-ਠਾਕ ਰਿਹਾ ਪਰ ਹਾਂਗਕਾਂਗ ਹਵਾਈ ਅੱਡਾ ਕਾਲੇ ਤੂਫਾਨ ਵਿਚ ਘਿਰਿਆ ਹੋਣ ਕਰ ਕੇ ਜਹਾਜ਼ ਨੂੰ ਲੈਂਡ ਨਾ ਕਰਵਾਇਆ ਜਾ ਸਕਿਆ।

29 ਘੰਟੇ ਜਹਾਜ਼ ਵਿਚ ਲੰਘਾਉਣੇ ਪਏ

1884 ਤੋਂ ਬਾਅਦ ਹਾਂਗਕਾਂਗ ਵਿਚ ਪਹਿਲੀ ਵਾਰ ਐਨਾ ਮੀਂਹ ਪਿਆ ਕਿ ਸਭ ਕੁਝ ਠੱਪ ਹੋ ਕੇ ਰਹਿ ਗਿਆ ਅਤੇ ਅਮਰੀਕਾ ਤੋਂ ਆਈ ਫਲਾਈਟ ਨੂੰ ਤਾਇਵਾਨ ਭੇਜਣਾ ਪਿਆ। ਤਾਇਵਾਨ ਵਿਚ ਜਹਾਜ਼ ਤਾਂ ਲੈਂਡ ਹੋ ਗਿਆ ਪਰ ਮੁਸਾਫ਼ਰਾਂ ਦੀਆਂ ਮੁਸ਼ਕਲਾਂ ਵੀ ਇਥੋਂ ਹੀ ਸ਼ੁਰੂ ਹੋਈਆਂ ਜਿਨ੍ਹਾਂ ਨੂੰ 11 ਘੰਟੇ ਤੱਕ ਜਹਾਜ਼ ਵਿਚ ਤਾੜ ਕੇ ਰੱਖਿਆ ਗਿਆ। ਦਲੀਲ ਇਹ ਦਿਤੀ ਗਈ ਕਿ ਕੌਮਾਂਤਰੀ ਕਾਨੂੰਨ ਅਤੇ ਇੰਮੀਗ੍ਰੇਸ਼ਨ ਬੰਦਿਸ਼ਾਂ ਦੇ ਚਲਦਿਆਂ ਮੁਸਾਫ਼ਰਾਂ ਨੂੰ ਹਵਾਈ ਅੱਡੇ ’ਤੇ ਨਹੀਂ ਉਤਾਰਿਆ ਜਾ ਸਕਦਾ। ਜਹਾਜ਼ ਵਿਚ ਮੁਸਾਫ਼ਰਾਂ ਵਾਸਤੇ ਲੋੜੀਂਦਾ ਖਾਣਾ ਮੌਜੂਦ ਨਹੀਂ ਸੀ ਅਤੇ ਤਾਜ਼ੀ ਹਵਾ ਦੀ ਅਣਹੋਂਦ ਵਿਚ ਮੁਸਾਫ਼ਰਾਂ ਦਾ ਗੁੱਸਾ ਵਧਦਾ ਜਾ ਰਿਹਾ ਸੀ। ਜਹਾਜ਼ ਵਿਚ ਸਵਾਰ ਮੁਸਾਫ਼ਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਕੌਮਾਂਤਰੀ ਕਾਨੂੰਨਾਂ ਦੀ ਨਿਖੇਧੀ ਕੀਤੀ ਗਈ ਕਿਉਂਕਿ ਕਾਨੂੰਨ ਤਹਿਤ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਤਾਂ ਮਿਲ ਗਈ ਪਰ ਮੁਸਾਫ਼ਰਾਂ ਨੇ ਧਰਤੀ ’ਤੇ ਕਦਮ ਰੱਖਣ ਤੋਂ ਰੋਕ ਦਿਤਾ ਗਿਆ। ਕੁਝ ਲੋਕਾਂ ਨੇ ਬੀਮਾ ਬੰਦਿਸ਼ਾਂ ਵੱਲ ਇਸ਼ਾਰਾ ਕੀਤਾ ਅਤੇ ਇਹ ਵੀ ਕਿ ਕੈਥੇਅ ਪੈਸੇਫਿਕ ਏਅਰਲਾਈਨਜ਼ ਨੇ ਮੁਸਾਫ਼ਰਾਂ ਨੂੰ ਤਾਇਵਾਨੀ ਕਸਟਮਜ਼ ਰਾਹੀਂ ਲੰਘਾਉਣ ਵਿਚ ਝਿਜਕ ਦਿਖਾਈ।

ਦੁਨੀਆਂ ਦੀ ਸਭ ਤੋਂ ਲੰਮੀ ਫਲਾਈਟ ਦਾ ਬਣਿਆ ਰਿਕਾਰਡ

ਮੁਸਾਫ਼ਰਾਂ ਦੇ ਨਾਲ ਨਾਲ ਜਹਾਜ਼ ਦੇ ਕਰੂ ਮੈਂਬਰਜ਼ ਵੀ ਅੱਕ ਅਤੇ ਥੱਕ ਚੁੱਕੇ ਸਨ ਅਤੇ ਖਾਣੇ ਜਾਂ ਡ੍ਰਿੰਕਸ ਦੀ ਮੰਗ ਪੂਰੀ ਕਰਨੀ ਸੰਭਵ ਨਹੀਂ ਸੀ। ਆਖਰਕਾਰ ਜਹਾਜ਼ ਦੇ ਪਾਇਲਟ ਤੇ ਕਰੂ ਮੈਂਬਰਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿਤੀ ਗਈ ਤਾਂਕਿ ਹਾਂਗਕਾਂਗ ਵੱਲ ਮੁੜ ਸਫ਼ਰ ਸ਼ੁਰੂ ਕੀਤਾ ਜਾ ਸਕੇ। ਅਮਰੀਕਾ ਤੋਂ 4 ਅਗਸਤ ਨੂੰ ਵੱਡੇ ਤੜਕੇ ਤਕਰੀਬਨ ਇਕ ਵਜੇ ਰਵਾਨਾ ਹੋਇਆ ਜਹਾਜ਼ 5 ਅਗਸਤ ਨੂੰ ਸ਼ਾਮ ਤਕਰੀਬਨ ਸਵਾ ਸੱਤ ਵਜੇ ਹਾਂਗਕਾਂਗ ਹਵਾਈ ਅੱਡੇ ’ਤੇ ਪੁੱਜਾ ਅਤੇ ਮੁਸਾਫ਼ਰਾਂ ਨੂੰ ਜੇਲ ਵਿਚੋਂ ਬਾਹਰ ਆਉਣ ਦਾ ਮੌਕਾ ਮਿਲ ਸਕਿਆ। ਕੈਥੇਅ ਪੈਸੇਫਿਕ ਵੱਲੋਂ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਐਵੀਏਸ਼ਨ ਸੈਕਟਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਮੌਸਮੀ ਖਰਾਬੀ ਕਿਸੇ ਦੇ ਵਸ ਵਿਚ ਨਹੀਂ ਜਿਸ ਨੂੰ ਵੇਖਦਿਆਂ ਕੌਮਾਂਤਰੀ ਕਾਨੂੰਨਾਂ ਵਿਚ ਸੋਧ ਕੀਤੀ ਜਾਣੀ ਲਾਜ਼ਮੀ ਹੈ।

Tags:    

Similar News