2 ਲੱਖ ਹਵਾਈ ਮੁਸਾਫ਼ਰ ਕਸੂਤੇ ਫਸੇ

ਰੋਜ਼ਾਨਾ 2 ਲੱਖ ਹਵਾਈ ਮੁਸਾਫ਼ਰਾਂ ਨੂੰ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਵਾਲਾ ਯੂ.ਕੇ. ਦਾ ਹੀਥਰੋਅ ਏਅਰਪੋਰਟ ਬੰਦ ਹੋਣ ਕਾਰਨ ਪੂਰੀ ਦੁਨੀਆਂ ਵਿਚ ਹਫ਼ੜਾ-ਦਫੜੀ ਵਾਲਾ ਮਾਹੌਲ ਬਣ ਗਿਆ।

Update: 2025-03-21 11:52 GMT

ਲੰਡਨ : ਰੋਜ਼ਾਨਾ 2 ਲੱਖ ਹਵਾਈ ਮੁਸਾਫ਼ਰਾਂ ਨੂੰ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਵਾਲਾ ਯੂ.ਕੇ. ਦਾ ਹੀਥਰੋਅ ਏਅਰਪੋਰਟ ਬੰਦ ਹੋਣ ਕਾਰਨ ਪੂਰੀ ਦੁਨੀਆਂ ਵਿਚ ਹਫ਼ੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਅਮਰੀਕਾ ਤੋਂ ਉਡੇ ਜਹਾਜ਼ਾਂ ਨੂੰ ਵਾਪਸ ਭੇਜ ਦਿਤਾ ਗਿਆ ਜਦਕਿ ਜਾਪਾਨ ਅਤੇ ਆਸਟ੍ਰੇਲੀਆ ਤੋਂ ਆ ਰਹੇ ਹਵਾਈ ਜਹਾਜ਼ਾਂ ਦਾ ਰਾਹ ਬਦਲਣਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਨ ਵਾਲੇ ਸਬ-ਸਟੇਸ਼ਨ ਨੂੰ ਅੱਗ ਲੱਗਣ ਕਾਰਨ ਏਅਰਪੋਰਟ 24 ਘੰਟੇ ਵਾਸਤੇ ਬੰਦ ਕਰ ਦਿਤਾ ਗਿਆ ਹੈ ਅਤੇ ਇਕ ਅੰਦਾਜ਼ੇ ਮੁਤਾਬਕ ਹੀਥਰੋਅ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਜਾਂ ਹਵਾਈ ਅੱਡੇ ’ਤੇ ਪੁੱਜਣ ਵਾਲੀਆਂ 1,350 ਫਲਾਈਟਸ ਪ੍ਰਭਾਵਤ ਹੋਣਗੀਆਂ।

