ਭਾਰਤ ਵਿਚ ਮੈਟਾਨਿਊਮੋਵਾਇਰਸ ਦੇ 3 ਮਰੀਜ਼ ਆਏ ਸਾਹਮਣੇ

ਚੀਨ ਵਿਚ ਫੈਲੇ ਕੋਰੋਨਾ ਵਰਗੇ ਵਾਇਰਸ ਦੇ ਭਾਰਤ ਵਿਚ ਤਿੰਨ ਮਰੀਜ਼ ਸਾਹਮਣੇ ਆ ਚੁੱਕੇ ਹਨ।;

Update: 2025-01-06 13:45 GMT

ਬੰਗਲੌਰ, : ਚੀਨ ਵਿਚ ਫੈਲੇ ਕੋਰੋਨਾ ਵਰਗੇ ਵਾਇਰਸ ਦੇ ਭਾਰਤ ਵਿਚ ਤਿੰਨ ਮਰੀਜ਼ ਸਾਹਮਣੇ ਆ ਚੁੱਕੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮੁਤਾਬਕ ਕਰਨਾਟਕ ਵਿਚ 8 ਮਹੀਨੇ ਦਾ ਬੱਚਾ ਅਤੇ 3 ਮਹੀਨੇ ਦੀ ਬੱਚੀ ਹਿਊਮਨ ਮੈਟਾਨਿਊਮੋਵਾਇਰਸ ਤੋਂ ਪੀੜਤ ਮਿਲੇ ਜਦਕਿ ਗੁਜਰਾਤ ਵਿਚ ਦੋ ਮਹੀਨੇ ਦਾ ਬੱਚਾ ਵਾਇਰਸ ਦੀ ਲਪੇਟ ਵਿਚ ਹੈ। ਇਨ੍ਹਾਂ ਵਿਚੋਂ 3 ਮਹੀਨੇ ਦੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਜਦਕਿ 8 ਮਹੀਨੇ ਦਾ ਬੱਚਾ ਦਾ ਬੰਗਲੌਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਤਿੰਨੋ ਮਰੀਜ਼ ਕਦੇ ਵਿਦੇਸ਼ ਨਹੀਂ ਗਏ ਅਤੇ ਨਾ ਹੀ ਇਨ੍ਹਾਂ ਦੇ ਮਾਪਿਆਂ ਵੱਲੋਂ ਕੌਮਾਂਤਰੀ ਸਫ਼ਰ ਕੀਤੇ ਜਾਣ ਦੀ ਰਿਪੋਰਟ ਹੈ।

ਕਰਨਾਟਕ ਵਿਚ 8 ਸਾਲ ਦੀ ਬੱਚੀ ਅਤੇ 3 ਮਹੀਨੇ ਦੇ ਬੱਚੇ ਵਜੋਂ ਹੋਈ ਪਛਾਣ

ਗੁਜਰਾਤ ਦੇ ਔਰੇਂਜ ਹਸਪਤਾਲ ਦੇ ਡਾ. ਨੀਰਵ ਪਟੇਲ ਨੇ ਦੱਸਿਆ ਕਿ ਦੋ ਮਹੀਨੇ ਦੇ ਬੱਚੇ ਦੀ ਤਬੀਅਤ ਵਿਗੜਨ ਮਗਰੋਂ 15 ਦਿਨ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮੁਢਲੇ ਤੌਰ ’ਤੇ ਉਸ ਨੂੰ ਵੈਂਟੀਲੇਟਰ ’ਤੇ ਵੀ ਰੱਖਣਾ ਪਿਆ। ਇਸ ਮਗਰੋਂ ਵੱਖ ਵੱਖ ਟੈਸਟਾਂ ਦੌਰਾਨ ਬੱਚੇ ਦੇ ਐਚ.ਐਮ.ਪੀ.ਵੀ. ਨਾਲ ਪੀੜਤ ਹੋਣ ਬਾਰੇ ਪਤਾ ਲੱਗਾ। ਦੂਜੇ ਪਾਸੇ ਹਿਊਮਨ ਮੈਟਾਨਿਊਮੋਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਚੀਨ ਵਿਚ ਵਧਦੀ ਜਾ ਰਹੀ ਹੈ ਅਤੇ ਉਥੋਂ ਆਉਣ ਵਾਲੇ ਮੁਸਾਫ਼ਰਾਂ ਤੋਂ ਲਾਗ ਲੱਗਣ ਦਾ ਖਤਰਾ ਮੰਡਰਾਅ ਰਿਹਾ ਹੈ। ਕੋਰੋਨਾ ਦੇ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ ਅਤੇ ਫਲਾਈਟਸ ਬੰਦ ਕੀਤੇ ਜਾਣ ਦੇ ਬਾਵਜੂਦ ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਠ ਮਹੀਨੇ ਦੇ ਬੱਚੇ ਨੂੰ ਅਤੀਤ ਵਿਚ ਨਿਮੋਨੀਆ ਹੋਇਆ ਅਤੇ 3 ਜਨਵਰੀ ਨੂੰ ਹਿਊਮਨ ਮੈਟਾਨਿਊਮੋਵਾਇਰਸ ਦਾ ਟੈਸਟ ਵੀ ਪੌਜ਼ੇਟਿਵ ਆ ਗਿਆ। ਦੂਜੇ ਪਾਸੇ ਕਰਨਾਟਕ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੋਹਾਂ ਬੱਚਿਆਂ ਦੇ ਸੈਂਪਲ ਟੈਸਟ ਇਕ ਨਿਜੀ ਹਸਪਤਾਲ ਵਿਚ ਹੋਏ ਅਤੇ ਸਰਕਾਰੀ ਲੈਬ ਵਿਚ ਇਨ੍ਹਾਂ ਦੀ ਜਾਂਚ ਨਹੀਂ ਕਰਵਾਈ ਗਈ।

