ਮੁਹਾਲੀ ਦਾ ਜੰਮਪਲ ਗੁਰਪ੍ਰੀਤ ਸਿੰਘ ਬਣਿਆ ਭਾਰਤੀ ਫ਼ੁਟਬਾਲ ਟੀਮ ਦਾ ਕਪਤਾਨ
ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੂੰ ਐਤਵਾਰ ਨੂੰ ਇਥੇ ਕਤਰ ਵਿਰੁਧ 2026 ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇੰਗ ਮੈਚ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਮੋਹਾਲੀ: ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੂੰ ਐਤਵਾਰ ਨੂੰ ਇਥੇ ਕਤਰ ਵਿਰੁਧ 2026 ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇੰਗ ਮੈਚ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤ ਮੰਗਲਵਾਰ ਨੂੰ ਇਥੇ ਜੱਸਿਮ ਬਿਨ ਹਮਦ ਸਟੇਡੀਅਮ ’ਚ ਮੇਜ਼ਬਾਨ ਕਤਰ ਨਾਲ ਖੇਡੇਗਾ।
ਗੁਰਪ੍ਰੀਤ ਸਿੰਘ ਦਾ ਪਿਛੋਕੜ
ਗੁਰਪ੍ਰੀਤ ਸਿੰਘ ਦਾ ਜਨਮ 3 ਫਰਵਰੀ 1992 ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ’ਚ ਹੋਇਆ। ਗੁਰਪ੍ਰੀਤ ਨੇ 8 ਸਾਲ ਦੀ ਉਮਰ ’ਚ ਫ਼ੁਟਬਾਲ ਖੇਡਣੀ ਸ਼ੁਰੂ ਕੀਤੀ ਅਤੇ 2000 ’ਚ ਸੇਂਟ ਸਟੀਫਨ ਅਕੈਡਮੀ ’ਚ ਸ਼ਾਮਲ ਹੋ ਗਿਆ। ਸੇਂਟ ਸਟੀਫ਼ਨ ਅਕੈਡਮੀ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ, ਗੁਰਪ੍ਰੀਤ ਨੂੰ ਅਪਣੇ ਸੂਬੇ ਦੀ ਯੂਥ ਟੀਮ, ਪੰਜਾਬ ਯੂ.ਐਸ.-16 ’ਚ ਚੁਣਿਆ ਗਿਆ ਸੀ। ਗੁਰਪ੍ਰੀਤ ਨੇ 5 ਨਵੰਬਰ 2009 ਨੂੰ 2010 ਏ.ਐਫ.ਸੀ. ”-19 ਚੈਂਪੀਅਨਸ਼ਿਪ ਕੁਆਲੀਫ਼ਿਕੇਸ਼ਨ ’ਚ ਇਰਾਕ ਅੰਡਰ 19 ਵਿਰੁਧ ਇੰਡੀਆ ਯੂਏਨਜ਼ ਲਈ ਅਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਮੁੱਖ ਕੋਚ ਇਗੋਰ ਸਟਿਮਕ ਨੇ ਇਸ ਮੁਕਾਬਲੇ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਜਿਸ ਵਿਚ ਡਿਫ਼ੈਂਡਰ ਅਮੇਯ ਰਾਨਾਵਡੇ, ਲਾਲਚੁੰਗਨੁਗਾ ਅਤੇ ਸੁਭਾਸ਼ੀਸ਼ ਬੋਸ ਸ਼ਾਮਲ ਨਹੀਂ ਸਨ। ਬੋਸ ਨੇ ਨਿਜੀ ਕਾਰਨਾਂ ਕਰ ਕੇ ਟੀਮ ’ਚ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਸੀ। ਸਟਿਮਕ ਨੇ ਕਿਹਾ, ‘‘ਗੁਰਪ੍ਰੀਤ ਨੂੰ ਕਪਤਾਨੀ ਸੌਂਪਣਾ ਕੋਈ ਮੁਸ਼ਕਲ ਕੰਮ ਨਹੀਂ ਸੀ। ਇਹ 32 ਸਾਲ ਦਾ ਖਿਡਾਰੀ 71 ਕੌਮਾਂਤਰੀ ਮੈਚਾਂ ਨਾਲ ਟੀਮ ਦਾ ਸੱਭ ਤੋਂ ਤਜਰਬੇਕਾਰ ਖਿਡਾਰੀ ਹੈ।’’ਗੁਰਪ੍ਰੀਤ ਨੇ ਪਿਛਲੇ ਪੰਜ ਸਾਲਾਂ ਤੋਂ ਸੁਨੀਲ ਅਤੇ ਸੰਦੇਸ਼ ਝਿੰਗਨ ਦੇ ਨਾਲ ਕੁੱਝ ਮੈਚਾਂ ਵਿਚ ਟੀਮ ਦੀ ਕਪਤਾਨੀ ਕੀਤੀ ਹੈ। ਇਸ ਲਈ ਕੁਦਰਤੀ ਤੌਰ ’ਤੇ ਉਹ ਇਸ ਦਾ ਦਾਅਵੇਦਾਰ ਸੀ। ਕਤਰ ਪਹਿਲਾਂ ਹੀ ਗਰੁੱਪ ਵਿਚ ਚੋਟੀ ਦੇ ਸਥਾਨ ਨਾਲ ਤੀਜੇ ਪੜਾਅ ਲਈ ਕੁਆਲੀਫਾਈ ਕਰ ਚੁੱਕਾ ਹੈ। ਉਨ੍ਹਾਂ ਦੀ 29 ਮੈਂਬਰੀ ਟੀਮ ’ਚ 21 ਖਿਡਾਰੀ 24 ਸਾਲ ਤੋਂ ਘੱਟ ਉਮਰ ਦੇ ਹਨ।ਮੁਹਾਲੀ ਦਾ ਜੰਮਪਲ ਗੁਰਪ੍ਰੀਤ ਸਿੰਘ ਬਣਿਆ ਭਾਰਤੀ ਫ਼ੁਟਬਾਲ ਟੀਮ ਦਾ ਕਪਤਾਨ