ਅਨਿਲ ਵਿੱਜ ਨੇ ਪੰਜਾਬੀ ’ਚ ਬੋਲੀਆਂ ਪਾ ਕੇ ਪਾਏ ਭੰਗੜੇ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਭਾਜਪਾ ਦੇ ਇਕ ਦਿੱਗਜ਼ ਨੇਤਾ ਨੇ, ਉਹ ਜਿੱਥੇ ਵੀ ਜਾਂਦੇ ਨੇ, ਲੋਕਾਂ ਵਿਚ ਚੰਗੀ ਤਰ੍ਹਾਂ ਘੁਲ ਮਿਲ ਜਾਂਦੇ ਨੇ। ਹਾਲਾਂਕਿ ਸ਼ੰਭੂ ਬਾਰਡਰ ਦੇ ਮਸਲੇ ਨੂੰ ਲੈ ਕੇ ਕਿਸਾਨ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਨੇ ਪਰ ਮੌਜੂਦਾ ਸਮੇਂ ਉਨ੍ਹਾਂ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਐ;
ਅੰਬਾਲਾ : ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਭਾਜਪਾ ਦੇ ਇਕ ਦਿੱਗਜ਼ ਨੇਤਾ ਨੇ, ਉਹ ਜਿੱਥੇ ਵੀ ਜਾਂਦੇ ਨੇ, ਲੋਕਾਂ ਵਿਚ ਚੰਗੀ ਤਰ੍ਹਾਂ ਘੁਲ ਮਿਲ ਜਾਂਦੇ ਨੇ। ਹਾਲਾਂਕਿ ਸ਼ੰਭੂ ਬਾਰਡਰ ਦੇ ਮਸਲੇ ਨੂੰ ਲੈ ਕੇ ਕਿਸਾਨ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਨੇ ਪਰ ਮੌਜੂਦਾ ਸਮੇਂ ਉਨ੍ਹਾਂ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਐ, ਜਿਸ ਵਿਚ ਉਹ ਇਕ ਪੰਜਾਬੀ ਗਾਣਾ ਗਾ ਕੇ ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਸਰਬਜੋਤ ਸਿੰਘ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਨੇ।
ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਖਿਡਾਰੀ ਸਰਬਜੋਤ ਸਿੰਘ ਦਾ ਹਰਿਆਣਾ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਵੀ ਦਿਖਾਈ ਦੇ ਰਹੇ ਨੇ ਜੋ ਪੰਜਾਬੀ ਭਾਸ਼ਾ ਵਿਚ ਬੋਲੀ ਪਾ ਕੇ ਸਰਬਜੋਤ ਸਿੰਘ ਦਾ ਸਵਾਗਤ ਕਰਦੇ ਹੋਏ ਦਿਖਾਈ ਦਿੱਤੇ।
ਉਨ੍ਹਾਂ ਬੋਲੀ ਪਾਈ ‘‘ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਅਖਰੋਟ, ਭਾਰਤ ਨੂੰ ਭਾਗ ਲੱਗ ਗਏ, ਮੈਡਲ ਜਿੱਤ ਕੇ ਲਿਆਇਆ ਸਰਬਜੋਤ। ਇਸ ਤੋਂ ਬਾਅਦ ਸਾਰੇ ਖ਼ੁਸ਼ੀ ਵਿਚ ਤਾੜੀਆਂ ਮਾਰਦੇ ਨੇ ਅਤੇ ਨੱਚਣ ਲੱਗ ਪੈਂਦੇ ਨੇ। ਇਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ।
ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿਚ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਮਨੂ ਭਾਕਰ ਦੇ ਨਾਲਅ ਮਿਲ ਕੇ 10 ਮੀਟਰ ਏਅਰ ਪਿਸਟਲ ਡਬਲ ਇਵੈਂਟ ਵਿਚ ਕਾਂਸੀ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਏ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਹੀ ਸਰਬਜੋਤ ਸਿੰਘ ਨੇ ਆਪਣਾ ਵੱਖਰਾ ਸਥਾਨ ਬਣਾ ਲਿਆ ਏ।
ਨਿਸ਼ਾਨੇਬਾਜ਼ ਸਰਬਜੋਤ ਸਿੰਘ ਅਨਿਲ ਵਿੱਜ ਦੇ ਹਲਕਾ ਅੰਬਾਲਾ ਦੇ ਪਿੰਡ ਢੀਨ ਦਾ ਰਹਿਣ ਵਾਲਾ ਏ। ਉਸ ਦੇ ਪਿਤਾ ਦਾ ਨਾਮ ਜਤਿੰਦਰ ਸਿੰਘ ਅਤੇ ਮਾਤਾ ਦਾ ਨਾਮ ਹਰਦੀਪ ਕੌਰ ਐ ਜੋ ਖੇਤੀਬਾੜੀ ਕਰਦੇ ਨੇ ਅਤੇ ਉਸ ਨੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਐ।
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਆਪਣੇ ਅਹੁਦੇ ਤੋਂ ਵਿਹਲੇ ਹੋ ਕੇ ਕਾਫ਼ੀ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਨੇ। ਉਹ ਜਿੱਥੇ ਸਰਬਜੋਤ ਸਿੰਘ ਦੇ ਸਵਾਗਤ ਸਮੇਂ ਉਹ ਕਾਫ਼ੀ ਖ਼ੁਸ਼ ਮੂਡ ਵਿਚ ਨਜ਼ਰ ਆਏ, ਉਥੇ ਹੀ ਉਹ ਰੈਸਲਰ ਗ੍ਰੇਟ ਖਲੀ ਯਾਨੀ ਦਲੀਪ ਸਿੰਘ ਰਾਣਾ ਦੇ ਬੇਟੇ ਸਮਰਾਟ ਰਾਣਾ ਦੇ ਜਨਮ ਦਿਨ ਦੀ ਪਾਰਟੀ ਵਿਚ ਵੀ ਸ਼ਾਮਲ ਹੋਣ ਲਈ ਪੁੱਜੇ, ਉਥੇ ਵੀ ਉਨ੍ਹਾਂ ਨੇ ਗ੍ਰੇਟ ਖਲੀ ਦੇ ਬੇਟੇ ਲਈ ਗਾਣਾ ਗਾਇਆ।
ਦੱਸ ਦਈਏ ਕਿ ਅਨਿਲ ਵਿੱਜ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਹਨ, ਉਨ੍ਹਾਂ ਨੇ ਭਾਜਪਾ ਹਾਈਕਮਾਨ ਤੋਂ ਨਾਰਾਜ਼ ਹੋ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਹਾਈਕਮਾਨ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਅਸਤੀਫ਼ਾ ਲੈਣ ਮਗਰੋਂ ਨਾਇਬ ਸਿੰਘ ਸੈਣੀ ਨੂੰ ਸੀਐਮ ਬਣਾ ਦਿੱਤਾ ਜਦਕਿ ਅਨਿਲ ਵਿੱਜ ਖ਼ੁਦ ਇਸ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ। ਇਸੇ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਮੌਜੂਦਾ ਸਮੇਂ ਉਹ ਕਾਫ਼ੀ ਪਾਰਟੀਆਂ ਇੰਜੁਆਏ ਕਰ ਰਹੇ ਨੇ।