ਗੁਜਰਾਤ ਵਿਚ 2 ਮਹੀਨੇ ਦੇ ਬੱਚੇ ਨੂੰ ਵਾਇਰਸ ਦੀ ਲਾਗ

ਸਿਹਤ ਮਾਹਰਾਂ ਮੁਤਾਬਕ ਐਚ.ਐਮ.ਪੀ.ਵੀ. ਵਾਇਰਸ ਦੇ ਲੱਛਣ ਤਕਰੀਬਨ ਕੋਰੋਨਾ ਵਾਇਰਸ ਵਰਗੇ ਹੀ ਨਜ਼ਰ ਆਉਂਦੇ ਹਨ ਅਤੇ ਸਭ ਤੋਂ ਵੱਧ ਅਸਰ ਬੱਚਿਆਂ ’ਤੇ ਹੋ ਰਿਹਾ ਹੈ। ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਵਾਲੇ ਜਾਂ ਕਮਜ਼ੋਰ ਇਮਿਊਨਿਟੀ ਵਾਲੇ ਚੀਨ ਵਿਚ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਭਾਰਤ ਸਣੇ ਕਈ ਮੁਲਕਾਂ ਵਿਚ ਨਵਾਂ ਵਾਇਰਸ ਫੈਲਣ ਦੀ ਤਸਦੀਕ ਹੋ ਚੁੱਕੀ ਹੈ ਪਰ ਡਬਲਿਊ ਐਚ.ਓ. ਵੱਲੋਂ ਪੱਕਾ ਅੰਕੜਾ ਮੁਹੱਈਆ ਨਹੀਂ ਕਰਵਾਇਆ ਗਿਆ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸਾਹ ਨਾਲ ਸਬੰਧਤ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ ਅਤੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਮਾਹਰਾਂ ਮੁਤਾਬਕ ਐਚ.ਐਮ.ਪੀ.ਵੀ. ਇਕ ਆਰ.ਐਨ.ਏ. ਵਾਇਰਸ ਹੈ ਜੋ ਖੰਘ-ਜ਼ੁਕਾਮ ਵਰਗੇ ਲੱਛਣ ਪੈਦਾ ਕਰਦਾ ਹੈ। ਇਸ ਦੇ ਨਾਲ ਗਲੇ ਵਿਚ ਖਾਰਸ਼ ਹੋ ਸਕਦੀ ਹੈ ਅਤੇ ਬੁਖਾਰ ਵੀ ਹੋ ਸਕਦਾ ਹੈ। ਇਹ ਵਾਇਰਸ ਪੀੜਤ ਮਰੀਜ਼ ਵੱਲੋਂ ਖੰਘਣ ਜਾਂ ਛਿੱਕਣ ਰਾਹੀਂ ਇਹ ਫੈਲਦਾ ਹੈ ਅਤੇ ਵਾਇਰਸ ਦੀ ਲਾਗ ਲੱਗਣ ਤੋਂ 3 ਤੋਂ 5 ਦਿਨ ਬਾਅਦ ਲੱਛਣ ਨਜ਼ਰ ਆਉਣ ਲਗਦੇ ਹਨ। ਵਾਇਰਸ ਦਾ ਅਸਰ ਵਧਣ ਦੀ ਸੂਰਤ ਵਿਚ ਨਿਮੋਨੀਆ ਅਤੇ ਬੌ੍ਰਂਕਾਇਟਸ ਹੋਣ ਦਾ ਖਤਰਾ ਵੀ ਹੋ ਸਕਦਾ ਹੈ। ਸਾਲ 2023 ਵਿਚ ਨੈਦਰਲੈਂਡਜ਼, ਬਰਤਾਨੀਆ, ਫਿਨਲੈਂਡ, ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਿਚ ਇਹ ਵਾਇਰਸ ਸਾਹਮਣੇ ਆ ਚੁੱਕਾ ਹੈ।

Tags:    

Similar News