ਜਾਣੋ, ਕਿਵੇਂ ਬਣਿਆ ਸੀ ਹੇਮਕੁੰਟ ਸਾਹਿਬ ਦਾ ਗੁਰਦੁਆਰਾ?

ਇਸ ਅਨੋਖੀ ਇਮਾਰਤ ਦੀ ਉਸਾਰੀ 1960 ਦੇ ਦਹਾਕੇ ਵਿਚ ਕੀਤੀ ਗਈ ਸੀ ਜੋ ਬਰਫ਼ੀਲੇ ਪਹਾੜਾਂ ਵਿਚ ਇਕ ਬੇਹੱਦ ਚੁਣੌਤੀ ਭਰਿਆ ਕੰਮ ਸੀ,, ਇਹ ਕੰਮ ਇਕ ਸਿੱਖ ਆਰਕੀਟੈਕਟ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਬੜੀ ਸ਼ਿੱਦਤ ਨਾਲ ਇਸ ਧਾਰਮਿਕ ਕਾਰਜ ਨੂੰ ਨੇਪਰੇ ਚਾੜ੍ਹਿਆ।

Update: 2025-07-19 07:11 GMT

ਚਮੋਲੀ : ਦੁਨੀਆ ਭਰ ਵਿਚ ਸਿੱਖ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਉਪਰ ਅਕਸਰ ਗੋਲ ਗੁੰਬਦ ਦਿਖਾਈ ਦਿੰਦੇ ਨੇ, ਜਿਨ੍ਹਾਂ ਦੇ ਉਪਰ ਲੱਗਿਆ ਹੁੰਦੈ ਖੰਡਾ,,,, ਪਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਰਵਾਇਤੀ ਗੁਰੂ ਘਰਾਂ ਵਿਚੋਂ ਸਭ ਤੋਂ ਵੱਖਰੀ ਐ ਜੋ ਪੰਜਕੋਣਾ ਅਕਾਰ ਵਿਚ ਬਣੀ ਹੋਈ ਐ। ਇਸ ਅਨੋਖੀ ਇਮਾਰਤ ਦੀ ਉਸਾਰੀ 1960 ਦੇ ਦਹਾਕੇ ਵਿਚ ਕੀਤੀ ਗਈ ਸੀ ਜੋ ਬਰਫ਼ੀਲੇ ਪਹਾੜਾਂ ਵਿਚ ਇਕ ਬੇਹੱਦ ਚੁਣੌਤੀ ਭਰਿਆ ਕੰਮ ਸੀ,, ਇਹ ਕੰਮ ਇਕ ਸਿੱਖ ਆਰਕੀਟੈਕਟ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਬੜੀ ਸ਼ਿੱਦਤ ਨਾਲ ਇਸ ਧਾਰਮਿਕ ਕਾਰਜ ਨੂੰ ਨੇਪਰੇ ਚਾੜ੍ਹਿਆ। 15 ਹਜ਼ਾਰ ਫੁੱਟ ਦੀ ਉਚਾਈ ’ਤੇ ਹਿਮਾਲਿਆ ’ਚ ਸਥਿਤ ਇਹ ਗੁਰੂ ਘਰ ਇਕ ਅਜਿਹੀ ਥਾਂ ਬਣਿਆ ਹੋਇਐ, ਜਿੱਥੇ ਇਕ ਸਾਲ ਦੇ ਕੰਮ ਨੂੰ ਚਾਰ ਸਾਲ ਲੱਗ ਜਾਂਦੇ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਤਿਆਰ ਕੀਤੀ ਗਈ ਸੀ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਅਤੇ ਕੀ-ਕੀ ਆਈਆਂ ਸੀ ਮੁਸ਼ਕਲਾਂ?


