ਅਮਰੀਕਾ ਦੇ ਨਾਈਟ ਕਲੱਬ ’ਚੋਂ ਕਾਬੂ ਕੀਤੇ 115 ਪ੍ਰਵਾਸੀ
ਅਮਰੀਕਾ ਦੇ ਇਕ ਨਾਈਟ ਕਲੱਬ ਵਿਚ ਨੱਚ-ਟੱਪ ਰਹੇ ਸੈਂਕੜੇ ਗੈਰਕਾਨੂੰਨੀ ਪ੍ਰਵਾਸੀ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਕੁੜਿੱਕੀ ਵਿਚ ਫਸ ਗਏ।
ਕੋਲੋਰਾਡੋ ਸਪ੍ਰਿੰਗਜ਼ : ਅਮਰੀਕਾ ਦੇ ਇਕ ਨਾਈਟ ਕਲੱਬ ਵਿਚ ਨੱਚ-ਟੱਪ ਰਹੇ ਸੈਂਕੜੇ ਗੈਰਕਾਨੂੰਨੀ ਪ੍ਰਵਾਸੀ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਕੁੜਿੱਕੀ ਵਿਚ ਫਸ ਗਏ। ਕੋਲੋਰਾਡੋ ਸੂਬੇ ਵਿਚ ਐਤਵਾਰ ਵੱਡੇ ਤੜਕੇ ਕੀਤੀ ਗਈ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪ੍ਰਵਾਸੀਆਂ ਨੂੰ ਇਧਰ-ਉਧਰ ਦੌੜਦੇ ਦੇਖਿਆ ਜਾ ਸਕਦਾ ਹੈ। ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਇਉਂ ਸਲੂਕ ਕਰਦੇ ਨਜ਼ਰ ਆਉਂਦੇ ਹਨ ਜਿਵੇਂ ਉਹ ਕੋਈ ਖਤਰਨਾਕ ਅਪਰਾਧੀ ਹੋਣ। ਹਥਿਆਰਾਂ ਨਾਲ ਲੈਸ ਸੁਰੱਖਿਆ ਮੁਲਾਜ਼ਮ ਪ੍ਰਵਾਸੀਆਂ ਨੂੰ ਹੱਥ ਉਪਰ ਕਰਨ ਅਤੇ ਜ਼ਮੀਨ ’ਤੇ ਬੈਠਣ ਦੀ ਹਦਾਇਤ ਦਿੰਦੇ ਵੀ ਸੁਣੇ ਜਾ ਸਕਦੇ ਹਨ।
ਕੋਲੋਰਾਡੋ ਸੂਬੇ ਵਿਚ ਇੰਮੀਗ੍ਰੇਸ਼ਨ ਵਾਲਿਆਂ ਦਾ ਅਚਨਚੇਤ ਛਾਪਾ
ਡ੍ਰਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ ਦੀ ਰੌਕੀ ਮਾਊਂਟੇਨ ਡਵੀਜ਼ਨ ਦੇ ਸਪੈਸ਼ਲ ਏਜੰਟ ਇਨਚਾਰਜ ਜੌਨਾਥਨ ਪੁਲਨ ਨੇ ਕਿਹਾ ਕਿ ਕੋਲੋਰਾਡੋ ਸਪ੍ਰਿੰਗਜ਼ ਹੁਣ ਇਕ ਸੁਰੱਖਿਅਤ ਕਮਿਊਨਿਟੀ ਬਣ ਚੁੱਕੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਕੇ ਡਿਟੈਨਸ਼ਨ ਸੈਂਟਰ ਵਿਚ ਡੱਕ ਦਿਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਈਟ ਕਲੱਬ ਵਿਚ ਛਾਪੇ ਦੌਰਾਨ 300 ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਨਾਈਟ ਕਲੱਬ ’ਤੇ ਪਿਛਲੇ ਕਈ ਮਹੀਨੇ ਤੋਂ ਨਜ਼ਰ ਰੱਖੀ ਜਾ ਰਹੀ ਸੀ ਜਿਥੇ ਨਸ਼ਿਆਂ ਦੀ ਵਿਕਰੀ ਅਤੇ ਹੋਰ ਗੈਰਕਾਨੂੰਨੀ ਸਰਗਰਮੀਆਂ ਹੁੰਦੀਆਂ ਸਨ। ਛਾਪੇ ਦੌਰਾਨ ਕੋਕੀਨ ਸਣੇ ਕਈ ਕਿਸਮ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਜਦਕਿ ਵੱਡੀ ਗਿਣਤੀ ਵਿਚ ਪਸਤੌਲਾਂ ਵੀ ਜ਼ਬਤ ਕੀਤੀਆਂ ਗਈਆਂ। ਪੁਲਨ ਨੇ ਅੱਗੇ ਕਿਹਾ ਕਿ ਨਾਈਟ ਕਲੱਬ ਵਿਚ 200 ਤੋਂ ਵੱਧ ਲੋਕ ਮੌਜੂਦ ਸਨ ਜਦੋਂ ਛਾਪਾ ਮਾਰਿਆ ਗਿਆ।
ਨਸ਼ੀਲੇ ਪਦਾਰਥ ਅਤੇ ਪਸਤੌਲਾਂ ਬਰਾਮਦ ਕਰਨ ਦਾ ਦਾਅਵਾ
ਗ੍ਰਿਫ਼ਤਾਰ ਕੀਤੇ ਲੋਕਾਂ ਵਿਚੋਂ ਕਈ ਫੌਜੀ ਦੱਸੇ ਜਾ ਰਹੇ ਹਨ ਅਤੇ ਕੁਝ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਹਨ। ਇਨ੍ਹਾਂ ਦੀ ਨਾਗਰਿਕਤਾ ਬਾਰੇ ਪੁਲਨ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕੋਲੋਰਾਡੋ ਦੇ ਫੈਡਰਲ ਜੱਜ ਵੱਲੋਂ ਪਿਛਲੇ ਦਿਨੀਂ ਇਕ ਅਹਿਮ ਫੈਸਲਾ ਸੁਣਾਉਂਦਿਆਂ ਏਲੀਅਨ ਐਨੀਮੀਜ਼ ਐਕਟ ਅਧੀਨ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਆਰਜ਼ੀ ਰੋਕ ਲਾ ਦਿਤੀ ਸੀ ਪਰ ਟਰੰਪ ਸਰਕਾਰ ਪ੍ਰਵਾਸੀਆ ਨੂੰ ਡਿਪੋਰਟ ਕਰਨ ਦੇ ਨਿੱਤ ਨਵੇਂ ਤਰੀਕੇ ਅਪਣਾਅ ਰਹੀ ਹੈ ਅਤੇ ਕਈ ਮੌਕਿਆਂ ’ਤੇ ਅਦਾਲਤਾਂ ਦੇ ਹੁਕਮਾਂ ਨੂੰ ਟਿੱਚ ਜਾਣਿਆ ਜਾਂਦਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਪੈਮ ਬੌਂਡੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਪਹਿਲੇ 100 ਦਿਨਾਂ ਦੌਰਾਨ ਹਾਸਲ ਕੀਤੇ ਟੀਚਿਆਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਨੂੰ ਹੋਰ ਅੱਗੇ ਲਿਜਾਇਆ ਜਾ ਰਿਹਾ ਹੈ।