Congress ਦੇ ਬਿਆਨਾਂ ‘ਤੇ Kuldeep Dhaliwal ਦਾ ਤਿੱਖਾ ਹਮਲਾ, ਕਿਹਾ – 2027 ‘ਚ Congress ਸਿਆਸਤ ਤੋਂ ਹੋਵੇਗੀ ਸਾਫ਼
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਪ੍ਰੈਸ-ਕਾਨਫਰੰਸ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਸਰਹੱਦੀ ਕਿਸਾਨਾਂ ਦਾ ਇੱਕ ਬਹੁਤ ਪੁਰਾਣਾ ਤੇ ਗੰਭੀਰ ਮੁੱਦਾ ਚੁੱਕਿਆ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਰਤ–ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਕਾਰਨ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਤਾਰ ਦੇ ਅਗਲੇ ਪਾਸੇ ਚਲੀ ਗਈ ਸੀ, ਜਿੱਥੇ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖੇਤੀ ਲਈ ਸਮਾਂ ਸੀਮਿਤ, ਸਖ਼ਤ ਚੈਕਿੰਗ, ਫਸਲਾਂ ਦੀ ਉਚਾਈ ‘ਤੇ ਰੋਕ ਅਤੇ ਔਰਤਾਂ ਦੀ ਜਾਂਚ ਵਰਗੀਆਂ ਸਮੱਸਿਆਵਾਂ ਕਿਸਾਨਾਂ ਲਈ ਵੱਡੀ ਪੀੜ੍ਹ ਸਨ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਗ੍ਰਹਿ ਮੰਤਰੀ ਕੋਲ ਸਪਸ਼ਟ ਮੰਗ ਰੱਖੀ ਕਿ ਜਾਂ ਤਾਂ ਤਾਰ ਦੇ ਅੱਗੇ ਵਾਲੀ ਜ਼ਮੀਨ ਦਾ ਮੁਵਜ਼ਾ ਦਿੱਤਾ ਜਾਵੇ ਜਾਂ ਫਿਰ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ 200 ਮੀਟਰ ਅੰਦਰ ਕੀਤਾ ਜਾਵੇ।ਕੇਂਦਰੀ ਗ੍ਰਹਿ ਮੰਤਰੀ ਵੱਲੋਂ ਇਸ ਮੰਗ ਨੂੰ ਸਿਧਾਂਤਕ ਤੌਰ ‘ਤੇ ਮਨਜ਼ੂਰੀ ਮਿਲ ਗਈ ਹੈ ਅਤੇ ਆਉਣ ਵਾਲੇ 15 ਦਿਨਾਂ ਵਿੱਚ ਇਸ ‘ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸ ਫ਼ੈਸਲੇ ਨਾਲ ਪੰਜਾਬ ਦੀ ਲਗਭਗ 532 ਕਿਲੋਮੀਟਰ ਲੰਮੀ ਸਰਹੱਦ ‘ਤੇ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਲਈ ਮੁੜ ਉਪਲਬਧ ਹੋਵੇਗੀ, ਜੋ ਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਹੱਦੀ ਕਿਸਾਨਾਂ ਵੱਲੋਂ ਅਜਨਾਲਾ ਦੌਰੇ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਬਿਨਾਂ ਸੋਚੇ-ਸਮਝੇ ਬਿਆਨ ਦੇ ਰਹੇ ਹਨ। ਧਾਲੀਵਾਲ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਪੰਜਾਬ ‘ਚ ਸਫਾਇਆ ਹੋ ਜਾਵੇਗਾ, ਕਿਉਂਕਿ ਲੋਕ ਹੁਣ ਖਾਲੀ ਬਿਆਨਾਂ ਨਹੀਂ, ਕੰਮ ਕਰਨ ਵਾਲੀ ਸਰਕਾਰ ‘ਤੇ ਭਰੋਸਾ ਕਰ ਰਹੇ ਹਨ।
ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੇ ਹੱਕਾਂ ਲਈ ਲਗਾਤਾਰ ਲੜ ਰਹੀ ਹੈ ਅਤੇ ਅੱਗੇ ਵੀ ਇਹ ਲੜਾਈ ਜਾਰੀ ਰਹੇਗੀ।