ਬਰਫ਼ੀਲੇ ਹਿਮਾਲਿਆ ਵਿਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਰਵਾਇਤੀ ਗੁਰਦੁਆਰਿਆਂ ਦੀਆਂ ਇਮਾਰਤਾਂ ਤੋਂ ਵੱਖਰੀ ਐ,, ਮੌਜੂਦਾ ਸਮੇਂ ਇਹ ਪਵਿੱਤਰ ਅਸਥਾਨ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਪੈਂਦਾ ਏ। ਇਹ ਅਨੋਖੀ ਇਮਾਰਤ ਇੱਥੋਂ ਦੇ ਮੌਸਮ ਅਤੇ ਭੂਗੋਲਿਕ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਸੀ। ਪਹਿਲਾਂ ਇੱਥੇ ਮਹਿਜ਼ ਇਕ ਕਮਰਾ ਹੁੰਦਾ ਸੀ ਪਰ ਮੌਜੂਦਾ ਇਮਾਰਤ ਨੂੰ ਬਣਾਉਣ ਦਾ ਕੰਮ 1960 ਦੇ ਆਖ਼ਰ ਵਿਚ ਸ਼ੁਰੂ ਕੀਤਾ ਗਿਆ ਜੋ ਦੁਨੀਆ ਭਰ ਦੇ ਆਰਕੀਟੈਕਟਾਂ ਲਈ ਇਕ ਵੱਡੀ ਚੁਣੌਤੀ ਭਰਿਆ ਕੰਮ ਸੀ ਕਿਉਂਕਿ ਇਹ ਪਵਿੱਤਰ ਅਸਥਾਨ ਤਕਰੀਬਨ 15,000 ਫੁੱਟ ’ਤੇ ਸਥਿਤ ਐ, ਜਿੱਥੇ ਆਕਸੀਜ਼ਨ ਦੀ ਕਮੀ, ਬਰਫ਼ੀਲੇ ਤੂਫ਼ਾਨ, ਬਾਰਿਸ਼ ਅਤੇ ਆਵਾਜਾਈ ਦੀ ਕਮੀ ਸਮੇਤ ਹੋਰ ਅਨੇਕਾਂ ਮੁਸ਼ਕਲਾਂ ਮੂੰਹ ਅੱਡੀਂ ਖਲੋਤੀਆਂ ਸਨ। ਅਜਿਹੀ ਮੁਸ਼ਕਲਾਂ ਭਰੀ ਥਾਂ ’ਤੇ ਭੂਗੋਲਿਕ ਸਥਿਤੀ ਨਾਲ ਢੁਕਵੀਂ ਅਤੇ 400 ਲੋਕਾਂ ਦੀ ਸਮਰੱਥਾ ਵਾਲੀ ਇਮਾਰਤ ਬਣਾਉਣਾ ਆਪਣੇ ਆਪ ਵਿਚ ਇਕ ਨਿਵੇਕਲਾ ਕੰਮ ਸੀ।


ਆਖ਼ਰਕਾਰ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਬਣਾਉਣ ਦੇ ਪ੍ਰੋਜੈਕਟ ਦੀ ਜ਼ਿੰਮੇਵਾਰੀ ਇਕ ਸਿੱਖ ਆਰਕੀਟੈਕਟ ਨੂੰ ਸੌਂਪੀ ਗਈ, ਜਿਨ੍ਹਾਂ ਦਾ ਨਾਮ ਸੀ ਮਨਮੋਹਨ ਸਿੰਘ ਸਿਆਲੀ। ਸਿਆਲੀ ਸਾਬ੍ਹ ਪਹਿਲਾਂ ਚੰਡੀਗੜ੍ਹ ਦੀ ਉਸਾਰੀ ਦੇ ਪ੍ਰੋਜੈਕਟ ਵਿਚ ਵੀ ਕੰਮ ਕਰ ਚੁੱਕੇ ਸੀ ਅਤੇ ਸਰਕਾਰ ਉਨ੍ਹਾਂ ਦੀ ਕਾਬਲੀਅਤ ਤੋਂ ਬਾਖ਼ੂਬੀ ਵਾਕਿਫ਼ ਸੀ। ਸੰਨ 1964 ਵਿਚ ਉਹ ਰੱਖਿਆ ਮੰਤਰਾਲੇ ਵਿੱਚ ਸੀਨੀਅਰ ਆਰਕੀਟੈਕਟ ਵਜੋਂ ਕੰਮ ਕਰਨ ਲੱਗੇ ਸਨ।


