ਕਾਂਗੋ ਦੀ ਜੇਲ ਤੋੜ ਕੇ ਫਰਾਰ ਹੁੰਦੇ 129 ਕੈਦੀਆਂ ਦੀ ਮੌਤ
ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿਖੇ ਉਚ ਸੁਰੱਖਿਆ ਵਾਲੀ ਜੇਲ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਦੇ ਹਜ਼ਾਰਾਂ ਕੈਦੀਆਂ ਵਿਚੋਂ 129 ਦੀ ਮੌਤ ਹੋ ਗਈ।;
ਕਿਨਸ਼ਾਸਾ : ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿਖੇ ਉਚ ਸੁਰੱਖਿਆ ਵਾਲੀ ਜੇਲ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਦੇ ਹਜ਼ਾਰਾਂ ਕੈਦੀਆਂ ਵਿਚੋਂ 129 ਦੀ ਮੌਤ ਹੋ ਗਈ। ਜੇਲ ਟੁੱਟਣ ਦਾ ਪਤਾ ਲਗਦਿਆਂ ਹੀ ਸੁਰੱਖਿਆ ਗਾਰਡਾਂ ਨੇ ਗੋਲੀਆਂ ਚਲਾ ਦਿਤੀਆਂ ਜਿਸ ਮਗਰੋਂ ਕੈਦੀਆਂ ਵਿਚ ਭਾਜੜ ਪੈ ਗਈ ਅਤੇ ਉਹ ਆਪਣੇ ਸਾਥੀਆਂ ਦੇ ਪੈਰਾਂ ਹੇਠ ਦਬ ਕੇ ਮਰ ਗਏ।
ਸਰਕਾਰ ਦਾ ਦਾਅਵਾ, ਜ਼ਿਆਦਾਤਰ ਕੈਦੀ ਭਾਜੜ ਕਾਰਨ ਮਰੇ
ਕਾਂਗੋ ਦੇ ਗ੍ਰਹਿ ਮੰਤਰੀ ਸ਼ਬਾਨੀ ਲੁਕੂ ਨੇ ਦੱਸਿਆ ਕਿ 24 ਜਣਿਆਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ। ਸੁਰੱਖਿਆ ਗਾਰਡਾਂ ਨੇ ਗੋਲੀ ਚਲਾਉਣ ਤੋਂ ਪਹਿਲਾਂ ਹਵਾਈ ਫਾਇਰ ਕੀਤੇ ਅਤੇ ਜਦੋਂ ਕੈਦੀ ਨਾ ਰੁਕੇ ਤਾਂ ਬੰਦੂਕਾਂ ਦੇ ਮੂੰਹ ਉਨ੍ਹਾਂ ਵੱਲ ਕਰ ਦਿਤੇ। ਇਸੇ ਦੌਰਾਨ ਕੈਦੀਆਂ ਨੇ ਇਕ ਦੂਜੇ ਨੂੰ ਦਰੜਨਾ ਸ਼ੁਰੂ ਕਰ ਦਿਤਾ ਅਤੇ ਜ਼ਿਆਦਾਤਰ ਮੌਤਾਂ ਦਮ ਘੁਟਣ ਕਾਰਨ ਹੋਈਆਂ। ਮਕਾਲਾ ਦੀ ਜੇਲ ਵਿਚ ਸੱਤ ਸਾਲ ਪਹਿਲਾਂ ਵੀ ਬਿਲਕੁਲ ਇਸੇ ਕਿਸਮ ਦਾ ਕਾਂਡ ਹੋ ਚੁੱਕਾ ਹੈ ਜਦੋਂ ਚਾਰ ਹਜ਼ਾਰ ਤੋਂ ਵੱਧ ਕੈਦੀ ਜੇਲ ਤੋੜ ਕੇ ਫਰਾਰ ਹੋ ਗਏ। ਜੇਲ ਦੇ ਨੇੜੇ ਰਿਹਾਇਸ਼ੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਗਾਤਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਮੀਡੀਆ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਜੇਲ ਵੱਲ ਜਾਣ ਤੋਂ ਰੋਕ ਦਿਤਾ ਗਿਆ।
24 ਜਣਿਆਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ
ਜੇਲ ਦੇ ਸਭ ਤੋਂ ਨੇੜੇ ਰਹਿਣ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਵੱਡੇ ਤੜਕੇ ਇਕ ਵਜੇ ਗੋਲੀਆਂ ਚੱਲਣ ਦੀ ਸ਼ੁਰੂਆਤ ਹੋਈ ਅਤੇ ਪੰਜ ਵਜੇ ਤੱਕ ਰੁਕ ਰੁਕ ਕੇ ਗੋਲੀਆਂ ਚਲਦੀਆਂ ਰਹੀਆਂ। ਬਿਨਾਂ ਸ਼ੱਕ ਕੁਝ ਕੈਦੀ ਫਰਾਰ ਹੋਣ ਵਿਚ ਵੀ ਸਫਲ ਹੋਏ ਪਰ ਉਨ੍ਹਾਂ ਦੀ ਗਿਣਤੀ ਬਾਰੇ ਦੱਸਣਾ ਮੁਸ਼ਕਲ ਹੈ। ਉਧਰ ਗ੍ਰਹਿ ਮੰਤਰੀ ਸ਼ਬਾਨੀ ਲੁਕੂ ਨੇ ਕਿਹਾ ਕਿ ਬਿਨਾਂ ਸ਼ੱਕ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਹੋਇਆ ਹੈ ਪਰ ਜੇਲ ਵਿਚ ਮੌਜੂਦ ਹੋਰਨਾਂ ਕੈਦੀਆਂ ਨੂੰ ਰੋਕਣਾ ਬੇਹੱਦ ਲਾਜ਼ਮੀ ਸੀ। ਜੇਲ ਨਾਲ ਸਬੰਧਤ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੰਧ ਵਿਚ ਵੱਡਾ ਸੁਰਾਖ ਬਣਿਆ ਹੋਇਆ ਹੈ। ਮਕਾਲਾ ਦੀ ਜੇਲ ਵਿਚ ਸਿਰਫ 1500 ਕੈਦੀ ਰੱਖੇ ਜਾ ਸਕਦੇ ਹਨ ਪਰ ਇਥੇ ਅਕਸਰ ਹੀ 14 ਹਜ਼ਾਰ ਤੋਂ ਵੱਧ ਕੈਦੀ ਹੁੰਦੇ ਹਨ।