ਯੂ.ਕੇ. ਦਾ ਹੀਥਰੋ ਹਵਾਈ ਅੱਡਾ 24 ਘੰਟੇ ਵਾਸਤੇ ਬੰਦ

ਅਮਰੀਕਾ ਦੇ ਡੈਲਸ, ਸ਼ਿਕਾਗੋ ਅਤੇ ਮਿਨੀਆਪੌਲਿਸ ਹਵਾਈ ਅੱਡਿਆਂ ਤੋਂ ਯੂ.ਕੇ. ਰਵਾਨਾ ਹੋਏ ਜਹਾਜ਼ ਤਿੰਨ ਘੰਟੇ ਹਵਾ ਵਿਚ ਰਹਿਣ ਮਗਰੋਂ ਆਖਰਕਾਰ ਪੁੱਠੇ ਮੁੜ ਗਏ ਜਦਕਿ ਸੈਨ ਫਰਾਂਸਸਿਕੋ ਤੋਂ ਰਵਾਨਾ ਹੋਈ ਫਲਾਈਟ ਡਲਸ ਇੰਟਰਨੈਸ਼ਨ ਏਅਰਪੋਰਟ ’ਤੇ ਲੈਂਡ ਕਰ ਗਈ। ਆਸਟ੍ਰੇਲੀਆ ਦੇ ਪਰਥ ਤੋਂ ਆ ਰਹੀ ਫਲਾਈਟ ਨੂੰ ਪੈਰਿਸ ਭੇਜਿਆ ਗਿਆ ਜਦਕਿ ਨੈਦਰਲੈਂਡਜ਼ ਦੇ ਐਮਸਟਰਡੈਮ ਅਤੇ ਕੈਨੇਡਾ ਦੇ ਨਿਊਫਾਊਂਡਲੈਂਡ ਸੂਬੇ ਵਿਚ ਵੀ ਡਾਇਵਰਟਡ ਫਲਾਈਟਸ ਉਤਾਰੀਆਂ ਗਈਆਂ। ਦੂਜੇ ਪਾਸੇ ਅਮਰੀਕਾ ਅਤੇ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਫਸੇ ਮੁਸਾਫਰਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਲੰਮੀ ਦੂਰੀ ਦੀਆਂ ਹੋਰਨਾਂ ਫਲਾਈਟਸ ਜਿਨ੍ਹਾਂ ਨੂੰ ਡਾਇਵਰਟ ਕੀਤਾ ਗਿਆ, ਉਨ੍ਹਾਂ ਵਿਚ ਬ੍ਰਿਟਿਸ਼ ਏਅਰਵੇਜ਼ ਦੀ ਦੋਹਾ ਤੋਂ ਆ ਰਹੀ ਫਲਾਈਟ ਸ਼ਾਮਲ ਰਹੀ ਜਿਸ ਨੂੰ ਫਰੈਂਕਫਰਟ ਵਿਖੇ ਉਤਾਰਿਆ ਗਿਆ। ਨੈਰੋਬੀ ਤੋਂ ਰਵਾਨਾ ਹੋਏ ਇਕ ਹੋਰ ਜਹਾਜ਼ ਨੂੰ ਮੈਨਚੈਸਟਰ ਵਿਖੇ ਲੈਂਡ ਕਰਨ ਦੀ ਇਜਾਜ਼ਤ ਦਿਤੀ ਗਈ। ਕੁਝ ਖੁਸ਼ਨਸੀਬ ਮੁਸਾਫ਼ਰ ਲੰਡਨ ਦੇ ਹੋਰਨਾਂ ਹਵਾਈ ਅੱਡੇ ’ਤੇ ਪੁੱਜਣ ਵਿਚ ਸਫਲ ਰਹੇ।

ਬਿਜਲੀ ਸਪਲਾਈ ਕਰਨ ਵਾਲੇ ਸਬ-ਸਟੇਸ਼ਨ ਨੂੰ ਲੱਗੀ ਅੱਗ

ਉਧਰ ਪੈਰਿਸ, ਫਰੈਂਕਫਰਟ, ਬਰਲਿਨ, ਹਿਊਸਟਨ, ਹੈਮਬਰਗ, ਜ਼ਿਊਰਿਕ, ਡਬਲਿਨ ਅਤੇ ਬਾਰਸੀਲੋਨਾ ਦੇ ਮੁਸਾਫ਼ਰਾਂ ਨੂੰ ਹਵਾਈ ਅੱਡੇ ’ਤੇ ਪੁੱਜਣ ਤੋਂ ਬਾਅਦ ਹੀ ਪਤਾ ਲੱਗਾ ਕਿ ਫਲਾਈਟਸ ਰਵਾਨਾ ਨਹੀਂ ਹੋਣਗੀਆਂ। ਇਥੇ ਦਸਣਾ ਬਣਦਾ ਹੈ ਕਿ ਹੀਥਰੋ ਏਅਰਪੋਰਟ ਦੁਨੀਆਂ ਦੀ ਏਅਰ ਟ੍ਰੈਫਿਕ ਦਾ ਧੁਰਾ ਮੰਨਿਆ ਜਾਂਦਾ ਹੈ ਅਤੇ ਇਥੇ ਆਵਾਜਾਈ ਪ੍ਰਭਾਵਤ ਹੋਣ ਨਾਲ ਦੁਨੀਆਂ ਭਰ ਵਿਚ ਅਸਰ ਦੇਖਣ ਨੂੰ ਮਿਲਿਆ। ਇਸੇ ਦੌਰਾਨ ਹੀਥਰੋਅ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਅੱਗ ਲੱਗਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਅਤੇ ਕੁਝ ਘੰਟੇ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਫਲਾਈਟਸ ਦੀ ਆਵਾਜਾਈ ਕਦੋਂ ਸ਼ੁਰੂ ਹੋਵੇਗੀ। ਦੂਜੇ ਪਾਸੇ ਬਿਜਲੀ ਸਬਸਟੇਸ਼ਨ ਵਿਚ ਅੱਗ ਲੱਗਣ ਕਾਰਨ ਸਿਰਫ਼ ਹਵਾਈ ਅੱਡੇ ਦੇ ਬੱਤੀ ਗੁਲ ਨਹੀਂ ਹੋਈ ਸਗੋਂ 4 ਹਜ਼ਾਰ ਪਰਵਾਰਾਂ ਨੇ ਹਨੇਰੇ ਵਿਚ ਰਾਤ ਕੱਟੀ।

Tags:    

Similar News