ਗਠਜੋੜ ਬਚਾਊ ਅਕਾਲੀ-ਭਾਜਪਾ ਦੀ ਸਿਆਸੀ ਹੋਂਦ?
ਪੰਜਾਬ ਵਿਚ ਹੋਈਆਂ ਪਿਛਲੀਆਂ ਕਈ ਜ਼ਿਮਨੀ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਦੀਆਂ ਆ ਰਹੀਆਂ ਵਿਰੋਧੀ ਪਾਰਟੀਆਂ ਵੱਲੋਂ 2027 ਦੀਆਂ ਚੋਣਾਂ ਲਈ ਹੁਣੇ ਤੋਂ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਗਈ ਐ ਤਾਂ ਜੋ ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਮਾਤ ਦਿੱਤੀ ਜਾ ਸਕੇ। ਇਸ ਵਿਚਾਲੇ ਫਿਰ ਤੋਂ ਅਕਾਲੀ ਭਾਜਪਾ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਪੂਰੀ ਤਰ੍ਹਾਂ ਗਰਮ ਐ
ਚੰਡੀਗੜ੍ਹ : ਪੰਜਾਬ ਵਿਚ ਹੋਈਆਂ ਪਿਛਲੀਆਂ ਕਈ ਜ਼ਿਮਨੀ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਦੀਆਂ ਆ ਰਹੀਆਂ ਵਿਰੋਧੀ ਪਾਰਟੀਆਂ ਵੱਲੋਂ 2027 ਦੀਆਂ ਚੋਣਾਂ ਲਈ ਹੁਣੇ ਤੋਂ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਗਈ ਐ ਤਾਂ ਜੋ ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਮਾਤ ਦਿੱਤੀ ਜਾ ਸਕੇ। ਇਸ ਵਿਚਾਲੇ ਫਿਰ ਤੋਂ ਅਕਾਲੀ ਭਾਜਪਾ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਪੂਰੀ ਤਰ੍ਹਾਂ ਗਰਮ ਐ, ਜਿਸ ਨੂੰ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਵੱਲੋਂ ਦਿੱਤੇ ਗਏ ਇਕ ਬਿਆਨ ਨੇ ਇਸ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਅਕਾਲੀ ਭਾਜਪਾ ਗਠਜੋੜ ਨੂੰ ਲੈ ਕੇ ਕੀ ਚੱਲ ਰਹੀ ਸਿਆਸੀ ਗਲਿਆਰਿਆਂ ਵਿਚ ਚਰਚਾ ਅਤੇ ਦੂਜੀਆਂ ਪਾਰਟੀਆਂ ਵਿਛਾਉਣ ਜਾ ਰਹੀਆਂ ਕਿਹੜੀ ਸਿਆਸੀ ਬਿਸਾਤ?
ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਹਾਲੇ ਕਾਫ਼ੀ ਸਮਾਂ ਬਾਕੀ ਐ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਸਿਆਸੀ ਬਿਸਾਤ ਹੁਣੇ ਤੋਂ ਵਿਛਾਉਣੀ ਸ਼ੁਰੂ ਕਰ ਦਿੱਤੀ ਐ, ਜਿਨ੍ਹਾਂ ਦਾ ਮਕਸਦ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਕੇ ਖ਼ੁਦ ਸੱਤਾ ’ਤੇ ਕਾਬਜ਼ ਹੋਣਾ ਏ। ਜੇਕਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਾਫ਼ੀ ਸਮੇਂ ਤੋਂ ਦੋਵੇਂ ਪਾਰਟੀਆਂ ਨੂੰ ਪੰਜਾਬ ਵਿਚ ਕੋਈ ਕਾਮਯਾਬੀ ਨਹੀਂ ਮਿਲ ਸਕੀ। ਹਰ ਵਾਰ ਦੋਵੇਂ ਪਾਰਟੀਆਂ ਦੇ ਉਮੀਦਵਾਰ ਮਾਤ ਖਾ ਜਾਂਦੇ ਨੇ ਪਰ ਜਦੋਂ ਦੋਵੇਂ ਪਾਰਟੀਆਂ ਦੀਆਂ ਵੋਟਾਂ ਮਿਲਾ ਕੇ ਜੋੜ ਘਟਾਓ ਕੀਤਾ ਗਿਆ ਤਾਂ ਕੁੱਝ ਥਾਵਾਂ ’ਤੇ ਵਧੀਆ ਨਤੀਜੇ ਦਿਖਾਈ ਦਿੱਤੇ। ਜਿਸ ਕਾਰਨ ਕਈ ਵਾਰ ਦੋਵੇਂ ਪਾਰਟੀਆਂ ਵਿਚਾਲੇ ਫਿਰ ਤੋਂ ਗਠਜੋੜ ਦੀ ਚਰਚਾ ਹੁੰਦੀ ਰਹੀ, ਪਰ ਹਾਲੇ ਤੱਕ ਇਹ ਸਿਰਫ਼ ਚਰਚਾ ਹੀ ਐ, ਇਸ ਨੂੰ ਹਕੀਕੀ ਤੌਰ ’ਤੇ ਬੂਰ ਨਹੀਂ ਪੈ ਸਕਿਆ।
ਦਰਅਸਲ ਸਾਲ 2020 ਦੇ ਕਿਸਾਨੀ ਅੰਦੋਲਨ ਸਮੇਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ, ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਪੋ ਆਪਣੇ ਦਮ ’ਤੇ ਲੜੀਆਂ ਗਈਆਂ, ਜਿਸ ਵਿਚ ਜ਼ਿਆਦਾ ਸਫ਼ਲਤਾ ਕਿਸੇ ਪਾਰਟੀ ਨੂੰ ਨਹੀਂ ਮਿਲ ਸਕੀ, ਨਾ ਅਕਾਲੀ ਦਲ ਅਤੇ ਨਾ ਹੀ ਭਾਜਪਾ ਨੂੰ। ਅਕਾਲੀ ਭਾਜਪਾ ਦੀ ਇਸ ਹਾਲਤ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਦੋਵੇਂ ਪਾਰਟੀਆਂ ਇਕ ਦੂਜੇ ਦੇ ਸਿਰ ’ਤੇ ਹੀ ਚੋਣਾਂ ਜਿੱਤ ਰਹੀਆਂ ਸੀ ਪਰ ਵੱਖੋ ਵੱਖ ਹੋ ਕੇ ਇਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲ ਰਹੀ। ਇਸੇ ਚਰਚਾ ਵਿਚਾਲੇ ਕਈ ਵਾਰ ਦੋਵਾਂ ਪਾਰਟੀਆਂ ਦੇ ਇੱਕਠੇ ਹੋਣ ਦੀ ਗੱਲ ਤੁਰਦੀ ਰਹੀ ਪਰ ਸਿਰੇ ਨਹੀਂ ਚੜ੍ਹ ਸਕੀ।
ਹੁਣ ਜਦੋਂ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ’ਚੋਂ ਕੱਢੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕੀਤੀ ਐ ਤਾਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਮੁੜ ਤੋਂ ਭਾਜਪਾ ਨਾਲ ਗਠਜੋੜ ਕਰਨ ਦੇ ਦਿੱਤੇ ਗਏ ਬਿਆਨ ਨਾਲ ਪੰਜਾਬ ਦੀ ਸਿਆਸਤ ਫਿਰ ਤੋਂ ਗਰਮਾ ਗਈ ਐ। ਹਾਲਾਂਕਿ ਉਨ੍ਹਾਂ ਇਹ ਗੱਲ ਵੀ ਆਖੀ ਕਿ ਜਦੋਂ ਭਾਜਪਾ ਸਾਡੇ ਸਾਰੇ ਮਸਲੇ ਹੱਲ ਕਰ ਦੇਵੇਗੀ ਤਾਂ ਹੀ ਗਠਜੋੜ ਹੋ ਸਕੇਗਾ,, ਅਤੇ ਨਾਲ ਹੀ ਉਨ੍ਹਾਂ ਇਹ ਵੀ ਆਖ ਦਿੱਤਾ ਕਿ ਜੇਕਰ ਗਠਜੋੜ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਿਚ ਵੱਡੇ ਭਰਾ ਦੀ ਭੂਮਿਕਾ ਹੀ ਨਿਭਾਏਗਾ।
