77 ਸਾਲ ਮਗਰੋਂ ਪਾਕਿਸਤਾਨ ਤੋਂ ਆਪਣੇ ਪਿੰਡ ਪੁੱਜਿਆ 92 ਸਾਲਾ ਖ਼ੁਰਸ਼ੀਦ
1947 ਦੀ ਵੰਡ ਨੇ ਭਾਵੇਂ ਇਕ ਦੇਸ਼ ਦੇ ਦੋ ਟੁਕੜੇ ਕਰ ਦਿੱਤੇ, ਬਟਵਾਰੇ ਮਗਰੋਂ ਹਿੰਦੋਸਤਾਨ ਤੇ ਪਾਕਿਸਤਾਨ ਬਣ ਗਏ ਪਰ ਉਸ ਵੇਲੇ ਜੋ ਹਿੰਦੋਸਤਾਨ ਛੱਡ ਕੇ ਪਾਕਿਸਤਾਨ ਚਲੇ ਗਏ ਜਾਂ ਫਿਰ ਪਾਕਿਸਤਾਨ ਛੱਡ ਕੇ ਭਾਰਤ ਆ ਗਏ ਇਹ ਵੰਡ ਉਹਨਾਂ ਦੇ ਦਿਲਾਂ ਅੰਦਰ ਵਸਦੀਆਂ ਮੋਹ ਦੀਆਂ ਤਾਰਾਂ ਨੂੰ ਨਹੀਂ ਤੋੜ ਸਕੀ।
ਬਟਾਲਾ : 1947 ਦੀ ਵੰਡ ਨੇ ਭਾਵੇਂ ਇਕ ਦੇਸ਼ ਦੇ ਦੋ ਟੁਕੜੇ ਕਰ ਦਿੱਤੇ, ਬਟਵਾਰੇ ਮਗਰੋਂ ਹਿੰਦੋਸਤਾਨ ਤੇ ਪਾਕਿਸਤਾਨ ਬਣ ਗਏ ਪਰ ਉਸ ਵੇਲੇ ਜੋ ਹਿੰਦੋਸਤਾਨ ਛੱਡ ਕੇ ਪਾਕਿਸਤਾਨ ਚਲੇ ਗਏ ਜਾਂ ਫਿਰ ਪਾਕਿਸਤਾਨ ਛੱਡ ਕੇ ਭਾਰਤ ਆ ਗਏ ਇਹ ਵੰਡ ਉਹਨਾਂ ਦੇ ਦਿਲਾਂ ਅੰਦਰ ਵਸਦੀਆਂ ਮੋਹ ਦੀਆਂ ਤਾਰਾਂ ਨੂੰ ਨਹੀਂ ਤੋੜ ਸਕੀ।
ਅਹਿਮਦ ਖੁਰਸ਼ੀਦ ਜੋ ਵੰਡ ਸਮੇਂ 15 ਸਾਲ ਦਾ ਸੀ ਊਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਆਪਣੇ ਪਿੰਡ ਮਚਰਾਏ ਨੂੰ ਛੱਡ ਕੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲਾ ਗਿਆ ਸੀ ਅਤੇ ਓਥੇ ਜਾ ਕੇ ਵੱਸ ਗਿਆ ਪਰ ਆਪਣੇ ਪਿੰਡ ਆਪਣੇ ਯਾਰਾਂ ਦੀਆਂ ਯਾਦਾਂ ਨੂੰ ਅੱਜ ਤੱਕ ਵੀ ਨਹੀਂ ਭੁੱਲ ਸਕਿਆ। ਉਸ ਦੇ ਮਨ ਅੰਦਰ ਤਾਂਘ ਰਹੀ ਆਪਣੇ ਪਿੰਡ ਨੂੰ ਦੇਖਣ ਦੀ, ਆਪਣੇ ਯਾਰਾਂ ਨੂੰ ਮਿਲਣ ਦੀ ਪਰ ਉਹ ਤਾਂਘ ਹੁਣ ਉਸ ਸਮੇਂ ਪੂਰੀ ਹੋਈ ਜਦੋਂ 77 ਸਾਲ ਬਾਅਦ ਅਹਿਮਦ ਖੁਰਸ਼ੀਦ 92 ਸਾਲ ਦਾ ਹੋ ਗਿਆ ਅਤੇ ਉਸ ਨੂੰ ਆਪਣੇ ਪਿੰਡ ਆਉਣ ਦਾ ਮੌਕਾ ਮਿਲਿਆ।
ਅਹਿਮਦ ਖੁਰਸ਼ੀਦ ਜਿਸ ਦਾ ਜਨਮ 1932 ਵਿੱਚ ਭਾਰਤ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਚਰਾਏ ਵਿਖੇ ਹੋਇਆ ਸੀ। ਅੱਜ ਪੂਰੇ 77 ਸਾਲ ਬਾਅਦ ਆਪਣੇ ਪਿੰਡ ਪਹੁੰਚਿਆ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਅਹਿਮਦ ਖੁਰਸ਼ੀਦ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸਭ ਨੂੰ ਦੇਖ ਖੁਰਸ਼ੀਦ ਵੀ ਬਹੁਤ ਖੁਸ਼ ਨਜ਼ਰ ਆਇਆ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਇਕ ਵਾਰ ਫਿਰ ਤੋਂ ਯਾਦ ਕੀਤਾ।
ਪਿੰਡ ਦੇ ਪਾਣੀ ਨੂੰ ਪੀ ਕੇ ਖ਼ੁਰਸ਼ੀਦ ਨੇ ਕਿਹਾ ਇਹ ਪਿੰਡ ਦਾ ਪਾਣੀ, ਪਾਣੀ ਨਹੀਂ ਬਲਕਿ ਉਸ ਨੂੰ ਦੁੱਧ ਵਰਗਾ ਲਗਦਾ ਹੈ। ਉਸ ਨੇ ਕਿਹਾ ਕਿ ਪਿੰਡ ਦੀ ਧਰਤੀ ਓਹਨਾਂ ਨੂੰ ਮੱਕੇ ਵਰਗੀ ਲੱਗਦੀ ਹੈ। ਉਹਨਾਂ ਜਿੱਥੇ ਅੱਲ੍ਹਾ ਤਾਅਲਾ ਦਾ ਧੰਨਵਾਦ ਕੀਤਾ ਉਥੇ ਹੀ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਵੀ ਖੁੱਲ੍ਹੇ ਦਿਲ ਨਾਲ ਖ਼ੁਰਸ਼ੀਦ ਦਾ ਸਵਾਗਤ ਕੀਤਾ ਅਤੇ ਸਰਕਾਰਾਂ ਨੂੰ ਵੀਜ਼ਾ ਦੇਣ ਵਿਚ ਖੁਲ੍ਹ ਦੇਣ ਦੀ ਮੰਗ ਕੀਤੀ ਤਾਂਕਿ ਅਹਿਮਦ ਖੁਰਸ਼ੀਦ ਵਰਗੇ ਦੂਸਰੇ ਬਜ਼ੁਰਗ ਵੀ ਆਪਣੇ ਵਿਛੜੇ ਪਿੰਡਾਂ ਨੂੰ ਦੁਬਾਰਾ ਦੇਖ ਸਕਣ।