ਅਮਰੀਕਾ ਦੀਆਂ ਸੜਕਾਂ ’ਤੇ ਫੜੋ-ਫੜੀ, 146 ਡਰਾਈਵਰ ਗ੍ਰਿਫਤਾਰ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਟਰੱਕ ਡਰਾਈਵਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਇੰਡਿਆਨਾ ਸੂਬੇ ਦੀਆਂ ਸੜਕਾਂ ਤੋਂ 146 ਡਰਾਈਵਰਾਂ ਸਣੇ 223 ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ
ਇੰਡਿਆਨਾਪੌਲਿਸ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਟਰੱਕ ਡਰਾਈਵਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਇੰਡਿਆਨਾ ਸੂਬੇ ਦੀਆਂ ਸੜਕਾਂ ਤੋਂ 146 ਡਰਾਈਵਰਾਂ ਸਣੇ 223 ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਇੰਡਿਆਨਾ ਸਟੇਟ ਪੁਲਿਸ ਨਾਲ ਤਾਲਮੇਲ ਤਹਿਤ ਇਹ ਕਾਰਵਾਈ ਕੀਤੀ ਗਈ ਅਤੇ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਖੁਦ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਜਾਣਕਾਰੀ ਸਾਂਝੀ ਕੀਤੀ। ਗ੍ਰਿਫ਼ਤਾਰ ਕੀਤੇ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਕੈਲੇਫੋਰਨੀਆ, ਨਿਊ ਯਾਰਕ ਅਤੇ ਇਲੀਨੌਇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕ੍ਰਿਸਟੀ ਨੌਇਮ ਨੇ ਕਿਹਾ ਕਿ ਬੇਕਸੂਰ ਅਮਰੀਕਾ ਵਾਸੀਆਂ ਦੀ ਮੌਤ ਗੈਰਕਾਨੂੰਨੀ ਪ੍ਰਵਾਸੀਆਂ ਹੱਥੋਂ ਹੋਈ ਜੋ ਅਣਅਧਿਕਾਰਤ ਤਰੀਕੇ ਨਾਲ ਟਰੱਕ ਚਲਾ ਰਹੇ ਸਨ।
223 ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਈਸ ਦੀ ਕਾਰਵਾਈ
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕਰਨੇ ਸੌਖੇ ਹਨ ਪਰ ਹੁਣ ਇਹ ਸਭ ਬੰਦ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਪ੍ਰੇਸ਼ਨ ਮਿਡਵੇਅ ਬਲਿਟਜ਼ ਦੀ ਸ਼ਲਾਘਾ ਕਰਦਿਆਂ ਕ੍ਰਿਸਟੀ ਨੌਇਮ ਨੇ ਅੱਗੇ ਕਿਹਾ ਕਿ ਆਈਸ ਦੇ ਬਹਾਦਰ ਅਫ਼ਸਰ ਦਿਨ-ਰਾਤ ਇਕ ਕਰਦਿਆਂ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ ਅਤੇ ਸਾਡੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਇੰਡਿਆਨਾ ਦੇ ਗਵਰਨਰ ਮਾਈਕ ਬਰੌਨ ਦਾ ਕਹਿਣਾ ਸੀ ਕਿ ਅਮਰੀਕਾ ਤੇ ਪੂਰਬੀ ਇਲਾਕਿਆਂ ਤੋਂ ਪੱਛਮ ਵੱਲ ਜਾਂਦਿਆਂ ਇੰਡਿਆਨਾ ਸੂਬੇ ਵਿਚੋਂ ਲੰਘਣਾ ਪੈਂਦਾ ਹੈ ਪਰ ਇਸ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੂਬਾ ਅਤੇ ਫ਼ੈਡਰਲ ਸਰਕਾਰ ਦੋਹਾਂ ਦੀ ਬਣਦੀ ਹੈ। ਅਮਰੀਕਾ ਵਾਸੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਸਟੇਟ ਪੁਲਿਸ ਹਰ ਸੰਭਵ ਸਹਿਯਗੋ ਜਾਰੀ ਰੱਖੇਗੀ।
ਟਰੰਪ ਨੇ ਕਿਹਾ, ਆਈਸ ਕੋਈ ਵਧੀਕੀ ਨਹੀਂ ਕਰ ਰਹੀ
ਆਈਸ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਔਨਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਟਰੱਕ ਡਰਾਈਵਰਾਂ ਨੂੰ ਸੜਕਾਂ ’ਤੇ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਇਹ ਰੁਝਾਨ ਰੋਕ ਕੇ ਹੀ ਇੰਡਿਆਨਾ ਜਾਂ ਇਲੀਨੌਇ ਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੌਰਾਨ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਫ਼ਸਰਾਂ ਵੱਲੋਂ ਗੋਲੀਆਂ ਚਲਾਉਣ ਅਤੇ ਹੰਝੂ ਗੈਸ ਦੇ ਗੋਲੇ ਦਾਗਣ ਦੀਆਂ ਵਾਰਦਾਤਾਂ ਬਾਰੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਕਿਸੇ ਨਾਲ ਕੋਈ ਵਧੀਕੀ ਨਹੀਂ ਕੀਤੀ ਜਾ ਰਹੀ। ਸੀ.ਬੀ.ਐਸ. ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਇੰਮੀਗ੍ਰੇਸ਼ਨ ਅਦਾਲਤਾਂ ਨੇ ਜੱਜਾਂ ਨੇ ਸਾਨੂੰ ਉਲਝਾ ਕੇ ਰੱਖਿਆ ਹੈ ਜਿਨ੍ਹਾਂ ਦੀ ਨਿਯੁਕਤੀ ਓਬਾਮਾ ਜਾਂ ਬਾਇਡਨ ਨੇ ਕੀਤੀ। ਹੁਣ ਆਈਸ ਦੇ ਅਫ਼ਸਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਜ਼ੋਰਅਜ਼ਮਾਇਸ਼ ਕਰ ਰਹੇ ਹਨ।