ਇਸ ਗੱਲ ਵਿਚ ਕੋਈ ਦੋ ਰਾਇ ਨਹੀਂ ਕਿ ਅਕਾਲੀ ਦਲ ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਨਾਲ ਗਠਜੋੜ ਕਰਨ ਲਈ ਉਤਾਵਲਾ ਹੋ ਰਿਹੈ,,, ਜਿਸ ਦੇ ਲਈ ਕਥਿਤ ਤੌਰ ’ਤੇ ਅੰਦਰਖ਼ਾਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਹੋਈਆਂ ਪਰ ਕੋਈ ਨਾ ਕੋਈ ਗਰਾਰੀ ਅਜਿਹੀ ਫਸਦੀ ਰਹੀ ਕਿ ਦੋਵਾਂ ਵਿਚ ਗਠਜੋੜ ਨਹੀਂ ਹੋ ਸਕਿਆ। ਉਂਝ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਇਹ ਆਖ ਚੁੱਕੇ ਨੇ ਕਿ ਗਠਜੋੜ ਕਰਨ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ,,, ਪਰ ਜਦੋਂ ਪਾਰਟੀ ਬੁਲਾਰਿਆਂ ਨਾਲ ਗੱਲ ਕੀਤੀ ਜਾਂਦੀ ਐ ਤਾਂ ਉਹ ਗਠਜੋੜ ਤੋਂ ਸਾਫ਼ ਇਨਕਾਰ ਕਰਦੇ ਹੋਏ ਇਹੀ ਆਖਦੇ ਨੇ ਕਿ ਭਾਜਪਾ ਆਪਣੇ ਦਮ ’ਤੇ ਚੋਣਾਂ ਲੜੇਗੀ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਚਰਚਾ ਛਿੜਦਿਆਂ ਹੀ ਵਿਰੋਧੀਆਂ ਵੱਲੋਂ ਵੀ ਦੋਵੇਂ ਪਾਰਟੀਆਂ ’ਤੇ ਤਿੱਖੇ ਤੰਜ਼ ਕੀਤੇ ਜਾ ਰਹੇ ਨੇ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅੰਦਰੋਂ ਇੱਕਠੇ ਹੀ ਨੇ,, ਬਸ ਹੁਣ ਲੋਕਾਂਚਾਰੀ ਇੱਕਠੇ ਹੋਣ ਦਾ ਡਰਾਮਾ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਕਿਸਾਨੀ ਅੰਦੋੋਲਨ ਦੇ ਸਮੇਂ ਵੀ ਲੋਕਾਂ ਦੇ ਦਬਾਅ ਹੇਠ ਆ ਕੇ ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜਨ ਦਾ ਦਿਖਾਵਾ ਕੀਤਾ ਸੀ ਪਰ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਰੇ ਅਕਾਲੀ ਦਲ ਨੂੰ ਇੱਕਠੇ ਹੋਣ ਦੀ ਕੀਤੀ ਗਈ ਅਪੀਲ ਤੋਂ ਬਾਅਦ ਇਹ ਗਠਜੋੜ ਵਾਲੀ ਸਰਗਰਮੀ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਐ। ਅਕਾਲੀ ਦਲ ਵੱਲੋਂ ਬੇਅਦਬੀ ਦੇ ਦਾਗ਼ ਧੋਣ ਲਈ ਜੋ ਡਰਾਮਾ ਕੀਤਾ ਗਿਆ,, ਇਹ ਵੀ ਗਠਜੋੜ ਕਰਨ ਦੇ ਲਈ ਜ਼ਮੀਨ ਤਿਆਰ ਕੀਤੀ ਗਈ ਐ।
ਅਕਾਲੀ ਭਾਜਪਾ ਗਠਜੋੜ ਦੇ ਸਿਆਸੀ ਪਿਛੋਕੜ ’ਤੇ ਝਾਤ ਮਾਰੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਕਾਰ ਗਠਜੋੜ ਸਾਲ 1997 ਵਿਚ ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ ਕਪੂਰਥਲਾ ਵਿਖੇ ਵੱਡੀ ਰੈਲੀ ਕਰਕੇ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਵੱਡੇ ਬਹੁਮਤ ਨਾਲ ਨਿਵਾਜ਼ਿਆ ਗਿਆ ਸੀ। ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਦੋਵੇਂ ਪਾਰਟੀਆਂ ਨੂੰ ਪੰਜਾਬ ਵਿਚ ਆਪਣੀ ਸਿਆਸੀ ਹੋਂਦ ਬਚਾਉਣ ਲਈ ਮੌਜੂਦਾ ਸਮੇਂ ਗਠਜੋੜ ਕਰਨ ਦੀ ਬੇਹੱਦ ਲੋੜ ਐ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ ਸਨ।