ਇਸ ਪ੍ਰਜੈਕਟ ਲਈ ਉਨ੍ਹਾਂ ਦੇ ਨਾਮ ਦੀ ਸਿਫ਼ਾਰਿਸ਼ ਭਾਰਤੀ ਫੌਜ ਦੇ ਤਤਕਾਲੀ ਇੰਜੀਨੀਅਰ-ਇਨ-ਚੀਫ਼ ਮੇਜਰ ਜਨਰਲ ਹਰਕੀਰਤ ਸਿੰਘ ਵੱਲੋਂ ਕੀਤੀ ਗਈ ਸੀ। ਜਦੋਂ ਆਰਕੀਟੈਕਟ ਮਨਮੋਹਨ ਸਿੰਘ ਸਿਆਲੀ ਨੂੰ ਇਸ ਪ੍ਰੋਜੈਕਟ ਲਈ ਸਰਕਾਰ ਕੋਲੋਂ ਆਗਿਆ ਮਿਲੀ ਤਾਂ ਉਨ੍ਹਾਂ ਤੁਰੰਤ ਇਸ ’ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸ੍ਰੀ ਹੇਮਕੁੰਟ ਸਾਹਿਬ ਦੀ ਉਸਾਰੀ ਨਾਲ ਜੁੜੇ ਤਜਰਬੇ ‘ਗੁਰਦੁਆਰਾ ਇੰਨ ਦਿ ਹਿਮਾਲਿਆ’ ਕਿਤਾਬ ਵਿਚ ਦਰਜ ਨੇ, ਜਿਸ ਨੂੰ ਖ਼ੁਦ ਮਨਮੋਹਨ ਸਿੰਘ ਸਿਆਲੀ ਵੱਲੋਂ ਲਿਖਿਆ ਗਿਆ ਏ।


ਕਿਤਾਬ ਵਿਚ ਸਿਆਲੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਦੀ ਉਸਾਰੀ ਦਾ ਕੰਮ ਜੁਲਾਈ 1968 ਵਿਚ ਸ਼ੁਰੂ ਹੋਇਆ ਸੀ, ਇਹ ਇਕ ਅਜਿਹੀ ਥਾਂ ਹੈ, ਜਿੱਥੇ ਇਕ ਸਾਲ ਦੇ ਕੰਮ ਨੂੰ 4 ਸਾਲ ਲੱਗ ਜਾਂਦੇ ਨੇ ਕਿਉਂਕਿ ਇੱਥੋਂ ਦੀ ਭੂਗੋਲਿਕ ਸਥਿਤੀ ਦੇ ਮੁਤਾਬਕ ਇੱਥੇ ਸਿਰਫ਼ ਤਿੰਨ ਮਹੀਨੇ ਹੀ ਕੰਮ ਕੀਤਾ ਜਾ ਸਕਦਾ ਏ, ਬਾਕੀ ਦੇ ਮਹੀਨੇ ਇੱਥੇ ਹਰ ਪਾਸੇ ਬਰਫ਼ ਹੀ ਬਰਫ਼ ਆਪਣਾ ਕਬਜ਼ਾ ਜਮਾ ਲੈਂਦੀ ਐ।


