ਸੁਰਜੀਤ ਕੌਰ ਬਸਰਾ ਦੀ ਕਵਿਤਾ 'ਮੈਨੂੰ ਨਿਰ-ਉੱਤਰ ਰਹਿਣ ਦੇ'

ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਸੁਰਜੀਤ ਕੌਰ ਬਸਰਾ ਦਾ ਨਾਮ ਜਾਣਿਆ ਪਛਾਣਿਆ ਹੈ। ਕਵੀ ਨੇ ਕਵਿਤਾ ਵਿੱਚ ਮਨੁੱਖ ਦੇ ਮਨ ਦੇ ਆਰ-ਪਾਰ ਜਾਣ ਦੀ ਕੋਸ਼ਿਸ਼ ਕੀਤੀ ਹੈ। ਬਸਰਾ ਨੇ ਕਵਿਤਾ ਵਿੱਚ ਮਨ ਦੀਆਂ ਪਰਤਾਂ ਨੂੰ ਫਰੇਲਿਆ ਹੀ ਨਹੀਂ ਸਗੋਂ ਇਕ ਵੱਖਰੇ ਕਿਸਮ ਦਾ ਡਾਇਲਾਗ ਵੀ ਸਿਰਜਿਆ ਹੈ।

Update: 2024-07-20 09:04 GMT

ਮੈਨੂੰ ਨਿਰ-ਉੱਤਰ ਰਹਿਣ ਦੇ

ਮੈਂ ਅਕਸਰ ਫਿਜ਼ਾ ਵਿੱਚ

ਵਗਦੀਆਂ ਹਵਾਵਾਂ ਤੋਂ

ਪੁੱਛਦਾ ਹਾਂ।

ਕਿ ਮੇਰਾ ਦੇਸ-ਦੁਆਬਾ

ਖੁਸ਼ੀ ਵਸਦਾ ਰਸਦਾ ਏ?

ਵਾਸ਼ਿੰਦਾ ਮੇਰੀ ਧਰਤੀ ਦਾ

ਸੁੱਖਾਂ ਵਿੱਚ ਨਿਤ ਦਿਨ ਹੱਸਦਾ ਏ?

ਮੇਰੇ ਸਵਾਲਾਂ ਨੂੰ ਸੁਣ ਕੇ ਅਕਸਰ ਹਵਾਵਾਂ

ਉਦਾਸ ਤੇ ਨਿਰਉੱਤਰ ਹੋ ਜਾਂਦੀਆਂ ਨੇ।

ਮੈਂ ਫੇਰ ਵੀ

ਉਨ੍ਹਾਂ ਤੋਂ ਪੁੱਛਦਾ ਹਾਂ

ਕਿ ਨੱਚਦੇ ਨੇ ਮੇਰੇ ਪੰਜਾਬ ਵਿੱਚ

ਅੱਜ ਵੀ ਮੋਰ?

ਸਾਂਝਾ ਵਾਲੀ ਪਹਿਲਾਂ ਵਾਂਗ

ਪੱਕੀ ਹੈ ਡੋਰ?

ਲੋਹੜੀ, ਹੋਲੀ, ਦਿਵਾਲੀ

ਕਿਵੇਂ ਹੁਣ ਪੁਰਬ ਮਨਾਉਂਦੇ ਹੋ?

ਕਿ ਅੱਜ ਵੀ ਦੀਵਿਆਂ ਵਿੱਚ

ਤੇਲ ਦੀ ਥਾਂ ਰੀਝਾਂ ਪਾਉਂਦੇ ਹੋ?

ਟੁੱਟ ਕੇ ਨਾ ਬਹਿਜੀਂ ਵੀਰਨਾ

ਭੈਣਾਂ ਵਰਗਾ ਸਾਕ ਨਾ ਕੋਈ,

ਇਹ ਟੱਪੇ ਅੱਜ ਵੀ ਗਾਉਂਦੇ ਹੋ?

