ਅਮਰੀਕਾ ਵਿਚ 2 ਗੁਜਰਾਤੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਤਹਿਤ ਗ੍ਰਿਫ਼ਤਾਰ
ਅਮਰੀਕਾ ਵਿਚ ਦੋ ਗੁਜਰਾਤੀ ਨੌਜਵਾਨਾਂ ਨੂੰ ਲੱਖਾਂ ਡਾਲਰ ਦੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀਟਰਜ਼ਬਰਗ : ਅਮਰੀਕਾ ਵਿਚ ਦੋ ਗੁਜਰਾਤੀ ਨੌਜਵਾਨਾਂ ਨੂੰ ਲੱਖਾਂ ਡਾਲਰ ਦੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਲਾਸਕਾ ਦੇ ਪੀਟਰਜ਼ਬਰਗ ਸ਼ਹਿਰ ਦੀ ਪੁਲਿਸ ਵੱਲੋਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਮਦਦ ਨਾਲ 23 ਸਾਲ ਦੇ ਹਰਸ਼ੀਲ ਕੁਮਾਰ ਪਟੇਲ ਅਤੇ 25 ਸਾਲ ਦੇ ਸ਼ੁਭਮ ਪਟੇਲ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿਰੁੱਧ ਠੱਗੀ ਦੀ ਸਾਜ਼ਿਸ਼ ਘੜਨ ਅਤੇ ਚੋਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਟਰਜ਼ਬਰਗ ਪੁਲਿਸ ਮੁਤਾਬਕ ਜੂਨ ਦੇ ਪਹਿਲੇ ਹਫ਼ਤੇ ਸ਼ਹਿਰ ਦੀ ਇਕ ਵਸਨੀਕ ਔਰਤ ਨੂੰ ਠੱਗਾਂ ਨੇ ਫੈਡਰਲ ਅਧਿਕਾਰੀ ਬਣ ਕੇ ਫੋਨ ਕੀਤਾ।
ਹਰਸ਼ੀਲ ਪਟੇਲ ਅਤੇ ਸ਼ੁਭਮ ਪਟੇਲ ਵਜੋਂ ਕੀਤੀ ਗਈ ਸ਼ਨਾਖ਼ਤ
ਫੋਨ ਕਰਨ ਵਾਲਾ ਖੁਦ ਨੂੰ ਡ੍ਰਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ ਦਾ ਏਜੰਟ ਸ਼ੌਨ ਵਾਟਸਨ ਦੱਸ ਰਿਹਾ ਸੀ ਅਤੇ ਉਸ ਨੇ ਪੀੜਤ ਔਰਤ ਨੂੰ ਯਕੀਨ ਦਿਵਾ ਦਿਤਾ ਕਿ ਉਸ ਦੀ ਸ਼ਨਾਖਤ ਚੋਰੀ ਹੋ ਚੁੱਕੀ ਹੈ। ਠੱਗਾਂ ਨੇ ਔਰਤ ਨੂੰ ਚੁੰਗਲ ਵਿਚ ਫਸਾਉਣ ਮਗਰੋਂ ਵਾਇਰ ਟ੍ਰਾਂਸਫਰ ਰਾਹੀਂ 79 ਹਜ਼ਾਰ ਡਾਲਰ ਤਬਦੀਲ ਕਰਨ ਵਾਸਤੇ ਮਨਾ ਲਿਆ ਜਦਕਿ 50 ਹਜ਼ਾਰ ਡਾਲਰ ਨਕਦ ਰਕਮ ਦੀ ਡਿਲੀਵਰੀ ਵੀ ਹਾਸਲ ਕੀਤੀ। ਦੂਜੇ ਪਾਸੇ ਜਾਂਚਕਰਤਾਵਾਂ ਨੇ ਮਾਮਲੇ ਦੀ ਡੂੰਘਾਈ ਵਿਚ ਜਾਂਦਿਆਂ ਠੱਗਾਂ ਦਾ ਟਿਕਾਣਾ ਪਤਾ ਕਰ ਲਿਆ ਜੋ ਕਿਰਾਏ ’ਤੇ ਲਏ ਯੂ-ਹਾਲ ਰੈਂਟਲ ਵ੍ਹੀਕਲ ਦੀ ਵਰਤੋਂ ਕਰ ਰਹੇ ਸਨ। ਸ਼ਹਿਰ ਵਿਚ ਰਿਹਾਇਸ਼ ਦੌਰਾਨ ਦੋਹਾਂ ਨੇ ਹਜ਼ਾਰਾਂ ਡਾਲਰ ਦੇ ਗਿਫ਼ਟ ਕਾਰਡ ਖਰੀਦੇ ਅਤੇ ਯੂ.