ਇੰਨੀ ਉਚਾਈ ’ਤੇ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੋ ਜਾਂਦੀ ਐ, ਜਿਸ ਕਰਕੇ ਕਾਮਿਆਂ ਦੇ ਨਾਲ ਨਾਲ ਮਸ਼ੀਨਾਂ ’ਤੇ ਵੀ ਅਸਰ ਪੈਂਦਾ ਹੈ। ਇਸ ਜਗ੍ਹਾ ’ਤੇ ਬਰਫ਼ ਦੀਆਂ ਢਿੱਗਾਂ ਡਿੱਗਣੀਆਂ, ਹੱਡ ਚੀਰਵੀਂਆਂ ਠੰਡੀਆਂ ਤੇ ਤੇਜ਼ ਹਵਾਵਾਂ, ਸਰੋਵਰ ਵਿਚ ਪਾਣੀ ਵਧਣਾ ਅਤੇ ਸ਼ਕਤੀਸ਼ਾਲੀ ਭੂਚਾਲ ਆਉਣੇ, ਇੱਥੋਂ ਦੀਆਂ ਮੁੱਖ ਵੱਡੀਆਂ ਦਿੱਕਤਾਂ ਸਨ। ਉਂਝ ਇਨ੍ਹਾਂ ਤੋਂ ਪਹਿਲਾਂ ਸਭ ਤੋਂ ਵੱਡੀ ਚੁਣੌਤੀ ਅਜਿਹੀ ਥਾਂ ਲੱਭਣ ਦੀ ਵੀ ਸੀ, ਜਿੱਥੇ 400 ਤੋਂ 500 ਲੋਕਾਂ ਦੇ ਜੁੜਨ ਲਈ ਇਮਾਰਤ ਬਣਾਈ ਜਾ ਸਕੇ। ਜਿਸ ਦੇ ਲਈ ਕਈ ਦਿਨਾਂ ਤੱਕ ਸਰਵੇਅ ਕੀਤਾ ਗਿਆ। ਆਖ਼ਰਕਾਰ ਥਾਂ ਸਿਲੈਕਟ ਕੀਤੀ ਗਈ ਅਤੇ ਗੁਰੂ ਘਰ ਦੀ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।


ਆਰਕੀਟੈਕਟ ਮਨਮੋਹਨ ਸਿੰਘ ਸਿਆਲੀ ਦੇ ਮੁਤਾਬਕ ਇਸ ਇਮਾਰਤ ਦੀ ਛੱਤ ਇਸ ਦਾ ਸਭ ਤੋਂ ਵੱਖਰਾ ਅਤੇ ਅਹਿਮ ਹਿੱਸਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦੇ ਪਿੱਛੇ ਦਾ ਆਈਡੀਆ ਇਕ ਨਗ਼ ਜਾਂ ਹੀਰੇ ਤੋਂ ਲਿਆ ਗਿਆ ਏ, ਜਿਸ ’ਤੇ ਬਰਫ਼ ਅਤੇ ਇੱਥੋਂ ਦੇ ਮੌਸਮ ਦਾ ਕੋਈ ਅਸਰ ਨਾ ਹੋਵੇ। ਇਸ ਦੇ ਉਪਰ ਐਲੂਮੀਨੀਅਮ ਸ਼ੀਟਾਂ ਲੱਗੀਆਂ ਹੋਈਆਂ ਨੇ, ਜੋ ਹੀਰੇ ਵਾਂਗ ਚਮਕਦੀਆਂ ਨੇ। ਐਮਐਸ ਸਿਆਲੀ ਆਪਣੀ ਕਿਤਾਬ ਵਿਚ ਲਿਖਦੇ ਨੇ ਕਿ ਵਾਤਾਵਰਣ ਦੇ ਚਲਦਿਆਂ ਇਸ ਗੁਰਦੁਆਰਾ ਸਾਹਿਬ ਦੀ ਛੱਤ ਨੂੰ ਰਵਾਇਤੀ ਗੁਰੂ ਘਰਾਂ ਤੋਂ ਵੱਖਰੀ ਬਣਾਉਣਾ ਪਿਆ ਕਿਉਂਕਿ ਇੱਥੋਂ ਦੀ ਭੂਗੋਲਿਕ ਸਥਿਤੀ ਦੇ ਲਿਹਾਜ ਨਾਲ ਇਹ ਬੇਹੱਦ ਲਾਜ਼ਮੀ ਸੀ। ਇਸ ਇਮਾਰਤ ਨੂੰ ਇਸ ਤਰੀਕੇ ਤਿਆਰ ਕੀਤਾ ਗਿਆ ਕਿ ਅੰਦਰ ਪਾਣੀ ਚੋਣ ਦੀ ਸੰਭਾਵਨਾ ਨਾ ਹੋਵੇ।


ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਦੇ ਦੋ ਭਾਗ ਨੇ,,, ਜਿਨ੍ਹਾਂ ਵਿਚ ਪਹਿਲਾ ਇਕ ਸਟੀਲ ਦਾ ਅਤੇ ਦੂਜਾ ਕੰਕਰੀਟ ਦਾ। ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਇਮਾਰਤ ਦੀ ਨੀਂਹ ਬਣਾਉਣ ਲਈ ਇਕ ਟਨ ਭਾਰ ਵਾਲੀਆਂ ਸਟੀਲ ਪਲੇਟਾਂ ਦੀ ਲੋੜ ਸੀ, ਜਿਨ੍ਹਾਂ ਨੂੰ ਕਰੀਬ 15 ਕਿਲੋਮੀਟਰ ਤੱਕ 4800 ਫੁੱਟ ਤੋਂ 15,210 ਫੁੱਟ ਤੱਕ ਦੀ ਉਚਾਈ ਵਾਲੇ ਮੁਸ਼ਕਲਾਂ ਭਰੇ ਰਸਤਿਆਂ ਤੋਂ ਹੱਥੀਂ ਲੈ ਕੇ ਜਾਇਆ ਜਾ ਸਕਦਾ ਸੀ ਜੋ ਬੇਹੱਦ ਔਖਾ ਕੰਮ ਸੀ ਪਰ ਆਰਕੀਟੈਕਟ ਐੱਮਐੱਸ ਸਿਆਲੀ ਦੀ ਕਿਤਾਬ ਮੁਤਾਬਕ ਕਰਨਲ ਸੇਠੀ ਨੇ ਇਸ ਕੰਮ ਦੇ ਲਈ ਇਕ ਖ਼ਾਸ ਵਿੰਗ ਤਿਆਰ ਕੀਤਾ, ਜਿਨ੍ਹਾਂ ਵਿਚ 8 ਤੋਂ 10 ਲੋਕਾਂ ਵੱਲੋਂ ਇਨ੍ਹਾਂ ਨੂੰ ਚੁੱਕ ਕੇ ਉੱਪਰ ਪਹੁੰਚਾਇਆ ਜਾਂਦਾ ਸੀ।


ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਵਿਚ ਲੱਗਣ ਵਾਲੇ ਮਟੀਰੀਅਲ ਦੀ ਸਹੀ ਗਿਣਤੀ ਮਿਣਤੀ ਦਾ ਅੰਦਾਜ਼ਾ ਲਗਾਉਣ ਲਈ ਇਕ ਅਸਥਾਈ ਢਾਂਚਾ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਚ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ। ਸਿਆਲੀ ਦੇ ਮੁਤਾਬਕ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਇਮਾਰਤ ‘ਔਕਟੈਗਨਲ’ ਹੋਣੀ ਚਾਹੀਦੀ ਸੀ,, ਯਾਨੀ ਕਿ ਅੱਠ ਕੋਣੀ,, ਪਰ ਸਿੱਖ ਧਰਮ ਦੇ ਸਿਧਾਤਾਂ ਦੇ ਮੁਤਾਬਕ ਨਾ ਹੋਣ ਕਰਕੇ ਹੇਮਕੁੰਟ ਟਰੱਸਟ ਨੇ ਇਸ ਦੀ ਹਾਮੀ ਨਹੀਂ ਭਰੀ।