ਬੜੇ ਅਰਸੇ ਤੋਂ,

ਮੈਂ ਸੁਪਨੇ ‘ਚ ਵੀ ਪੰਜਾਬ ਨੂੰ

ਤੱਕਿਆ ਨਹੀਂ।

ਗੰਨੇ, ਛੋਲੇ, ਸਾਗ, ਮੱਕੀ ਦੀ ਰੋਟੀ ਦਾ

ਰਸ ਚੱਖਿਆ ਨਹੀਂ।

ਪੈਸੇ ਵਾਲੀ ਦੌੜ ਵਿਦੇਸ਼ਾਂ ‘ਚ ਬੜੀ ਹੈ,

ਪਤਾ ਨਹੀਂ ਕਿਉਂ ਦਿਲ ਨੂੰ

ਪੰਜਾਬ ਦੀ ਚਿੰਤਾ ਬੜੀ ਹੈ?

ਸੁਣੋ ਹਵਾਉ!

ਕੁਝ ਤਾਂ ਕਹੋ

ਮੇਰੇ ਮੁਲਕ ਵਿਚ

ਸਭ ਠੀਕ ਤਾਂ ਹੈ?

ਕੁਝ ਤਾਂ ਸੁਣਾਉ

ਤੁਸੀਂ ਚੁੱਪ-ਚੁੱਪ ਤੇ ਨਿਰਉੱਤਰ ਕਿਉਂ ਹੋ?

ਹਵਾ ਦਾ ਜਵਾਬ:- ਹੇ! ਬੇਗਾਨੇ ਮੁਲਕ ਦੀ ਦਹਿਲੀਜ਼ ਤੇ

ਬੈਠ ਪੰਜਾਬੀ ਪੁੱਤਰਾ।

ਤੇਰਾ ਪੰਜਾਬ ਕਹਿੰਦੇ

ਬੜੀ ਤਰੱਕੀ ਕਰ ਰਿਹਾ ਹੈ?

