ਕਿਸ਼ਤੀ ਪਲਟਣ ਕਾਰਨ 3 ਭਾਰਤੀਆਂ ਦੀ ਮੌਤ, 5 ਲਾਪਤਾ

ਅਫ਼ਰੀਕਾ ਮਹਾਂਦੀਪ ਦੇ ਮੁਲਕ ਮੌਜ਼ਮਬੀਕ ਨੇੜੇ ਕਿਸ਼ਤੀ ਪਲਟਣ ਕਾਰਨ ਘੱਟੋ ਘੱਟ 3 ਭਾਰਤੀਆਂ ਦੀ ਮੌਤ ਹੋ ਗਈ ਅਤੇ 5 ਲਾਪਤਾ ਦੱਸੇ ਜਾ ਰਹੇ ਹਨ

Update: 2025-10-18 11:12 GMT

ਨਵੀਂ ਦਿੱਲੀ : ਅਫ਼ਰੀਕਾ ਮਹਾਂਦੀਪ ਦੇ ਮੁਲਕ ਮੌਜ਼ਮਬੀਕ ਨੇੜੇ ਕਿਸ਼ਤੀ ਪਲਟਣ ਕਾਰਨ ਘੱਟੋ ਘੱਟ 3 ਭਾਰਤੀਆਂ ਦੀ ਮੌਤ ਹੋ ਗਈ ਅਤੇ 5 ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ਵਿਚ 14 ਭਾਰਤੀ ਸਵਾਰ ਸਨ ਅਤੇ ਬੇਈਰਾ ਬੰਦਰਗਾਹ ਨੇੜੇ ਇਕ ਟੈਂਕਰ ਦੇ ਕਰੂ ਮੈਂਬਰਜ਼ ਨੂੰ ਧਰਤੀ ਤੋਂ ਜਹਾਜ਼ ਤੱਕ ਲਿਜਾਣ ਦੀ ਪ੍ਰਕਿਰਿਆ ਦੌਰਾਨ ਹਾਦਸਾ ਵਾਪਰਿਆ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ 6 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਦਕਿ ਲਾਪਤਾ ਭਾਰਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਈ ਕਮਿਸ਼ਨ ਦਾ ਇਕ ਕੌਂਸਲਰ ਅਫ਼ਸਰ ਬੇਈਰਾ ਵਿਖੇ ਮੌਜੂਦ ਹੈ ਜਿਸ ਨੇ ਦੱਸਿਆ ਕਿ ਪਾਣੀ ਵਿਚੋਂ ਕੱਢੇ ਭਾਰਤੀ ਨਾਗਰਿਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੌਜ਼ਮਬੀਕ ਦੀ ਬੰਦਰਗਾਹ ਨੇੜੇ ਵਾਪਰਿਆ ਹਾਦਸਾ

ਹਾਈ ਕਮਿਸ਼ਨ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਭਾਰਤੀ ਨਾਗਰਿਕਾਂ ਦੀਆਂ ਦੇਹਾਂ ਲਿਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਕਰਨਾਲ ਸ਼ਹਿਰ ਨਾਲ ਸਬੰਧਤ ਨੌਜਵਾਨ ਨੂੰ ਕੰਬੋਡੀਆ ਵਿਚ ਬੰਦੀ ਬਣਾਏ ਜਾਣ ਦੀ ਰਿਪੋਰਟ ਹੈ। ਟਰੈਵਲ ਏਜੰਟਾਂ ਨੇ ਨੌਜਵਾਨ ਨੌਕਰੀ ਦਾ ਲਾਲਚ ਦੇ ਕੇ ਕੰਬੋਡੀਆ ਸੱਦਿਆ ਅਤੇ 3,500 ਡਾਲਰ ਵਿਚ ਇਕ ਕੰਪਨੀ ਨੂੰ ਵੇਚ ਦਿਤਾ। ਹੁਣ ਕੰਪਨੀ ਵਾਲੇ ਉਸ ਦੀ ਰਿਹਾਈ ਲਈ 5 ਹਜ਼ਾਰ ਡਾਲਰ ਦੀ ਮੰਗ ਕਰ ਰਹੇ ਹਨ। ਨੌਜਵਾਨ ਦੀ ਸ਼ਨਾਖਤ ਧਰਮਵੀਰ ਵਜੋਂ ਕੀਤੀ ਗਈ ਹੈ ਜਿਸ ਦੀ ਬਜ਼ੁਰਗ ਮਾਂ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਹੀ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ।

ਹਰਿਆਣਾ ਦਾ ਨੌਜਵਾਨ ਕੰਬੋਡੀਆ ਵਿਚ ਬੰਦੀ ਬਣਾਇਆ

ਹੁਣ ਉਸ ਦੀ ਰਿਹਾਈ ਵਾਸਤੇ ਸਾਢੇ ਚਾਰ ਲੱਖ ਰੁਪਏ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ। ਕਰਨਾਲ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਧਰਵੀਰ ਤੋਂ ਨਾਜਾਇਜ਼ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਜਦੋਂ ਉਸ ਨੇ ਅਸਲੀਅਤ ਪਤਾ ਲੱਗੀ ਤਾਂ ਉਸ ਨੇ ਕੰਮ ਕਰਨ ਤੋਂ ਨਾਂਹ ਕਰ ਦਿਤੀ। ਧਰਮਵੀਰ ਦੀ ਇਹ ਹਰਕਮ ਕੰਪਨੀ ਮਾਲਕ ਨੂੰ ਪਸੰਦ ਨਾ ਟਾਈ ਅਤੇ ਉਸ ਦੀ ਕੁੱਟਮਾਰ ਕਰਦਿਆਂ ਮੋਬਾਈਲ ਅਤੇ ਪਾਸਪੋਰਟ ਖੋਹ ਲਏ। ਪੁੱਤ ਦੀ ਰਿਹਾਈ ਵਾਸਤੇ ਦਰ-ਦਰ ਦੀਆਂ ਠੋਕਰਾਂ ਖਾ ਰਹੀ ਬਜ਼ੁਰਗ ਮਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਧਰਮਵੀਰ ਦੀ ਰਿਹਾਈ ਦਾ ਉਪਰਾਲੇ ਕੀਤੇ ਜਾਣ।

Tags:    

Similar News