ਆਖ਼ਰਕਾਰ ਲੰਬੀ ਸੋਚ ਵਿਚਾਰ ਅਤੇ ਚਰਚਾ ਤੋਂ ਬਾਅਦ ਇਮਾਰਤ ਦੇ ਪੰਜਕੋਣੀ ਡਿਜ਼ਾਇਨ ’ਤੇ ਮੋਹਰ ਲੱਗ ਗਈ ਕਿਉਂਕਿ ਸਿੱਖ ਧਰਮ ਵਿਚ ਪੰਜ ਦਾ ਸਿਧਾਂਤ ਕਾਫ਼ੀ ਅਹਿਮ ਮੰਨਿਆ ਜਾਂਦੈ, ਜਿਵੇਂ ਕਿ ਪੰਜ ਤਖ਼ਤ, ਪੰਜ ਪਿਆਰੇ ਅਤੇ ਪੰਜ ਕੱਕਾਰ। ਇਕ ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਸਾਹਿਬ ਦਾ ਪੂਰਾ ਕੰਮ ਸਾਲ 1992 ਵਿਚ ਜਾ ਕੇ ਮੁਕੰਮਲ ਹੋਇਆ ਸੀ।


ਸ੍ਰੀ ਹੇਮਕੁੰਟ ਸਾਹਿਬ ਨੂੰ ਸ਼ਰਧਾਲੂਆਂ ਲਈ ਮਈ ਮਹੀਨੇ ਦੇ ਅਖ਼ੀਰ ਵਿਚ ਖੋਲਿ੍ਹਆ ਜਾਂਦੈ ਅਤੇ ਤਕਰੀਬਨ ਡੇਢ ਤੋਂ 2 ਲੱਖ ਲੋਕ ਹੇਮਕੁੰਟ ਸਾਹਿਬ ਗੁਰਦੁਆਰੇ ਆਉਂਦੇ ਨੇ। ਇਹ ਯਾਤਰਾ ਅਕਤੂਬਰ ਤੱਕ ਜਾਰੀ ਰਹਿੰਦੀ ਹੈ। ਹੇਮਕੁੰਟ ਸਾਹਿਬ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਵੈ-ਜੀਵਨੀ ਬਿਰਤਾਂਤ ਬਚਿਤ੍ਰ ਨਾਟਕ ਵਿਚ ਹੇਮਕੁੰਟ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ ‘ਸੱਤ ਬਰਫ਼ ਦੀਆਂ ਚੋਟੀਆਂ ਨਾਲ ਸਜਿਆ ਹੋਇਆ’ ਸਥਾਨ ਸੀ।


ਦੱਸ ਦਈਏ ਕਿ ਇਸ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਵੱਲੋਂ ਕੀਤੀ ਗਈ ਸੀ ਜੋ ਭਾਰਤੀ ਫੌਜ ਦੀ ਬੰਗਾਲ ਸੈਪਰਸ ਰੈਜੀਮੈਂਟ ਵਿਚ ਤਾਇਨਾਤ ਰਹਿ ਚੁੱਕੇ ਸਨ। ਸਿੱਖ ਲੇਖਕ ਅਤੇ ਸਿੰਘ ਸਭਾ ਲਹਿਰ ਦੀ ਪ੍ਰਮੁੱਖ ਸ਼ਖਸੀਅਤ ਭਾਈ ਵੀਰ ਸਿੰਘ ਨੇ ਪਹਿਲਾਂ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਦੀ ਮਦਦ ਨਾਲ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਬਾਅਦ ਵਿਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਅਹਿਮ ਭੂਮਿਕਾ ਨਿਭਾਈ। ਮੌਜੂਦਾ ਸਮੇਂ ਸ੍ਰੀ ਹੇਮਕੁੰਟ ਸਾਹਿਬ ਦੇ ਆਸਪਾਸ ਗੋਵਿੰਦਘਾਟ ਅਤੇ ਗੋਵਿੰਦ ਧਾਮ ਸਣੇ ਕਈ ਗੁਰਦੁਆਰਿਆਂ ਦੀ ਉਸਾਰੀ ਕੀਤੀ ਜਾ ਚੁੱਕੀ ਐ।

ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News