ਉਹ ਛਾਲ੍ਹਾਂ ਉੱਚੀਆਂ ਤੇ ਲੰਮੀਆਂ

ਹੁਣ ਭਰ ਰਿਹਾ ਹੈ।

ਟੱਬਰਾਂ ਦੇ ਟੱਬਰ ਵਿਦੇਸ਼ੀ ਵੱਸ ਗਏ ਨੇ,

ਬੱਚੇ ਬਜ਼ੁਰਗਾਂ ਨੂੰ ਘਰਾਂ ਵਿੱਚ ਡੱਕ ਗਏ ਨੇ।

ਪਿੰਡਾਂ ‘ਚੋਂ ਗੁਰਬਤ ਦੇ ਬੱਦਲ ਛੱਟ ਗਏ ਨੇ

ਕੋਠੀਆਂ ਵਧ ਗਈਆਂ ਨੇ

ਤੇ ਖੇਤ ਹੁਣ ਘੱਟ ਗਏ ਨੇ।

ਬਾਹਰ ਜਾਣ ਦੀ ਖਾਤਰ ਧਰਤੀ ਮਾਂ ਵੇਚ ਦਿੰਦੇ

ਖੂਨ ਦੀ ਥਾਂ ਹੁਣ ਰਿਸ਼ਤਿਆਂ ਵਿੱਚ

ਪਾਣੀ ਭਰ ਰਹੇ ਨੇ।

ਇਹ ਤੇਰਾ ਪੰਜਾਬ ਮੈਨੂੰ ਤਾਂ

ਹੁਣ ਪੰਜਾਬ ਨਹੀਂ ਲੱਗਦਾ।

ਕਦੇ ਇਹ ਯੂ.ਪੀ. ਲੱਗਦਾ ਏ।

ਕਦੇ ਬਿਹਾਰ ਹੈ ਲੱਗਦਾ।

ਸਾਂਝੀਵਾਲਤਾ ਵੀ ਹੁਣ ਤਾਂ

ਦਮ ਤੋੜ ਰਹੀ ਹੈ।

ਦਰਗਾਹਾਂ, ਸਿਨਮਿਆਂ ਘਰਾਂ ਵਿੱਚ,

ਬੰਬਾਂ ਦੇ ਰੂਪ ਵਿੱਚ,

ਹੈਵਾਨੀਅਤ ਬੋਲ ਰਹੀ ਹੈ।

ਸਾਹਾਂ ਤੋਂ ਮਹਿੰਗੀ ਅਜ਼ਾਦੀ ਨੂੰ

ਤੇਰੇ ਵਤਨ ਦੇ ਨੌਜਵਾਨ

ਪਾਣੀ ਵਿੱਚ ਰੋੜ ਰਹੇ ਨੇ।

ਨਸ਼ੇ ਦੇ ਹੋ ਗੁਲਾਮ

ਸ਼ਹੀਦਾਂ ਦੀ ਸ਼ਹੀਦੀ ਦਾ

ਇਵੇਂ ਮੁੱਲ ਮੋੜ ਰਹੇ ਨੇ।

ਕੁੜੀਆਂ ਦੀ ਹਾਲਤ ਤੋਂ ਤਾਂ

ਤੂੰ ਅਣਜਾਣ ਨਹੀਂ ਏ।

ਪਹਿਲਾਂ ਵਾਂਗ ਹੀ ਦਾਜ ਦੀ ਬਲੀ ਚੜਦੀਆਂ ਨੇ ਕੁੜੀਆਂ।

ਪੇਕਿਆਂ ਦੇ ਘਰ ਜੰਮਣੋ ਪਹਿਲਾਂ ਮਰਦੀਆਂ ਨੇ ਕੁੜੀਆਂ,

ਸਹੁਰਿਆਂ ਦੇ ਘਰ ਅੱਜ ਵੀ ਮਿੱਤਰਾ ਸੜਦੀਆਂ ਨੇ ਕੁੜੀਆਂ।

ਹੋ ਕੇ ਵੀ ਨਾ ਹੋਣ ਬਰਾਬਰ ਉਦੋਂ ਸੀ ਕੁੜੀਆਂ

ਹੋ ਕੇ ਵੀ ਨਾ ਹੋਣ ਬਰਾਬਰ ਕੁਝ ਅੱਜ ਦੀਆਂ ਕੁੜੀਆਂ।

ਤੈਨੂੰ ਕਿਵੇਂ ਕਿਸ ਜਿਗਰੇ ਨਾਲ ਮੈਂ ਦੱਸਾਂ...

ਨਸ਼ੇ ਦੇ ਵਿਚ ਗ਼ਰਕ ਹੋ ਗਈਆਂ ਨੇਕੁਝ ਕੁੜੀਆਂ।

ਜਿਸਦੀਆਂ ਸਿਫ਼ਤਾਂ ਤੂੰ ਸੀ ਕਰਦਾ

ਕਿ ਇਹੀ ਪੰਜਾਬ ਹੈ ਤੇਰਾ?

ਸੂਲਾਂ, ਕੰਡਿਆਂ ਤੋਂ ਦਰਦੀਲਾਂ

ਕਿ ਇਹੀ ਗੁਲਾਬ ਹੈ ਤੇਰਾ?

ਜੋ ਰਹਿ ਗਏ ਤੇਰਿਆਂ ਸਵਾਲਾਂ ਦੇ

ਉਹ ਉੱਤਰ ਰਹਿਣ ਦੇ

ਮੈਥੋਂ ਦਿੱਤੇ ਨਹੀਂ ਜਾਣਗੇ

ਮੈਨੂੰ ਨਿਰ-ਉੱਤਰ ਰਹਿਣ ਦੇ

ਮੈਨੂੰ ਨਿਰ-ਉੱਤਰ ਰਹਿਣ ਦੇ

.............................


ਸੁਰਜੀਤ ਕੌਰ ਬਸਰਾ

ਅਸਿਸਟੈਂਟ ਪ੍ਰੋਫੈਸਰ (ਪੰਜਾਬੀ)

ਡੀ.ਏ.ਵੀ. ਕਾਲਜ ਹੁਸ਼ਿਆਰਪੁਰ।

ਫੋਨ ਨੰ: 8968999512

Tags:    

Similar News