ਰਿਸ਼ਤਿਆਂ ਦਾ ਘਾਣ : ਸਕੇ ਚਾਚੇ ਨੇ 13 ਸਾਲਾ ਭਤੀਜੇ ਦਾ ਗਲਾ ਵੱਢ ਕੇ ਕੀਤਾ ਕਤਲ
ਪਟਿਆਲਾ ਦੇ ਤ੍ਰਿਪੜੀ ਦੇ ਅਨੰਦ ਨਗਰ ਦੀ ਹੈ ਵਾਰਦਾਤ
Patiala Murder News: ਪੰਜਾਬ ਦੇ ਪਟਿਆਲਾ ਵਿੱਚ ਇੱਕ ਨੌਜਵਾਨ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਟਿਆਲਾ ਦੇ ਆਨੰਦ ਨਗਰ ਤ੍ਰਿਪੜੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਪਰਿਵਾਰਕ ਝਗੜੇ ਕਾਰਨ ਚਾਚੇ ਨੇ ਆਪਣੇ 13 ਸਾਲਾ ਭਤੀਜੇ ਦਾ ਚਾਕੂ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਬੱਚੇ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਚਾਕੂਆਂ ਦੇ ਕਈ ਵਾਰ ਵੀ ਕੀਤੇ ਗਏ। ਤ੍ਰਿਪੜੀ ਥਾਣੇ ਦੇ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਅਨੁਸਾਰ ਘਟਨਾ ਤੋਂ ਬਾਅਦ ਦੋਸ਼ੀ 'ਤੇ ਮੌਕੇ ਤੋਂ ਫ਼ਰਾਰ ਹੋ ਹਿਆ। ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਵਜੋਂ ਹੋਈ ਹੈ। ਦੋਸ਼ੀ ਚਾਚਾ ਹਰਜੀਤ ਸਿੰਘ ਉਰਫ਼ ਜਾਨੀ ਹੈ, ਜੋ ਕਿ ਅਣਵਿਆਹਿਆ ਹੈ।
ਪੁਲਿਸ ਅਨੁਸਾਰ ਮ੍ਰਿਤਕ ਅਮਰਿੰਦਰ ਸਿੰਘ ਦੇ ਤਿੰਨ ਚਾਚੇ ਹਨ। ਹਾਲਾਂਕਿ, ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਕਤਲ ਵਿੱਚ ਤਿੰਨੋਂ ਚਾਚੇ ਵੀ ਸ਼ਾਮਲ ਹਨ। ਪਰ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਮਾਮਲੇ ਦੀ ਜਾਂਚ ਦੌਰਾਨ ਬਾਕੀ ਦੋ ਵੀ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਦਾ ਨਾਮ ਵੀ ਐਫਆਈਆਰ ਵਿੱਚ ਦਰਜ ਕੀਤਾ ਜਾਵੇਗਾ।
ਪੁਲਿਸ ਅਨੁਸਾਰ ਇਹ ਘਟਨਾ ਵੀਰਵਾਰ ਸਵੇਰੇ ਕਰੀਬ 7 ਵਜੇ ਵਾਪਰੀ। ਬੱਚੇ ਦੇ ਪਿਤਾ ਅਮਰਪ੍ਰੀਤ ਸਿੰਘ, ਜੋ ਕਿ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ, ਕੰਮ 'ਤੇ ਗਏ ਹੋਏ ਸਨ। ਮਾਂ ਗੁਰਪ੍ਰੀਤ ਕੌਰ ਬਾਹਰ ਗਲੀ ਵਿੱਚ ਘੁੰਮ ਰਹੀ ਸੀ। ਜਦੋਂ ਉਹ ਕੁਝ ਸਮੇਂ ਬਾਅਦ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਅਮਰਿੰਦਰ ਸਿੰਘ ਕਮਰੇ ਵਿੱਚ ਖੂਨ ਨਾਲ ਲੱਥਪਥ ਪਿਆ ਸੀ ਅਤੇ ਉਸਦੇ ਹੱਥ ਵਿੱਚ ਚਾਕੂ ਸੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਅਨੁਸਾਰ ਚਾਰੇ ਭਰਾ ਇੱਕੋ ਘਰ ਵਿੱਚ ਰਹਿੰਦੇ ਸਨ ਅਤੇ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਲੜਦੇ ਰਹਿੰਦੇ ਸਨ। ਦੋਸ਼ੀ ਚਾਚਾ ਹਰਜੀਤ ਸਿੰਘ ਦੀ ਭਾਲ ਵਿੱਚ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।