ਸਰਬਜੀਤ ਕੌਰ ਦੇ ਪਤੀ ਦਾ ਆਇਆ ਵੱਡਾ ਬਿਆਨ, ਇੰਟਰਵਿਊ 'ਚ ਕਰਨੈਲ ਸਿੰਘ ਨੇ ਕੀਤੇ ਕਈ ਵੱਡੇ ਖੁਲਾਸੇ
ਸਰਬਜੀਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਨਾਲ਼ ਪਾਕਿਸਤਾਨ ਗਈ ਸੀ ਪਰ ਉਥੇ ਉਹ ਅਚਾਨਕ ਗ਼ਾਇਬ ਹੋ ਗਈ ਸੀ। ਫਿਰ ਉਸ ਦੀ ਇੱਕ ਵਿਡੀਓ ਵਾਇਰਲ ਹੋਈ, ਜਿਸ ਵਿੱਚ ਉਹ ਨਾਸਿਰ ਹੁਸੈਨ ਨਾਂਅ ਦੇ ਇੱਕ ਨੌਜਵਾਨ ਨਾਲ਼ ਨਿਕਾਹ ਕਰਵਾ ਰਹੀ ਹੈ
ਪਾਕਿਸਤਾਨ 'ਚ ਸਰਬਜੀਤ 'ਤੇ ਦਬਾਅ ਦੀ ਕੀਤੀ ਗੱਲ
ਕਪੂਰਥਲਾ: ਚੜ੍ਹਦੇ ਪੰਜਾਬ ਦੇ ਕਪੂਰਥਲਾ ਲਾਗਲੇ ਪਿੰਡ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਪਤੀ ਕਰਨੈਲ ਸਿੰਘ ਨੇ ਹੁਣ ਕਿਹਾ ਹੈ ਕਿ ਜੇ ਸਰਬਜੀਤ ਕੌਰ ਵਾਪਸ ਆਉਂਦੀ ਹੈ, ਤਾਂ ਉਹ ਉਸ ਨੂੰ ਪ੍ਰਵਾਨ ਕਰਨ ਲਈ ਤਿਆਰ ਹਨ। ਇੱਕ ਨਿਜੀ ਚੈਨਲ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨੂੰ ਬਲੈਕਮੇਲ ਕੀਤਾ ਗਿਆ ਸੀ; ਜਿਸ ਕਰਕੇ ਉਹ ਪਾਕਿਸਤਾਨ ਜਾਣ ਲਈ ਮਜਬੂਰ ਹੋਈ।
ਇੱਥੇ ਦੱਸ ਦੇਈਏ ਕਿ ਸਰਬਜੀਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਨਾਲ਼ ਪਾਕਿਸਤਾਨ ਗਈ ਸੀ ਪਰ ਉਥੇ ਉਹ ਅਚਾਨਕ ਗ਼ਾਇਬ ਹੋ ਗਈ ਸੀ। ਫਿਰ ਉਸ ਦੀ ਇੱਕ ਵਿਡੀਓ ਵਾਇਰਲ ਹੋਈ, ਜਿਸ ਵਿੱਚ ਉਹ ਨਾਸਿਰ ਹੁਸੈਨ ਨਾਂਅ ਦੇ ਇੱਕ ਨੌਜਵਾਨ ਨਾਲ਼ ਨਿਕਾਹ ਕਰਵਾ ਰਹੀ ਹੈ। ਸਰਬਜੀਤ ਕੌਰ ਤੇ ਉਸ ਦੇ ਬੱਚਿਆਂ ਖ਼ਿਲਾਫ਼ ਭਾਰਤ 'ਚ ਕਈ ਮਾਮਲੇ ਦਰਜ ਹਨ। ਇਸ ਦੀ ਪੁਸ਼ਟੀ ਖ਼ੁਦ ਕਰਨੈਲ ਸਿੰਘ ਨੇ ਕੀਤੀ ਹੈ।
ਕਰਨੈਲ ਸਿੰਘ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਇੰਗਲੈਂਡ 'ਚ ਹੀ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਕਾਨੂੰਨੀ ਤੇ ਪਰਿਵਾਰਕ ਕਾਰਣਾਂ ਕਰ ਕੇ ਉਨ੍ਹਾਂ ਨੂੰ ਇੰਨਾ ਜ਼ਿਆਦਾ ਸਮਾਂ ਵਿਦੇਸ਼ ਰਹਿਣਾ ਪਿਆ। ਉਨ੍ਹਾਂ ਮੁਤਾਬਕ ਕਾਨੂੰਨੀ ਕੇਸਾਂ ਦੀ ਪੈਰਵਾਈ ਕਰਨ ਤੇ ਜ਼ਮਾਨਤਾਂ ਕਰਵਾਉਣ ਲਈ ਉਨ੍ਹਾਂ ਭਾਰੀ ਰਕਮਾਂ ਖ਼ਰਚ ਕੀਤੀਆਂ ਹਨ। ਕਰਨੈਲ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਹਰ ਮਹੀਨੇ ਲਗਭਗ ਤਿੰਨ ਲੱਖ ਰੁਪਏ ਸਰਬਜੀਤ ਕੌਰ ਦੇ ਖਾਤੇ ਵਿੱਚ ਜਮ੍ਹਾ ਕਰਵਾਉਂਦੇ ਰਹੇ ਸਨ। ਉਸ ਵਿੱਚੋਂ ਬਹੁਤੀ ਰਕਮ ਕਾਨੂੰਨੀ ਕੇਸਾਂ ਉਤੇ ਖ਼ਰਚ ਹੁੰਦੀ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਦੋ ਕੁ ਸਾਲ ਪਹਿਲਾਂ ਨਾਸਿਰ ਹੁਸੈਨ ਵੱਲੋਂ ਉਨ੍ਹਾਂ ਨੂੰ ਸਰਬਜੀਤ ਕੌਰ ਦੀਆਂ ਕੁਝ ਅਸ਼ਲੀਲ ਤਸਵੀਰਾਂ ਭੇਜੀਆਂ ਗਈਆਂ ਸਨ। ਤਦ ਸਰਬਜੀਤ ਕੌਰ ਨੇ ਖ਼ੁਦਕੁਸ਼ੀ ਕਰਨ ਦਾ ਵੀ ਜਤਨ ਕੀਤਾ ਸੀ। ਉਦੋਂ ਪਰਿਵਾਰ ਨੇ ਬਹੁਤ ਮੁਸ਼ਕਿਲ ਨਾਲ਼ ਉਸ ਨੂੰ ਸਮਝਾਇਆ ਸੀ।
ਕਰਨੈਲ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਪਾਕਿਸਤਾਨ 'ਚ ਇਹ ਮਾਮਲਾ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਥੇ ਇੱਕ ਵਕੀਲ ਨਾਲ਼ ਸਲਾਹ–ਮਸ਼ਵਰਾ ਵੀ ਕੀਤਾ ਗਿਆ ਸੀ। ਪਰ ਨਾਸਿਰ ਨੇ ਦਬਾਅ ਬਣਾ ਕੇ ਪੈਸੇ ਮੰਗਣਾ ਜਾਰੀ ਰੱਖਿਆ।
ਉਨ੍ਹਾਂ ਇਹ ਵੀ ਆਖਿਆ ਕਿ ਪਾਕਿਸਤਾਨ ਤੋਂ ਆਈਆਂ ਵਿਡੀਓਜ਼ 'ਚ ਸਰਬਜੀਤ ਕੌਰ ਕਾਫ਼ੀ ਖ਼ੁ਼ਸ਼ ਵਿਖਾਈ ਦੇ ਰਹੀ ਹੈ, ਜਦ ਕਿ ਅਸਲੀਅਤ ਉਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਉਤੇ ਅਜਿਹੇ ਬਿਆਨ ਦੇਣ ਲਈ ਦਬਾਅ ਪਾਇਆ ਜਾਂਦਾ ਰਿਹਾ ਹੈ।
ਇਸ ਤੋਂ ਇਲਾਵਾ ਸਰਬਜੀਤ ਕੌਰ ਨੇ ਵੀ ਆਪਣੇ ਪਤੀ ਕਰਨੈਲ ਸਿੰਘ ਨੂੰ ਕਿਹਾ ਸੀ ਕਿ ਉਹ ਉਸ ਨੂੰ ਇੰਗਲੈਂਡ ਸੱਦ ਲੈਣ। ਤਦ ਕਰਨੈਲ ਸਿੰਘ ਦਾ ਜਵਾਬ ਸੀ ਕਿ ਉਹ ਪਹਿਲਾਂ ਭਾਰਤ ਪਰਤ ਆਉਣ, ਫਿਰ ਉਹ ਉਸ ਨੂੰ ਇੰਗਲੈਂਡ ਵੀ ਸੱਦ ਲੈਣਗੇ।