ਜਲੰਧਰ ਸਥਿਤ ਨਵੇਂ ਬੰਗਲੇ ’ਚ ਜਲਦ ਸ਼ਿਫ਼ਟ ਹੋਣਗੇ CM Bhagwant Mann
ਜਲੰਧਰ ਵਿਚ ਪੱਛਮੀ ਵਿਧਾਨ ਸਭਾ ਖੇਤਰ ਵਿਚ ਹੋਣ ਵਾਲੀ ਉਪ ਚੋਣ ਦੇ ਲਈ ਸੀਐਮ ਭਗਵੰਤ ਮਾਨ ਦੇ ਜਲੰਧਰ ਕੈਂਟ ਦੇ ਇਲਾਕੇ ਵਿਚ ਇਕ ਮਕਾਨ ਕਿਰਾਏ ’ਤੇ ਲੈਣ ਦਾ ਫ਼ੈਸਲਾ ਕੀਤਾ ਏ, ਜਿਸ ਵਿਚ ਸ਼ਿਫਟ ਹੋਣ ਦਾ ਕੰਮ ਸੀਐਮ ਮਾਨ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਏ।
ਜਲੰਧਰ : ਜਲੰਧਰ ਵਿਚ ਪੱਛਮੀ ਵਿਧਾਨ ਸਭਾ ਖੇਤਰ ਵਿਚ ਹੋਣ ਵਾਲੀ ਉਪ ਚੋਣ ਦੇ ਲਈ ਸੀਐਮ ਭਗਵੰਤ ਮਾਨ ਦੇ ਜਲੰਧਰ ਕੈਂਟ ਦੇ ਇਲਾਕੇ ਵਿਚ ਇਕ ਮਕਾਨ ਕਿਰਾਏ ’ਤੇ ਲੈਣ ਦਾ ਫ਼ੈਸਲਾ ਕੀਤਾ ਏ, ਜਿਸ ਵਿਚ ਸ਼ਿਫਟ ਹੋਣ ਦਾ ਕੰਮ ਸੀਐਮ ਮਾਨ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਏ। ਇਸ ਮਕਾਨ ਦੇ ਸਾਹਮਣੇ ਤੋਂ ਲੰਘਣ ਵਾਲੀ ਸੜਕ ਦੀ ਮੁਰੰਮਤ ਕਰ ਦਿੱਤੀ ਗਈ ਐ ਜਦਕਿ ਮਕਾਨ ਨੂੰ ਫਿਨਿਸ਼ਿੰਗ ਟੱਚ ਦੇਣ ਦਾ ਕੰਮ ਚੱਲ ਰਿਹਾ ਏ। ਸੀਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਇਸ ਮਕਾਨ ਵਿਚ ਰਹਿਣਗੀਆਂ।
ਪੰਜਾਬ ਦੇ ਮੁੱਖ ਮੰਤਰੀ ਜਲਦ ਹੀ ਆਪਣੇ ਜਲੰਧਰ ਸਥਿਤ ਕਿਰਾਏ ਦੇ ਮਕਾਨ ਵਿਚ ਸਿਫ਼ਟ ਹੋ ਜਾਣਗੇ ਕਿਉਂਕਿ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਹੋਣ ਜਾ ਰਹੀ ਐ, ਜਿਸ ਕਰਕੇ ਉਨ੍ਹਾਂ ਨੇ ਚੋਣ ਦੌਰਾਨ ਇੱਥੇ ਹੀ ਡੇਰੇ ਲਗਾਉਣ ਦਾ ਫ਼ੈਸਲਾ ਕੀਤਾ ਏ। ਸੀਐਮ ਮਾਨ ਦੇ ਇਸ ਘਰ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਏ। ਡੇਂਟਿੰਗ ਪੇਂਟਿੰਗ ਪੂਰੀ ਹੁੰਦੇ ਹੀ ਸੀਐਮ ਭਗਵੰਤ ਮਾਨ ਦੀਪ ਨਗਰ ਸਥਿਤ ਇਸ ਮਕਾਨ ਵਿਚ ਸ਼ਿਫ਼ਟ ਹੋ ਜਾਣਗੇ।
