ਤਨਖਾਹ ਨਾ ਮਿਲਣ ਤੋਂ ਤੰਗ 3 ਭਾਰਤੀ ਓਮਾਨ ਤੋਂ ਹੋਏ ਫ਼ਰਾਰ

ਓਮਾਨ ਵਿਚ ਕੰਮ ਕਰ ਰਹੇ ਤਿੰਨ ਭਾਰਤੀ ਤਨਖਾਹ ਨਾ ਮਿਲਣ ਕਾਰਨ ਐਨੇ ਤੰਗ ਹੋ ਗਏ ਕਿ ਉਥੋਂ ਫਰਾਰ ਹੋਣ ਦਾ ਫੈਸਲਾ ਕਰ ਲਿਆ ਅਤੇ ਇਕ ਕਿਸ਼ਤੀ ਚੋਰੀ ਕਰ ਕੇ ਭਾਰਤ ਵੱਲ ਸਫ਼ਰ ਆਰੰਭ ਦਿਤਾ।;

Update: 2025-02-27 13:14 GMT

ਬੰਗਲੌਰ : ਓਮਾਨ ਵਿਚ ਕੰਮ ਕਰ ਰਹੇ ਤਿੰਨ ਭਾਰਤੀ ਤਨਖਾਹ ਨਾ ਮਿਲਣ ਕਾਰਨ ਐਨੇ ਤੰਗ ਹੋ ਗਏ ਕਿ ਉਥੋਂ ਫਰਾਰ ਹੋਣ ਦਾ ਫੈਸਲਾ ਕਰ ਲਿਆ ਅਤੇ ਇਕ ਕਿਸ਼ਤੀ ਚੋਰੀ ਕਰ ਕੇ ਭਾਰਤ ਵੱਲ ਸਫ਼ਰ ਆਰੰਭ ਦਿਤਾ। ਤਿੰਨ ਹਜ਼ਾਰ ਕਿਲੋਮੀਟਰ ਦਾ ਸਫ਼ਰ ਸੁੱਖ-ਸਾਂਦ ਨਾਲ ਤੈਅ ਹੋ ਗਿਆ ਪਰ ਭਾਰਤੀ ਕੋਸਟ ਗਾਰਡਜ਼ ਨੇ ਸ਼ੱਕੀ ਮੰਨਦਿਆਂ ਫੜ ਕੇ ਜੇਲ ਵਿਚ ਡੱਕ ਦਿਤਾ। ਤਿੰਨੋ ਜਣਿਆਂ ਨੂੰ ਕਰਨਾਟਕ ਦੇ ਉਡੂਪੀ ਜ਼ਿਲ੍ਹੇ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਜੱਜ ਨੇ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਦੇ ਦਿਤੇ। ਤਾਮਿਲਨਾਡੂ ਨਾਲ ਸਬੰਧਤ ਤਿੰਨੋ ਭਾਰਤੀ ਨਾਗਰਿਕ ਓਮਾਨ ਦੀ ਇਕ ਫਿਸ਼ਿੰਗ ਕੰਪਨੀ ਵਿਚ ਕੰਮ ਕਰਦੇ ਸਨ ਜਿਥੇ ਬੰਧੂਆ ਮਜ਼ਦੂਰਾਂ ਵਾਂਗ ਕੰਮ ਲਿਆ ਜਾਂਦਾ ਅਤੇ ਤਨਖਾਹ ਦੇ ਨਾਂ ’ਤੇ ਕੁਝ ਨਹੀਂ ਸੀ ਮਿਲ ਰਿਹਾ।

ਚੋਰੀ ਦੀ ਕਿਸ਼ਤੀ ਵਿਚ 3 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ

ਅਜਿਹੇ ਵਿਚ ਤਿੰਨੋ ਜਣਿਆਂ ਨੇ ਭਾਰਤ ਪਰਤਣ ਦਾ ਮਨ ਬਣਾ ਲਿਆ ਪਰ ਇਨ੍ਹਾਂ ਦੇ ਪਾਸਪੋਰਟ ਓਮਾਨ ਦੀ ਕੰਪਨੀ ਕੋਲ ਸਨ ਅਤੇ ਹਵਾਈ ਰਸਤੇ ਸਫ਼ਰ ਕਰਨਾ ਸੰਭਵ ਨਹੀਂ ਸੀ ਜਿਸ ਮਗਰੋਂ ਇਨ੍ਹਾਂ ਨੇ ਸਮੁੰਦਰੀ ਰਸਤੇ ਸਫ਼ਰ ਕਰਨ ਦਾ ਫੈਸਲਾ ਕੀਤਾ। ਮੱਛੀਆਂ ਫੜਨ ਲਈ ਵਰਤੀ ਜਾਂਦੀ ਇਕ ਕਿਸ਼ਤੀ ਲੈ ਕੇ ਤਿੰਨੋ ਜਣੇ 17 ਫ਼ਰਵਰੀ ਨੂੰ ਓਮਾਨ ਦੀ ਦੁਕਮ ਬੰਦਰਗਾਹ ਤੋਂ ਲੰਮੇ ਸਫਰ ’ਤੇ ਰਵਾਨਾ ਹੋ ਗਏ। 6 ਦਿਨ ਦਾ ਸਫ਼ਰ ਤੈਅ ਕਰਦਿਆਂ 23 ਫਰਵਰੀ ਨੂੰ ਉਡੂਪੀ ਦੇ ਸੇਂਟ ਮੈਰੀ ਆਇਲੈਂਡ ’ਤੇ ਪੁੱਜੇ ਤਾਂ ਇਕ ਮਛੇਰੇ ਨਾਲ ਓਮਾਨ ਦੀ ਕਿਸ਼ਤੀ ਦੇਖਦਿਆਂ ਹੀ ਕੋਸਟ ਗਾਰਡਜ਼ ਨੂੰ ਇਤਲਾਹ ਦੇ ਦਿਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਜੀ.ਪੀ.ਐਸ. ਦੀ ਮਦਦ ਨਾਲ ਓਮਾਨ ਤੋਂ ਭਾਰਤ ਤੱਕ ਦਾ ਸਫ਼ਰ ਤੈਅ ਕੀਤਾ ਗਿਆ। ਇਨ੍ਹਾਂ ਵਿਰੁੱਧ ਭਾਰਤੀ ਸਮੁੰਦਰੀ ਐਕਟ 1981 ਦੀ ਧਾਰਾ 10, 11 ਅਤੇ 12 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Tags:    

Similar News