ਹੜ੍ਹ ਪੀੜਤਾਂ ਲਈ ਅਗੇ ਆਏ ਨੌਜਵਾਨ, 5-5 ਫੁੱਟ ਪਾਣੀ 'ਚੋਂ ਕਰ ਰਹੇ ਰੈਸਕਿਊ
ਅੰਮ੍ਰਿਤਸਰ (ਵਿਵੇਕ ਕੁਮਾਰ): ਪੰਜਾਬ ਤੇ ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ ਅਤੇ ਕਈ ਘਰ ਤਬਾਹ ਹੋ ਗਏ ਹਨ। ਲੋਕਾਂ ਦਾ ਜਾਨ-ਮਾਲ ਤੇ ਬੇਜ਼ੁਬਾਨ ਪਸ਼ੂਆਂ ਦੀ ਜਾਨ 'ਤੇ ਬਣੀ ਹੋਈ ਹੈ।ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਜਨਾਲਾ ਹਲਕੇ ਵਿੱਚ ਰਾਵੀ ਦਰਿਆ ਦਾ ਬੰਨ੍ਹ ਟੁੱਟਣ ਤੋਂ ਬਾਅਦ ਹੜ੍ਹ ਨੇ ਭਿਆਨਕ ਰੂਪ ਧਾਰ ਲਿਆ ਹੈ।
ਕਰੀਬ 15 ਹਜ਼ਾਰ ਲੋਕ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ, ਜਦਕਿ ਲਗਭਗ 2000 ਲੋਕ ਅਜੇ ਵੀ ਪਾਣੀ ਵਿੱਚ ਫਸੇ ਹੋਏ ਦੱਸੇ ਜਾ ਰਹੇ ਹਨ। ਐਸੇ ਗੰਭੀਰ ਹਾਲਾਤਾਂ ਵਿੱਚ ਜਿੱਥੇ ਸਰਕਾਰੀ ਪ੍ਰਬੰਧ ਨਾਕਾਫੀ ਨਜ਼ਰ ਆ ਰਹੇ ਹਨ, ਉੱਥੇ ਸਥਾਨਕ ਨੌਜਵਾਨਾਂ ਨੇ ਅੱਗੇ ਆ ਕੇ ਰਾਹਤ ਕਾਰਜ ਦੀ ਕਮਾਨ ਸੰਭਾਲ ਲਈ ਹੈ।
ਕੱਲ੍ਹ ਦੁਪਹਿਰ ਤੋਂ ਹੀ ਦਰਜਨਾਂ ਨੌਜਵਾਨ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਪਿੰਡਾਂ ਦੇ ਘਰਾਂ ਵਿੱਚ ਫਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਕਈ ਥਾਵਾਂ ’ਤੇ 5-5 ਫੁੱਟ ਗਹਿਰੇ ਪਾਣੀ ਵਿੱਚ ਉਤਰ ਕੇ ਇਹ ਨੌਜਵਾਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਰਹੇ ਹਨ।ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸੇਵਾ ਪੂਰੀ ਤਰ੍ਹਾਂ ਆਪਣੇ ਹੀ ਸਰੋਤਾਂ ਨਾਲ ਕੀਤੀ ਜਾ ਰਹੀ ਹੈ। ਨੌਜਵਾਨ ਆਪਣੇ ਘਰਾਂ ਤੋਂ ਹੀ ਤੇਲ ਭਰ ਕੇ ਅਤੇ ਆਪਣੀਆਂ ਟਰੈਕਟਰ-ਟਰਾਲੀਆਂ ਲਗਾ ਕੇ ਫਸੇ ਹੋਏ ਲੋਕਾਂ ਦੀ ਮਦਦ ਕਰ ਰਹੇ ਹਨ।
ਇਸ ਸੰਬੰਧੀ ਗੱਲ ਬਾਤ ਕਰਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਇਹ ਲੋਕ ਸਾਡੇ ਆਪਣੇ ਹਨ ਅਤੇ ਇਹਨਾਂ ਨੂੰ ਬਚਾਉਣਾ ਸਾਡਾ ਫ਼ਰਜ਼ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕਿਸੇ ਵੀ ਸਰਕਾਰੀ ਜਾਂ ਨਿੱਜੀ ਸੰਸਥਾ ਤੋਂ ਮਾਲੀ ਸਹਾਇਤਾ ਨਹੀਂ ਲੈ ਰਹੇ। ਉਹ ਸਿਰਫ਼ ਇਨਸਾਨੀਅਤ ਅਤੇ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ ’ਤੇ ਚਲਦਿਆਂ ਨਿਸ਼ਕਾਮ ਭਾਵ ਨਾਲ ਸੇਵਾ ਕਰ ਰਹੇ ਹਨ।