ਮੁੱਕੇਬਾਜ਼ੀ ਦੇ 71 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ 'ਚ ਕਾਂਸੀ ਦੇ ਤਗ਼ਮੇ ਤੋਂ ਖੁੰਝੇ ਨਿਸ਼ਾਂਤ ਦੇਵ
71 ਕਿਲੋ ਭਾਰ ਵਰਗ ਵਿੱਚ ਨਿਸ਼ਾਂਤ ਨੂੰ ਮੈਕਸੀਕੋ ਦੇ ਮਾਰਕੋ ਵਰਡੇ ਨੇ ਹਰਾਇਆ । ਇਸ ਮੈਚ ਵਿੱਚ ਨਿਸ਼ਾਂਤ ਨੂੰ 1-4 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।;
ਪੇਰਿਸ : ਭਾਰਤ ਦਾ 23 ਸਾਲਾ ਨੌਜਵਾਨ ਮੁੱਕੇਬਾਜ਼ ਨਿਸ਼ਾਂਤ ਦੇਵ ਸ਼ਨੀਵਾਰ ਦੇਰ ਰਾਤ ਪੈਰਿਸ ਓਲੰਪਿਕ 'ਚ ਭਾਰਤ ਨੂੰ ਚੌਥਾ ਤਮਗਾ ਦਿਵਾਉਣ ਤੋਂ ਖੁੰਝ ਗਿਆ ਹੈ । ਜਾਣਕਾਰੀ ਮੁਤਾਬਕ ਪੁਰਸ਼ਾਂ ਦੇ 71 ਕਿਲੋ ਭਾਰ ਵਰਗ ਵਿੱਚ ਨਿਸ਼ਾਂਤ ਨੂੰ ਮੈਕਸੀਕੋ ਦੇ ਮਾਰਕੋ ਵਰਡੇ ਨੇ ਹਰਾਇਆ । ਇਸ ਮੈਚ ਵਿੱਚ ਨਿਸ਼ਾਂਤ ਨੂੰ 1-4 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਦੋਵਾਂ ਵਿਚਾਲੇ ਮੈਚ 'ਚ ਸਖਤ ਟੱਕਰ ਦੇਖਣ ਨੂੰ ਮਿਲੀ, ਹਾਲਾਂਕਿ ਨਿਸ਼ਾਂਤ ਪਹਿਲੇ ਦੋ ਗੇੜਾਂ ਵਿੱਚ ਅੱਗੇ ਚੱਲ ਰਿਹਾ ਸੀ ਪਰ ਤੀਜੇ ਗੇੜ ਵਿੱਚ ਨਿਸ਼ਾਂਤ ਮਾਰਕੋ ਨੂੰ ਹਰਾ ਨਹੀਂ ਸਕਿਆ ਅਤੇ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਨਿਸ਼ਾਂਤ ਆਖਰੀ 8 ਵਿੱਚ ਪਹੁੰਚਣ ਵਿੱਚ ਸਫਲ ਰਿਹਾ ।
2008 ਬੀਜਿੰਗ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਵਿਜੇਂਦਰ ਸਿੰਘ ਵੀ ਮੁਕਾਬਲੇ ਵਿੱਚ ਸਕੋਰਿੰਗ ਪ੍ਰਣਾਲੀ ਤੋਂ ਹੈਰਾਨ ਦਿਖਾਈ ਦਿੱਤੇ । ਵਿਜੇਂਦਰ ਨੇ ਐਕਸ ਪੇਜ 'ਤੇ ਲਿਖਿਆ, "ਮੈਨੂੰ ਨਹੀਂ ਪਤਾ ਕਿ ਸਕੋਰਿੰਗ ਸਿਸਟਮ ਕੀ ਹੈ, ਪਰ ਮੈਨੂੰ ਲਗਦਾ ਹੈ ਕਿ ਬਹੁਤ ਨਜ਼ਦੀਕੀ ਲੜਾਈ ਸੀ ,ਉਹ ਬਹੁਤ ਵਧੀਆ ਖੇਡਿਆ ਹੈ । ਦੱਸਦਈਏ ਕਿ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 71 ਕਿਲੋ ਵਰਗ ਵਿੱਚ ਮੈਕਸੀਕੋ ਦੇ ਮਾਰਕੋ ਵਰਡੇ ਦੇ ਹੱਕ ਵਿੱਚ ਜੱਜਾਂ ਦਾ ਫੈਸਲਾ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ । ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ ਨੇ ਲਿਖਿਆ, ਜੱਜ ਨੇ ਸਪੱਸ਼ਟ ਤੌਰ 'ਤੇ ਵਿਰੋਧੀ ਦਾ ਸਮਰਥਨ ਕੀਤਾ ਹੈ । ਇਹ ਸਾਫ਼ ਧੋਖਾ ਹੈ, ਨਿਸ਼ਾਂਤ ਦੇਵ ਜੇਤੂ ਹੈ । ਇਕ ਯੂਜ਼ਰ ਨੇ ਇਹ ਵੀ ਲਿਖਿਆ, ਤੁਸੀਂ ਪਹਿਲੇ ਦੋ ਰਾਉਂਡ ਜਿੱਤਣ ਤੋਂ ਬਾਅਦ ਨਿਸ਼ਾਂਤ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹੋ।
2021 ਵਿਚ ਇਲੀਟ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਨਿਸ਼ਾਂਤ ਦਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ, ਜਿੱਥੇ ਉਹ ਕੁਆਰਟਰ ਫਾਈਨਲ ਵਿਚ ਬਾਹਰ ਹੋਏ ਸਨ , ਪਰ ਉਸ ਨੇ ਆਪਣੀ ਨਿਡਰ ਮੁੱਕੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਪਹਿਲੇ ਦੌਰ ਵਿਚ ਹੰਗਰੀ ਦੇ ਨੌਂ ਵਾਰ ਦੇ ਰਾਸ਼ਟਰੀ ਚੈਂਪੀਅਨ ਲਾਸਜ਼ਲੋ ਕੋਜ਼ਾਕ ਨੂੰ ਨਾਕਆਊਟ ਕੀਤਾ ਅਤੇ ਦੋ ਵਾਰ ਹਰਾਇਆ । ਮਈ 2023 ਵਿੱਚ ਤਾਸ਼ਕੰਦ ਵਿੱਚ ਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ, ਨਿਸ਼ਾਂਤ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ, ਜੋ ਅੰਤਰਰਾਸ਼ਟਰੀ ਪੱਧਰ 'ਤੇ ਉਸਦਾ ਪਹਿਲਾ ਤਗਮਾ ਸੀ ।