ਅਮਰੀਕਾ ਵਿਚ 2 ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
ਨਸ਼ਿਆਂ ਨਾਲ ਲੱਦੇ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ 2 ਪੰਜਾਬੀਆਂ ਸਣੇ 3 ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਹੈ
ਮਿਸ਼ੀਗਨ : ਨਸ਼ਿਆਂ ਨਾਲ ਲੱਦੇ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ 2 ਪੰਜਾਬੀਆਂ ਸਣੇ 3 ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਹੈ। ਟਰੱਕ ਡਰਾਈਵਰਾਂ ਦੀ ਸ਼ਨਾਖਤ ਹਰਵਿਕਰਮਜੀਤ ਸਿੰਘ, ਨਵਜੋਤ ਸਿੰਘ ਅਤੇ ਸਈਅਦ ਸ਼ਾਹ ਵਜੋਂ ਕੀਤੀ ਗਈ ਹੈ। ਮਿਸ਼ੀਗਨ ਦੀ ਸੇਂਟ ਕਲੇਅਰ ਕਾਊਂਟੀ ਵਿਚ ਹੋਈਆਂ ਗ੍ਰਿਫ਼ਤਾਰੀਆਂ ਬਾਰੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਨੇ ਦੱਸਿਆ ਕਿ ਡੈਟਰਾਇਟ ਦੀ ਫੋਰਟ ਸਟ੍ਰੀਟ ਕਾਰਗੋ ਫੈਸੀਲਿਟੀ ਵਿਖੇ ਹਰਵਿਕਰਮਜੀਤ ਸਿੰਘ ਨੂੰ ਰੋਕਿਆ ਗਿਆ ਅਤੇ ਉਸ ਨੇ ਬਾਰਡਰ ਏਜੰਟਾਂ ਨੂੰ ਦੱਸਿਆ ਕਿ ਉਹ ਵਿਸਕੌਨਸਿਨ ਤੋਂ ਜੌਂਆਂ ਦਾ ਆਟਾ ਲੈ ਕੇ ਕੈਨੇਡਾ ਵਾਪਸ ਜਾ ਰਿਹਾ ਹੈ। ਬਾਰਡਰ ਅਫ਼ਸਰਾਂ ਨੂੰ ਉਨਟਾਰੀਓ ਦੀ ਲਾਇਸੰਸ ਪਲੇਟ ਵਾਲੇ ਟਰੱਕ ਵਿਚ ਨਾਜਾਇਜ਼ ਸਮਾਨ ਦੀ ਮੌਜੂਦਗੀ ਦਾ ਸ਼ੱਕ ਹੋਇਆ ਤਾਂ ਟਰੱਕ ਦੀ ਤਲਾਸ਼ੀ ਲੈਣ ਦਾ ਫੈਸਲਾ ਲਿਆ।
ਟਰੱਕਾਂ ਵਿਚੋਂ ਕੋਕੀਨ ਅਤੇ ਮੇਥਮਫੈਟਾਮਿਨ ਬਰਾਮਦ
ਤਲਾਸ਼ੀ ਦੌਰਾਨ ਟਰੱਕ ਵਿਚ ਲੱਦੀਆਂ ਆਟੇ ਦੀਆਂ ਬੋਰੀਆਂ ਹੇਠ ਲੁਕਾ ਕੇ ਰੱਖੇ 17 ਡੱਬੇ ਅਤੇ 2 ਕਾਲੇ ਡਫ਼ਲ ਬੈਗ ਬਰਾਮਦ ਕੀਤੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਵਿਚ ਕੋਕੀਨ ਦੀ ਮੌਜੂਦਗੀ ਬਾਰੇ ਤਸਦੀਕ ਹੋ ਗਈ ਜਿਨ੍ਹਾਂ ਦਾ ਕੁਲ ਵਜ਼ਨ 475 ਕਿਲੋ ਬਣਿਆ ਅਤੇ ਅੰਦਾਜ਼ਨ ਕੀਮਤ 12 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ। ਦੂਜੇ ਪਾਸੇ ਸਈਅਦ ਸ਼ਾਹ ਅਤੇ ਨਵਜੋਤ ਸਿੰਘ ਕਥਿਤ ਤੌਰ ’ਤੇ 425 ਕਿਲੋ ਮੇਥਮਫੈਟਾਮਿਨ ਸਣੇ ਕਾਬੂ ਆ ਗਏ ਜਦੋਂ ਕੈਲੇਫੋਰਨੀਆ ਲਾਇਸੰਸ ਪਲੇਟ ਅਤੇ ਉਨਟਾਰੀਓ ਲਾਇਸੰਸ ਪਲੇਟ ਵਾਲੇ ਦੋ ਟਰੱਕ ਮੈਂਫ਼ਿਸ ਦੇ ਗੈਸ ਸਟੇਸ਼ਨ ਦੀ ਪਾਰਕਿੰਗ ਵਿਚ ਨਜ਼ਰ ਆਏ। ਦੋਹਾਂ ਟਰੱਕਾਂ ਦੇ ਦਰਵਾਜ਼ੇ ਖੁੱਲ੍ਹੇ ਸਨ ਅਤੇ ਦੋਵੇਂ ਜਣੇ ਟ੍ਰੇਲਰਾਂ ਦੇ ਪਿੱਛੇ ਚੀਜ਼ਾਂ ਦੀ ਅਦਲਾ-ਬਦਲੀ ਕਰਦੇ ਦੇਖੇ ਗਏ। ਇਸ ਮਮਗਰੋਂ ਉਨਟਾਰੀਓ ਦੀ ਲਾਇਸੰਸ ਪਲੇਟ ਵਾਲਾ ਟਰੱਕ ਬਲੂ ਵਾਟਰ ਬ੍ਰਿਜ ਵੱਲ ਰਵਾਨਾ ਹੋ ਗਿਆ ਅਤੇ ਹੋਮਲੈਂਡ ਸਕਿਉਰਿਟੀ ਵਾਲਿਆਂ ਨੇ ਪਿੱਛਾ ਜਾਰੀ ਰੱਖਿਆ। ਟਰੱਕ ਸਈਅਦ ਸ਼ਾਹ ਚਲਾ ਰਿਹਾ ਸੀ ਅਤੇ ਕਸਟਮਜ਼ ਵਾਲਿਆਂ ਨੂੰ ਟਰੱਕ ਦੀ ਡੂੰਘਾਈ ਨਾਲ ਤਲਾਸ਼ੀ ਦਾ ਇਸ਼ਾਰਾ ਕਰ ਦਿਤਾ ਗਿਆ। ਤਲਾਸ਼ੀ ਦੌਰਾਨ ਕਈ ਪਲਾਸਟਿਕ ਬੈਗ ਬਰਾਮਦ ਕੀਤੇ ਗਏ ਜਿਨ੍ਹਾਂ ਵਿਚ ਹਲਕੇ ਭੂਰੇ ਰੰਗ ਦੇ ਕ੍ਰਿਸਟਲਜ਼ ਭਰੇ ਹੋਏ ਸਨ। ਕ੍ਰਿਸਟਲਜ਼ ਨੂੰ ਲੈਬ ਟੈਸਟ ਵਾਸਤੇ ਭੇਜਿਆ ਗਿਆ ਤਾਂ ਮੇਥਮਫੈਟਾਮਿਨ ਦੀ ਤਸਦੀਕ ਹੋ ਗਈ।
ਆਟੇ ਦੀਆਂ ਬੋਰੀਆਂ ਹੇਠੋਂ ਨਿਕਲੇ ਨਸ਼ੀਲੇ ਪਦਾਰਥ
ਕੈਲੇਫੋਰਨੀਆ ਵਾਲਾ ਟਰੱਕ ਨਵਜੋਤ ਸਿੰਘ ਨੂੰ ਚਲਾ ਰਿਹਾ ਸੀ ਜਿਸ ਦਾ ਪਿੱਛਾ ਇੰਟਰਸਟੇਟ 69 ’ਤੇ ਰੋਕਿਆ ਗਿਆ। ਮਿਸ਼ੀਗਨ ਸਟੇਟ ਪੁਲਿਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਕਾਗਜ਼ ਲੱਦ ਕੇ ਸਟੌਕਟਨ ਜਾ ਰਿਹਾ ਹੈ ਪਰ ਇਸੇ ਦੌਰਾਨ ਮਹਿਸੂਸ ਹੋਇਆ ਕਿ ਟ੍ਰੇਲਰ ਸੀਲਬੰਦ ਨਹੀਂ ਸੀ। ਨਵਜੋਤ ਸਿੰਘ ਨੇ ਕਿਹਾ ਕਿ ਸੀਲ ਟਰੱਕ ਵਿਚ ਪਈ ਹੈ ਪਰ ਲੋਡ ਦੇ ਬਿਲ ਉਤੇ ਲਿਖੀਆਂ ਸ਼ਰਤਾਂ ਮੁਤਾਬਕ ਸੀਲ ਉਸ ਵੇਲੇ ਤੱਕ ਹਟਾਈ ਨਹੀਂ ਸੀ ਜਾ ਸਕਦੀ ਜਦੋਂ ਤੱਕ ਅਧਿਕਾਰਤ ਗਾਹਕ ਖੁਦ ਇਸ ਦੀ ਇਜਾਜ਼ਤ ਨਾ ਦੇਵੇ। ਹੋਮਲੈਂਡ ਸਕਿਉਰਿਟੀ ਵਿਭਾਗ ਦੇ ਸਪੈਸ਼ਲ ਏਜੰਟ ਐਂਡਰਿਊ ਅਰਬਰ ਨੇ ਦੱਸਿਆ ਕਿ ਅਕਸਰ ਹੀ ਟਰੱਕ ਸਟੌਪਸ ਜਾਂ ਘੱਟ ਆਵਾਜਾਈ ਵਾਲੀਆਂ ਥਾਵਾਂ ’ਤੇ ਨਸ਼ਿਆਂ ਦੀ ਲਦਾਈ ਕੀਤੀ ਜਾਂਦੀ ਹੈ। ਇਕ ਟਰੱਕ ਤੋਂ ਦੂਜੇ ਟਰੱਕ ਵਿਚ ਨਸ਼ੇ ਲੱਦਣ ਲਈ ਗਾਰਬੇਜ ਬੈਗਜ਼ ਦੀ ਵਰਤੋਂ ਆਮ ਗੱਲ ਹੈ। ਐਂਡਰਿਊ ਮੁਤਾਬਕ ਟ੍ਰੇਲਰ ਵਿਚੋਂ ਮਿਲੀ ਮੇਥਮਫੈਟਾਮਿਨ ਨਿਜੀ ਵਰਤੋਂ ਵਾਲੀ ਮਿਕਦਾਰ ਤੋਂ ਕਿਤੇ ਜ਼ਿਆਦਾ ਸੀ ਜਿਸ ਦੇ ਮੱਦੇਨਜ਼ਰ ਨਵਜੋਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।