ਮਾਂ ਹੀ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ਼ ਕਰ ਸਕਦੀ ਹੈ: HIGH COURT

ਪੰਜਾਬ ਅਤੇ ਹਰਿਆਣਾ ਹਾਈ ਕੋਰਟ (PUNJAB & HARYANA HIGH COURT) ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇੱਕ ਡਾਕਟਰ ਪਿਤਾ ਵੱਲੋਂ ਆਪਣੇ ਨਾਬਾਲਗ ਬੱਚੇ ਦੀ ਕਸਟਡੀ (CUSTODY) ਭਾਵ ਦੇਖਭਾਲ ਲਈ ਦਾਇਰ ਕੀਤੀ ਅਪੀਲ ਨੂੰ

Update: 2026-04-04 10:36 GMT

ਕਿਹਾ– ਬੱਚੇ ਦੀ ਸੰਭਾਲ਼ ਲਈ ਡਿਗਰੀਆਂ ਦੀ ਕੋਈ ਲੋੜ ਨਹੀਂ

ਮਾਂ ਕੋਲ਼ ਹੀ ਕਾਇਮ ਰੱਖੀ ਬੱਚੇ ਦੀ CUSTODY

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ (PUNJAB & HARYANA HIGH COURT) ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇੱਕ ਡਾਕਟਰ ਪਿਤਾ ਵੱਲੋਂ ਆਪਣੇ ਨਾਬਾਲਗ ਬੱਚੇ ਦੀ ਕਸਟਡੀ (CUSTODY) ਭਾਵ ਦੇਖਭਾਲ ਲਈ ਦਾਇਰ ਕੀਤੀ ਅਪੀਲ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਬੱਚੇ ਦਾ ਭਲਾ ਸਭ ਤੋਂ ਵੱਡੀ ਗੱਲ ਹੈ ਅਤੇ ਇਸ ਮਾਮਲੇ ਵਿਚ ਮਾਂ ਹੀ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੀ ਹੈ। ਇਸ ਲਈ ਬੱਚੇ ਦੀ ਕਸਟਡੀ ਮਾਂ ਕੋਲ ਹੀ ਕਾਇਮ ਰੱਖੀ ਗਈ ਹੈ।

ਹਾਈ ਕੋਰਟ ਨੇ ਸ੍ਰੀ ਮੁਕਤਸਰ ਸਾਹਿਬ ਦੀ ਪਰਿਵਾਰਕ ਅਦਾਲਤ (FAMILY COURT AT SRI MUKTSAR SAHIB) ਵੱਲੋਂ ਬੀਤੀ 15 ਜਨਵਰੀ ਨੂੰ ਦਿੱਤੇ ਗਏ ਹੁਕਮਾਂ ਨੂੰ ਬਿਲਕੁਲ ਠੀਕ ਮੰਨਿਆ ਅਤੇ ਉਨ੍ਹਾਂ ਵਿਚ ਕੋਈ ਵੀ ਬਦਲਾਅ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਫੈਸਲੇ ਨਾਲ ਇੱਕ ਵਾਰ ਫਿਰ ਇਹ ਗੱਲ ਸਾਫ਼ ਹੋ ਗਈ ਹੈ ਕਿ ਬੱਚੇ ਦੀ ਸੰਭਾਲ ਵਿਚ ਸਿਰਫ਼ ਪੈਸਾ ਜਾਂ ਪੜ੍ਹਾਈ ਵਾਲੀ ਡਿਗਰੀ ਨਹੀਂ, ਸਗੋਂ ਲਗਾਤਾਰ ਪਿਆਰ ਅਤੇ ਦੇਖਭਾਲ ਵੀ ਬਹੁਤ ਮਹੱਤਵਪੂਰਨ ਹੈ।

ਇਸ ਮਾਮਲੇ ਵਿਚ ਪਿਤਾ ਇੱਕ ਡਾਕਟਰ ਹਨ। ਉਨ੍ਹਾਂ ਨੇ ਹਾਈ ਕੋਰਟ ਵਿਚ ਅਪੀਲ ਕੀਤੀ ਸੀ ਕਿ ਬੱਚੇ ਦੀ ਕਸਟਡੀ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵਧੇਰੇ ਪੜ੍ਹੇ-ਲਿਖੇ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹਨ, ਇਸ ਲਈ ਬੱਚੇ ਲਈ ਉਹ ਬਿਹਤਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚੇ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ ਕਿਉਂਕਿ ਮਾਂ ਵੱਲੋਂ ਸਕੂਲ ਫੀਸ ਨਹੀਂ ਭਰੀ ਜਾ ਰਹੀ ਅਤੇ ਫੈਮਿਲੀ ਕੋਰਟ ਨੇ ਬੱਚੇ ਨਾਲ ਮਿਲਣ ਲਈ ਕੋਈ ਸਪੱਸ਼ਟ ਸਮਾਂ ਵੀ ਨਹੀਂ ਤੈਅ ਕੀਤਾ।

ਪਰ ਜਸਟਿਸ ਹਰਸਿਮਰਨ ਸਿੰਘ ਸੇਠੀ ਦੇ ਬੈਂਚ ਨੇ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਫਿਰ ਫੈਸਲਾ ਸੁਣਾਇਆ।

ਅਦਾਲਤ ਨੇ ਫੈਸਲਾ ਲੈਂਦਿਆਂ ਇਹ ਮੁੱਖ ਤੱਥ ਧਿਆਨ ਵਿਚ ਰੱਖੇ:

ਬੱਚੇ ਦੀ ਕਸਟਡੀ ਪਿਛਲੇ ਛੇ ਸਾਲਾਂ ਤੋਂ ਮਾਂ ਕੋਲ ਹੀ ਹੈ। ਇਸ ਲੰਬੇ ਸਮੇਂ ਵਿਚ ਮਾਂ ਵੱਲੋਂ ਬੱਚੇ ਦੀ ਦੇਖਭਾਲ ਵਿਚ ਕੋਈ ਵੱਡੀ ਗ਼ਲਤੀ ਜਾਂ ਲਾਪਰਵਾਹੀ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ। ਇਸ ਲਈ ਅਦਾਲਤ ਨੇ ਕਿਹਾ ਕਿ ਬੱਚੇ ਨੂੰ ਹੁਣ ਮਾਂ ਤੋਂ ਵੱਖ ਕਰਨਾ ਠੀਕ ਨਹੀਂ ਹੋਵੇਗਾ।

ਅਦਾਲਤ ਨੇ ਸਾਫ਼ ਕਿਹਾ ਕਿ ਸਿਰਫ਼ ਵਿਦਿਅਕ ਯੋਗਤਾ ਦੇ ਆਧਾਰ 'ਤੇ ਕਿਸੇ ਨੂੰ ਬਿਹਤਰ ਮਾਂ ਜਾਂ ਪਿਓ ਨਹੀਂ ਮੰਨਿਆ ਜਾ ਸਕਦਾ। ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਮਿਸਾਲਾਂ ਹਨ, ਜਿੱਥੇ ਘੱਟ ਪੜ੍ਹੀਆਂ-ਲਿਖੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਾਲਦੀਆਂ ਹਨ। ਕੋਈ ਡਾਕਟਰ ਹੋਵੇ, ਤਾਂ ਵਧੀਆ ਹੈ, ਪਰ ਇਸ ਨਾਲ ਆਪਣੇ ਆਪ ਬਿਹਤਰ ਮਾਪਾ ਬਣਨ ਦੀ ਗਾਰੰਟੀ ਨਹੀਂ ਮਿਲਦੀ।

ਅਦਾਲਤ ਵਿਚ ਇਹ ਗੱਲ ਸਾਹਮਣੇ ਆਈ ਕਿ ਡਾਕਟਰ ਹੋਣ ਕਰਕੇ ਪਿਤਾ ਨੂੰ ਲੰਬੇ ਸਮੇਂ ਤੱਕ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ। ਉਨ੍ਹਾਂ ਦੇ ਮਾਤਾ-ਪਿਤਾ ਵੀ ਬਹੁਤ ਉਮਰਲੇ (84 ਅਤੇ 75 ਸਾਲ) ਅਤੇ ਖੁਦ ਬੀਮਾਰ ਹਨ। ਇਸ ਲਈ ਬੱਚੇ ਨੂੰ ਲਗਾਤਾਰ ਸੰਭਾਲਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ।

ਬੱਚੇ ਦੀ ਸਕੂਲ ਫੀਸ ਨਾ ਭਰਨ ਕਰਕੇ ਹਾਜ਼ਰੀ ਘੱਟ ਹੋਈ ਸੀ। ਅਦਾਲਤ ਨੇ ਇਸ ਵਿਚ ਪਿਤਾ ਦੀ ਵੀ ਜ਼ਿੰਮੇਵਾਰੀ ਮੰਨੀ ਅਤੇ ਕਿਹਾ ਕਿ ਇਸ ਲਈ ਪੂਰਾ ਦੋਸ਼ ਮਾਂ ਤੇ ਨਹੀਂ ਲਾਇਆ ਜਾ ਸਕਦਾ।

ਜੇ ਪਿਤਾ ਨੂੰ ਬੱਚੇ ਨਾਲ ਮਿਲਣ ਵਿਚ ਕੋਈ ਅਸਪਸ਼ਟਤਾ ਹੈ ਤਾਂ ਉਹ ਫੈਮਿਲੀ ਕੋਰਟ ਵਿਚ ਅਰਜ਼ੀ ਦੇ ਕੇ ਸਪੱਸ਼ਟਤਾ ਮੰਗ ਸਕਦੇ ਹਨ। ਇਸ ਇੱਕ ਗੱਲ ਕਰਕੇ ਪੂਰੀ ਕਸਟਡੀ ਬਦਲਣ ਵਾਲਾ ਫੈਸਲਾ ਨਹੀਂ ਲਿਆ ਜਾ ਸਕਦਾ।

ਜਸਟਿਸ ਹਰਸਿਮਰਨ ਸਿੰਘ ਸੇਠੀ ਨੇ ਫੈਸਲੇ ਵਿਚ ਲਿਖਿਆ: “ਸਿਰਫ਼ ਵਿਦਿਅਕ ਯੋਗਤਾ ਦੇ ਆਧਾਰ ਤੇ ਮਾਤਾ-ਪਿਤਾ ਨੂੰ ਬਿਹਤਰ ਸਰਪ੍ਰਸਤ ਨਹੀਂ ਮੰਨਿਆ ਜਾ ਸਕਦਾ। ਭਾਰਤੀ ਸਮਾਜ ਵਿਚ ਅਨੇਕ ਅਜਿਹੀਆਂ ਮਿਸਾਲਾਂ ਹਨ, ਜਿੱਥੇ ਘੱਟ ਪੜ੍ਹੀਆਂ-ਲਿਖੀਆਂ ਮਾਵਾਂ ਵੀ ਆਪਣੇ ਬੱਚਿਆਂ ਦਾ ਸਫਲ ਪਾਲਣ-ਪੋਸ਼ਣ ਕਰਦੀਆਂ ਹਨ।”

ਇਸ ਟਿੱਪਣੀ ਨਾਲ ਅਦਾਲਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਬੱਚੇ ਲਈ ਸਭ ਤੋਂ ਵੱਡੀ ਚੀਜ਼ ਉਸ ਦਾ ਭਾਵਨਾਤਮਕ ਅਤੇ ਲਗਾਤਾਰ ਸਰਪ੍ਰਸਤੀ ਹੈ, ਨਾ ਕਿ ਸਿਰਫ਼ ਆਰਥਿਕ ਜਾਂ ਵਿਦਿਅਕ ਤਾਕਤ।

Tags:    

Similar News