ਖ਼ਾਸ ਗੱਲ ਇਹ ਐ ਕਿ ਸੀਐਮ ਮਾਨ ਦਾ ਇਹ ਨਵਾਂ ਟਿਕਾਦਾ ਸਿਰਫ਼ ਉਪ ਚੋਣਾਂ ਤੱਕ ਇਕ ਮਹੀਨੇ ਲਈ ਨਹੀਂ ਬਲਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ। ਜਾਣਕਾਰੀ ਅਨੁਸਾਰ ਸੀਐਮ ਭਗਵੰਤ ਮਾਨ ਹਫ਼ਤੇ ਵਿਚ ਤਿੰਨ ਦਿਨ ਇਸੇ ਘਰ ਵਿਚ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਏ ਕਿਉਂਕਿ ਇਸ ਨਾਲ ਉਹ ਦੁਆਬਾ ਅਤੇ ਮਾਝਾ ਖੇਤਰ ਦੇ ਨੇਤਾਵਾਂ ਅਤੇ ਲੋਕਾਂ ਦੇ ਨਾਲ ਨੇੜੇ ਤੋਂ ਸੰਪਰਕ ਵਿਚ ਰਹਿਣਗੇ, ਜਿਸ ਨਾਲ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਨੂੰ ਵੀ ਹੁਲਾਰਾ ਮਿਲੇਗਾ। ਲੋਕ ਸਭਾ ਉਪ ਚੋਣ ਦੀ ਗੱਲ ਕਰੀਏ ਤਾਂ ਉਸ ਦੌਰਾਨ ਸੀਐਮ ਮਾਨ ਅਤੇ ਉਨ੍ਹਾਂ ਦੀ ਟੀਮ ਹੋਟਲਾਂ ਵਿਚ ਠਹਿਰੀ ਸੀ ਪਰ ਇਸ ਵਾਰ ਉਪ ਚੋਣ ਦੇ ਲਈ ਸੀਐਮ ਭਗਵੰਤ ਮਾਨ ਨੇ ਜਲੰਧਰ ਵਿਚ ਘਰ ਕਿਰਾਏ ’ਤੇ ਲੈਣ ਦਾ ਫ਼ੈਸਲਾ ਕੀਤਾ ਏ।
ਜਲੰਧਰ ਪੱਛਮੀ ਵਿਧਾਨ ਸਭਾ ਖੇਤਰ ਵਿਚ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਆਪ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਸੂਬੇ ਵਿਚ ਆਪ ਦੀ ਸਰਕਾਰ ਐ ਅਤੇ ਅਸਤੀਫ਼ਾ ਦੇਣ ਵਾਲੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਆਪ ਤੋਂ ਹੀ ਸਨ ਪਰ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਇਸ ਸੀਟ ’ਤੇ ਉਪ ਚੋਣ ਹੋ ਰਹੀ ਐ।
14 ਜੂਨ ਤੋਂ 21 ਜੂਨ ਤੱਕ ਸਾਰੀਆਂ ਪਾਰਟੀਆਂ ਦੇ ਨੇਤਾ ਇੱਥੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ, ਜਿਸ ਦੇ ਲਈ ਆਪ ਦੇ ਸਭ ਤੋਂ ਪ੍ਰਮੁੱਖ ਦਾਅਵੇਦਾਰ ਵਿਧਾਨ ਸਭਾ ਖੇਤਰ ਦੇ ਇੰਚਾਰਜ ਅਤੇ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਬੇਟੇ ਮੋਹਿੰਦਰ ਭਗਤ ਨੇ, ਜਦਕਿ ਆਪ ਦੇ ਕਈ ਹੋਰ ਨੇਤਾਵਾਂ ਨੇ ਵੀ ਉਕਤ ਸੀਟ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਐ, ਜਿਸ ਵਿਚ ਜ਼ਿਲ੍ਹਾ ਕੋਆਰਡੀਨੇਟਰ ਸਟੀਵਨ ਕਲੇਅਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਦਾ ਨਾਮ ਸ਼ਾਮਲ ਐ।