SGPC ਨੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਅਰੰਭੀ ਲੰਗਰ ਦੀ ਸੇਵਾ, ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਪੁੱਜੇਗਾ ਵੱਡਾ ਫ਼ਾਇਦਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅੱਜ ਇੱਕ ਵੱਡਾ ਉਪਰਾਲਾ ਅਰੰਭਿਆ ਹੈ। ਅੰਮ੍ਰਿਤਸਰ ਵਿਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ (GURU NANAK DEV HOSPITAL, AMRITSAR) ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ‘ਗੁਰੂ ਕਾ ਲੰਗਰ’ ਸੇਵਾ

Update: 2026-03-27 14:41 GMT

ਦੂਰ–ਦੁਰਾਡਿਓਂ ਮਰੀਜ਼ ਆਉਂਦੇ AMRITSAR ਦੇ GURU NANAK DEV HOSPITAL

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅੱਜ ਇੱਕ ਵੱਡਾ ਉਪਰਾਲਾ ਅਰੰਭਿਆ ਹੈ। ਅੰਮ੍ਰਿਤਸਰ ਵਿਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ (GURU NANAK DEV HOSPITAL, AMRITSAR) ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ‘ਗੁਰੂ ਕਾ ਲੰਗਰ’ ਸੇਵਾ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸੇਵਾ ਦੀ ਆਰੰਭਤਾ ਅਰਦਾਸ ਨਾਲ ਹੋਈ ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਹਾਜ਼ਰ ਰਹੇ। ਇਸ ਉਪਰਾਲੇ ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋੜਵੰਦ ਪਰਿਵਾਰਾਂ ਨੂੰ ਇਲਾਜੀ ਖਰਚਿਆਂ ਤੋਂ ਇਲਾਵਾ ਰੋਟੀ ਦੀ ਚਿੰਤਾ ਤੋਂ ਵੀ ਰਾਹਤ ਮਿਲੇਗੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਫੈਸਲਾ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਕਸਰ ਇਹ ਦੇਖਿਆ ਜਾਂਦਾ ਸੀ ਕਿ ਬਾਹਰੋਂ ਆਉਣ ਵਾਲੇ ਮਰੀਜ਼ਾਂ ਦੇ ਵਾਰਸਾਂ ਨੂੰ ਇਲਾਜ ਦੇ ਖਰਚਿਆਂ ਨਾਲ-ਨਾਲ ਖਾਣ-ਪੀਣ ਦਾ ਪ੍ਰਬੰਧ ਕਰਨ ਵਿਚ ਵੱਡੀਆਂ ਮੁਸੀਬਤਾਂ ਆਉਂਦੀਆਂ ਸਨ। ਇਸ ਲਈ ਸ਼੍ਰੋਮਣੀ ਕਮੇਟੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਲੰਗਰ ਸੇਵਾ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਸੇਵਾ ਤਹਿਤ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਬਿਨਾਂ ਲੰਗਰ ਛਕਣ ਦੀ ਆਜ਼ਾਦੀ ਹੋਵੇਗੀ।

ਇਹ ਲੰਗਰ ਸੇਵਾ ਸ੍ਰੀ ਗੁਰੂ ਰਾਮਦਾਸ ਲੰਗਰ ਹਾੱਲ (SRI GURU RAMDASS LANGAR HALL) ਤੋਂ ਚਲਾਈ ਜਾਵੇਗੀ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਉਥੇ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਪਹੁੰਚਾਈ ਹੈ। ਇਸ ਮੌਕੇ ਹਸਪਤਾਲ ਪ੍ਰਬੰਧਨ ਨਾਲ ਜੁੜੇ ਮੈਨੇਜਰ ਸਤਿੰਦਰ ਸਿੰਘ, ਸਤਨਾਮ ਸਿੰਘ ਝਬਾਲ, ਬਿਕਰਮ ਸਿੰਘ, ਯੁਵਰਾਜ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਉਪਰਾਲੇ ਨੂੰ ਮਾਨਵਤਾ ਦੀ ਸੇਵਾ ਵੱਲ ਵੱਡਾ ਕਦਮ ਦੱਸਿਆ ਅਤੇ ਕਿਹਾ ਕਿ ਗੁਰੂ ਘਰ ਦੀ ਇਸ ਪਰੰਪਰਾ ਨੂੰ ਹਸਪਤਾਲਾਂ ਤੱਕ ਲੈ ਕੇ ਆਉਣ ਨਾਲ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਨੂੰ ਧਰਵਾਸ ਮਿਲੇਗਾ। ਉਨ੍ਹਾਂ ਹਸਪਤਾਲ ਪ੍ਰਬੰਧਨ ਅਤੇ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੇਵਾ ਨੂੰ ਆਰੰਭ ਕਰਨ ਲਈ ਯਤਨ ਕੀਤੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਮਾਨਵਤਾ ਦੀ ਸੇਵਾ ਵਿਚ ਅਗਵਾਈ ਕਰ ਰਹੀ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ‘ਗੁਰੂ ਕਾ ਲੰਗਰ’ ਪਰੰਪਰਾ ਅੱਜ ਵੀ ਸਿੱਖ ਧਰਮ ਦੀ ਮੁੱਢਲੀ ਅਤੇ ਅਨਮੋਲ ਵਿਰਾਸਤ ਹੈ। ਇਸ ਰਾਹੀਂ ਹਰ ਵਿਅਕਤੀ ਨੂੰ ਭੇਦਭਾਵ ਤੋਂ ਉਪਰ ਉਠ ਕੇ ਇੱਕੋ ਥਾਲ ਵਿਚ ਖਾਣਾ ਛਕਣ ਦਾ ਮੌਕਾ ਮਿਲਦਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਪਰੰਪਰਾ ਨੂੰ ਹਸਪਤਾਲ ਵਰਗੀਆਂ ਜਗ੍ਹਾਵਾਂ ਤੱਕ ਫੈਲਾ ਕੇ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ।

ਇਸ ਨਵੀਂ ਸੇਵਾ ਨਾਲ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੇ ਮਰੀਜ਼ ਦੀ ਸੇਵਾ ਉੱਤੇ ਪੂਰਾ ਧਿਆਨ ਦੇਣ ਦਾ ਮੌਕਾ ਮਿਲੇਗਾ। ਇਹ ਉਪਰਾਲਾ ਗੁਰੂ ਘਰ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿਚ ਉਜਾਗਰ ਕਰਦਾ ਹੈ ਅਤੇ ਲੋਕਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਤੀ ਸ਼ਰਧਾ ਵਧਾਉਂਦਾ ਹੈ।

Tags:    

Similar News