ਇਸੇ ਤਰ੍ਹਾਂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨੂੰ 41 ਅਤੇ ਭਾਜਪਾ ਨੂੰ 3 ਸੀਟਾਂ ’ਤੇ ਸਫਲਤਾ ਮਿਲੀ। ਫਿਰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 49 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ। ਸਾਲ 2012 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 56, ਭਾਰਤੀ ਜਨਤਾ ਪਾਰਟੀ ਨੂੰ 12 ਸੀਟਾਂ ’ਤੇ ਬਹੁਮਤ ਹਾਸਲ ਹੋਇਆ ਅਤੇ ਪੰਜਾਬ ਵਿਚ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ। ਫਿਰ ਸਾਲ 2017 ਵਿਚ ਅਕਾਲੀ-ਭਾਜਪਾ ਗੱਠਜੋੜ ਨੂੰ 18 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸ ਮਗਰੋਂ ਦੋਵੇਂ ਪਾਰਟੀਆਂ ਦਾ ਗ੍ਰਾਫ਼ ਲਗਾਤਾਰ ਡਿੱਗਦਾ ਹੀ ਚਲਾ ਗਿਆ।
ਆਖ਼ਰਕਾਰ 26 ਸਤੰਬਰ 2020 ਨੂੰ ਖੇਤੀਬਾੜੀ ਬਿਲਾਂ ਦੇ ਮੁੱਦੇ ਨੂੰ ਲੈ ਕੇ ਹਿੰਦੂ-ਸਿੱਖ ਏਕਤਾ ਦੇ ਨਾਅਰੇ ਹੇਠ ਬਣਿਆ ਗਠਜੋੜ ਟੁੱਟ ਗਿਆ। ਭਾਵੇਂ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਲਿਆ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ 3 ਅਤੇ ਭਾਜਪਾ ਮਹਿਜ਼ ਦੋ ਸੀਟਾਂ ’ਤੇ ਸਿਮਟ ਕੇ ਰਹਿ ਗਈ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਬਾਦਲ 13 ਵਿੱਚੋਂ ਸਿਰਫ਼ ਇਕ ਸੀਟ ਹੀ ਜਿੱਤ ਸਕਿਆ। ਪੰਜਾਬ ਵਿਚ 2020 ਤੋਂ ਲੈ ਕੇ 2025 ਤੱਕ ਹੋਈਆਂ ਜ਼ਿਮਨੀ ਚੋਣਾਂ ਵਿਚ ਭਾਵੇਂ ਦੋਵੇਂ ਪਾਰਟੀਆਂ ਵੱਖੋ ਵੱਖ ਚੋਣ ਲੜਦੀਆਂ ਰਹੀਆਂ, ਪਰ ਦੋਵੇਂ ਹੀ ਪਾਰਟੀਆਂ ਨੂੰ ਸਫਲਤਾ ਹਾਸਲ ਨਹੀਂ ਹੋ ਸਕੀ।
ਅਕਾਲੀ ਭਾਜਪਾ ਗਠਜੋੜ ਨੂੰ ਲੈ ਕੇ ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਜੇਕਰ ਮੁੜ ਤੋਂ ਗਠਜੋੜ ਹੋ ਜਾਂਦਾ ਹੈ ਤਾਂ ਪੰਜਾਬ ਵਿਚ ਇਨ੍ਹਾਂ ਦੋਵੇਂ ਪਾਰਟੀਆਂ ਦੀ ਸਿਆਸੀ ਹੋਂਦ ਬਚ ਸਕਦੀ ਹੈ। ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਬੇਸ਼ੱਕ ਭਾਜਪਾ ਦੇ ਆਗੂ ਗਠਜੋੜ ਦੀਆਂ ਗੱਲਾਂ ਨੂੰ ਨਕਾਰਦੇ ਹੋਣ ਪਰ 2027 ਤੋਂ ਪਹਿਲਾਂ ਪਹਿਲਾਂ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਹੋਣਾ ਲਗਭਗ ਤੈਅ ਐ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