ਐਸ.ਪੀ.ਐਸ. ਮਨੀ ਆਰਡਰ ਵੀ ਹਾਸਲ ਕੀਤੇ। ਇਸੇ ਦੌਰਾਨ ਠੱਗਾਂ ਨੇ ਪੀੜਤ ਔਰਤ ਨੂੰ 60 ਹਜ਼ਾਰ ਡਾਲਰ ਦੀ ਰਕਮ ਦਾ ਪ੍ਰਬੰਧ ਕਰਨ ਵਾਸਤੇ ਆਖ ਦਿਤਾ ਅਤੇ ਜਾਂਚਕਰਤਾਵਾਂ ਨੂੰ ਜਾਲ ਵਿਛਾਉਣ ਦਾ ਮੌਕਾ ਮਿਲ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ੀਲ ਕੁਮਾਰ ਪਟੇਲ ਅਤੇ ਸ਼ੁਭਮ ਪਟੇਲ 9 ਜੂਨ ਨੂੰ ਅਲਾਸਕਾ ਏਅਰਲਾਈਨਜ਼ ਰਾਹੀਂ ਪੀਟਰਜ਼ਬਰਗ ਪੁੱਜੇ ਅਤੇ ਮੁਲਾਕਾਤ ਵਾਲੀ ਜਗ੍ਹਾ ਬਦਲ ਦਿਤੀ।
ਪੀਟਰਜ਼ਬਰਗ ਦੀ ਪੁਲਿਸ ਨੇ ਜਾਲ ਵਿਛਾ ਕੇ ਕੀਤੀ ਕਾਰਵਾਈ
ਨਵੀਂ ਜਗ੍ਹਾ ’ਤੇ ਪੀੜਤ ਔਰਤ ਨੇ ਦੋਹਾਂ ਨੂੰ 60 ਹਜ਼ਾਰ ਡਾਲਰ ਦੀ ਰਕਮ ਸੌਂਪੀ ਤਾਂ ਆਲੇ ਦੁਆਲੇ ਮੌਜੂਦ ਪੁਲਿਸ ਅਫ਼ਸਰਾਂ ਨੇ ਦੋਹਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਪੁੱਛ ਪੜਤਾਲ ਦੌਰਾਨ ਹਰਸ਼ੀਲ ਕੁਮਾਰ ਪਟੇਲ ਨੇ ਮੰਨਿਆ ਕਿ ਸ਼ੁਭਮ ਪਟੇਲ ਨੇ ਇਕ ਵ੍ਹਟਸਐਪ ਗਰੁੱਪ ਰਾਹੀਂ ਉਸ ਨਾਲ ਸੰਪਰਕ ਕਾਇਮ ਕੀਤਾ ਅਤੇ ਸਾਜ਼ਿਸ਼ ਦਾ ਹਿੱਸਾ ਬਣਾਇਆ। ਪੀਟਰਜ਼ਬਰਗ ਪੁਲਿਸ ਨੇ ਸ਼ੱਕੀਆਂ ਦੀ ਗ੍ਰਿਫ਼ਤਾਰੀ ਮਗਰੋਂ ਐਫ਼.ਬੀ.ਆਈ., ਕੈਚਾਕੈਨ ਜ਼ਿਲ੍ਹਾ ਅਟਾਰਨੀ ਦਫ਼ਤਰ, ਜੂਨੋ ਜ਼ਿਲ੍ਹਾ ਅਟਾਰਨੀ ਦਫ਼ਤਰ ਅਤੇ ਹੋਰਨਾਂ ਏਜੰਸੀਆਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਦੀ ਮਦਦ ਨਾਲ ਮੁਹਿੰਮ ਸਫ਼ਲ ਹੋ ਸਕੀ ਅਤੇ ਸਮਾਜ ਦੇ ਲੋਕਾਂ ਨੂੰ ਠੱਗਾਂ ਤੋਂ ਬਚਾਇਆ ਜਾ ਸਕਿਆ। ਦੱਸ ਦੇਈਏ ਕਿ ਹਰਸ਼ੀਲ ਕੁਮਾਰ ਪਟੇਲ ਅਤੇ ਸ਼ੁਭਮ ਪਟੇਲ ਵਿਰੁੱਧ ਲੱਗੇ ਦੋਸ਼ ਫ਼ਿਲਹਾਲ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ।