ਗੁਰਦਾਸਪੁਰ ਦਾ ਨੌਜਵਾਨ ਫ਼ਰਾਂਸ 'ਚ ਦੂਜੀ ਵਾਰ ਬਣਿਆ ਡਿਪਟੀ ਮੇਅਰ
ਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਸੇਖਾ ਤੋਂ ਰਣਜੀਤ ਸਿੰਘ ਗੋਰਾਇਆ ਨੇ ਫ਼ਰਾਂਸ ਵਿਚ ਇੱਕ ਵੱਡੀ ਉਪਲਬਧੀ ਹਾਸਲ ਕਰਕੇ ਨਾ ਸਿਰਫ਼ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ, ਸਗੋਂ ਪੂਰੇ ਪੰਜਾਬ ਅਤੇ ਸਿੱਖਾਂ ਦਾ ਨਾਮ ਵੀ ਰੋਸ਼ਨ ਕੀਤਾ ਹੈ
ਰਣਜੀਤ ਸਿੰਘ ਗੋਰਾਇਆ ਹਨ ਡਿਪਟੀ ਮੇਅਰ ਬਣਨ ਵਾਲ਼ੇ ਪਹਿਲੇ ਸਿੱਖ
ਪਿੰਡ ਸੇਖਾ ਤੋਂ ਫ਼ਰਾਂਸ ਦੇ ਬੋਬਿਗਨੀ ਤੱਕ ਖ਼ੁਸ਼ੀ ਦੀ ਲਹਿਰ
ਗੁਰਦਾਸਪੁਰ: ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਸੇਖਾ ਤੋਂ ਰਣਜੀਤ ਸਿੰਘ ਗੋਰਾਇਆ ਨੇ ਫ਼ਰਾਂਸ ਵਿਚ ਇੱਕ ਵੱਡੀ ਉਪਲਬਧੀ ਹਾਸਲ ਕਰਕੇ ਨਾ ਸਿਰਫ਼ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ, ਸਗੋਂ ਪੂਰੇ ਪੰਜਾਬ ਅਤੇ ਸਿੱਖਾਂ ਦਾ ਨਾਮ ਵੀ ਰੋਸ਼ਨ ਕੀਤਾ ਹੈ। ਉਹ ਫਰਾਂਸ ਦੇ ਬੋਬਿਗਨੀ ਸ਼ਹਿਰ ਵਿਚ ਦੂਜੀ ਵਾਰ ਡਿਪਟੀ ਮੇਅਰ ਚੁਣੇ ਗਏ ਹਨ। ਇਸ ਨਾਲ ਉਨ੍ਹਾਂ ਨੇ ਫਰਾਂਸ ਵਿਚ ਪੰਜਾਬੀਆਂ ਅਤੇ ਸਿੱਖਾਂ ਦੀ ਇੱਕ ਨਵੀਂ ਇਤਿਹਾਸਿਕ ਮਿਸਾਲ ਕਾਇਮ ਕੀਤੀ ਹੈ।
ਰਣਜੀਤ ਸਿੰਘ ਗੋਰਾਇਆ ਨੇ ਫੋਨ 'ਤੇ ਦੱਸਿਆ ਕਿ ਫਰਾਂਸ ਵਿਚ ਹਾਲ ਹੀ ਵਿਚ ਨਗਰ ਨਿਗਮ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿਚ 6 ਸਾਲ ਦੀ ਪੁਰਾਣੀ ਟੀਮ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੋਟਰਾਂ ਨੇ ਆਪਣੇ ਵੋਟਾਂ ਰਾਹੀਂ ਨਵੀਆਂ ਟੀਮਾਂ ਚੁਣੀਆਂ। ਇਸ ਵਾਰ ਰੀਪਬਲਿਕ ਮਾਰਚ, ਮੋਡਮ, ਫਰੈਂਚ ਕਮਿਊਨਿਸਟ, ਸੋਸ਼ਲਿਸਟ, ਯੂਰਪ ਇਕੋਲੋਜੀ ਗ੍ਰੀਨ ਅਤੇ ਲਾ ਫਰਾਂਸ ਇਨਸੂਮੀਜ਼ ਵਰਗੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਅਜ਼ਾਦ ਉਮੀਦਵਾਰ ਵੀ ਚੋਣ ਲੜੇ।
ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਬਿਲਕੁਲ ਨੇੜੇ ਬੋਬਿਗਨੀ ਸ਼ਹਿਰ ਵਿਚ ਅਬਦੁਲ ਸੈਦੀ ਭਰਪੂਰ ਵੋਟਾਂ ਨਾਲ ਦੂਜੀ ਵਾਰ ਮੇਅਰ ਬਣੇ ਹਨ। ਉਨ੍ਹਾਂ ਨੇ ਆਪਣੀ ਟੀਮ ਵਿਚ ਰਣਜੀਤ ਸਿੰਘ ਗੋਰਾਇਆ ਨੂੰ ਫਿਰ ਤੋਂ ਡਿਪਟੀ ਮੇਅਰ ਬਣਾਇਆ। ਰਣਜੀਤ ਸਿੰਘ ਗੋਰਾਇਆ ਕੋਲ਼ ਪੀਐਚਡੀ ਦੀ ਡਿਗਰੀ ਹੈ ਅਤੇ ਉਹ ਯੂਥ ਆਗੂ ਹਨ। ਉਹ ਫਰਾਂਸ ਵਿਚ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਉੱਥੇ ਆਪਣਾ ਕਾਰੋਬਾਰ ਚਲਾਉਂਦੇ ਹਨ ਤੇ ਸਮਾਜਿਕ ਸੇਵਾਵਾਂ ਵੀ ਨਿਭਾਉਂਦੇ ਹਨ।
ਰਣਜੀਤ ਸਿੰਘ ਗੋਰਾਇਆ ਗੁਰਦਾਸਪੁਰ ਦੇ ਪਿੰਡ ਸੇਖਾ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਜੱਥੇਦਾਰ ਭਾਈ ਚੈਨ ਸਿੰਘ ਸੇਖਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਰਪ ਯੂਨਿਟ ਦੇ ਕਨਵੀਨਰ ਹਨ। ਵਿਦੇਸ਼ ਵਿਚ ਰਹਿੰਦਿਆਂ ਵੀ ਰਣਜੀਤ ਸਿੰਘ ਨੇ ਆਪਣੀ ਮਾਤਭੂਮੀ ਨਾਲ ਲਗਾਤਾਰ ਨਾਤਾ ਬਣਾਈ ਰੱਖਿਆ ਹੈ। ਉਨ੍ਹਾਂ ਨੇ ਫਰਾਂਸ ਵਿਚ ਉੱਚ ਸਿੱਖਿਆ ਹਾਸਲ ਕੀਤੀ ਅਤੇ ਉੱਥੇ ਆਪਣੀਆਂ ਸੇਵਾਵਾਂ ਰਾਹੀਂ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਸਿੱਖੀ ਸਰੂਪ ਅਤੇ ਪੰਜਾਬੀ ਸਭਿਆਚਾਰ ਨੂੰ ਵੀ ਪੂਰੀ ਤਰ੍ਹਾਂ ਸੰਭਾਲਿਆ ਹੈ। ਇਸ ਤੋਂ ਇਲਾਵਾ ਉਹ ਫਰਾਂਸ ਦੀ ਰਾਜਨੀਤੀ ਵਿਚ ਵੀ ਲੰਬੇ ਸਮੇਂ ਤੋਂ ਸਰਗਰਮ ਹਨ।
ਰਣਜੀਤ ਸਿੰਘ ਗੋਰਾਇਆ ਬੋਬਿਗਨੀ ਸ਼ਹਿਰ ਵਿਚ ਡਿਪਟੀ ਮੇਅਰ ਬਣਨ ਵਾਲੇ ਪਹਿਲੇ ਸਿੱਖ ਵੀ ਹਨ। ਉਨ੍ਹਾਂ ਦੀ ਇਸ ਉਪਲਬਧੀ ਨਾਲ ਫਰਾਂਸ ਵਿਚ ਰਹਿਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਵੀ ਬਹੁਤ ਹੌਸਲਾ ਮਿਲਿਆ ਹੈ।
ਇਹ ਫੈਸਲਾ ਸਿਰਫ਼ ਇੱਕ ਵਿਅਕਤੀਗਤ ਸਫਲਤਾ ਨਹੀਂ, ਬਲਕਿ ਸਮੂਹ ਪ੍ਰਵਾਸੀ ਪੰਜਾਬੀਆਂ ਲਈ ਇੱਕ ਵੱਡੀ ਪ੍ਰਾਪਤੀ ਹੈ। ਰਣਜੀਤ ਸਿੰਘ ਗੋਰਾਇਆ ਨੇ ਇਸ ਰਾਹੀਂ ਦਿਖਾ ਦਿੱਤਾ ਹੈ ਕਿ ਵਿਦੇਸ਼ ਵਿਚ ਰਹਿ ਕੇ ਵੀ ਆਪਣੀ ਜੜ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨੇ ਆਪਣੀਆਂ ਸਿੱਖਿਆ, ਕਾਰੋਬਾਰ ਅਤੇ ਸਮਾਜ ਸੇਵਾ ਰਾਹੀਂ ਫਰਾਂਸੀਸੀ ਸਮਾਜ ਵਿਚ ਆਪਣੀ ਥਾਂ ਬਣਾਈ ਅਤੇ ਹੁਣ ਰਾਜਨੀਤੀ ਵਿਚ ਵੀ ਉੱਚ ਅਹੁਦਾ ਹਾਸਲ ਕੀਤਾ ਹੈ।
ਪਿੰਡ ਸੇਖਾ ਦੇ ਲੋਕਾਂ ਲਈ ਇਹ ਖਾਸ ਤੌਰ ਤੇ ਮਾਣ ਵਾਲੀ ਗੱਲ ਹੈ। ਇੱਕ ਛੋਟੇ ਪਿੰਡ ਤੋਂ ਉੱਠ ਕੇ ਫਰਾਂਸ ਵਰਗੇ ਵਿਕਸਤ ਦੇਸ਼ ਵਿਚ ਡਿਪਟੀ ਮੇਅਰ ਬਣਨਾ ਬਹੁਤ ਵੱਡੀ ਗੱਲ ਹੈ। ਇਸ ਨਾਲ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ 'ਤੇ ਚਮਕਿਆ ਹੈ। ਪੰਜਾਬੀ ਭਾਈਚਾਰਾ ਇਸ ਉਪਲਬਧੀ 'ਤੇ ਖੁਸ਼ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ।
ਇਸ ਤੋਂ ਇਲਾਵਾ ਇਹ ਘਟਨਾ ਫਰਾਂਸ ਵਿਚ ਰਹਿਣ ਵਾਲੇ ਹੋਰ ਪੰਜਾਬੀ ਨੌਜਵਾਨਾਂ ਲਈ ਵੀ ਇੱਕ ਉਦਾਹਰਣ ਬਣ ਗਈ ਹੈ ਕਿ ਆਪਣੀਆਂ ਯੋਗਤਾਵਾਂ ਅਤੇ ਲਗਨ ਨਾਲ ਉਹ ਵੀ ਰਾਜਨੀਤੀ ਅਤੇ ਸਮਾਜਿਕ ਖੇਤਰ ਵਿਚ ਉਚੇਰੇ ਸਿਖ਼ਰ ਛੋਹ ਸਕਦੇ ਹਨ।