Sachkhand Sri Harmandar Sahib ਵਿਖੇ ਸੋਨੇ ਦੀ ਧੁਆਈ ਦੀ ਸੇਵਾ ਆਰੰਭ: ਕੁਦਰਤੀ ਤਰੀਕੇ ਨਾਲ ਚਮਕਾਇਆ ਜਾਵੇਗਾ ਸੁਨਹਿਰੀ ਰੂਪ

By :  Gill
Update: 2026-03-06 05:40 GMT

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਆਰੰਭ: ਕੁਦਰਤੀ ਤਰੀਕੇ ਨਾਲ ਚਮਕਾਇਆ ਜਾਵੇਗਾ ਸੁਨਹਿਰੀ ਰੂਪ

ਅੰਮ੍ਰਿਤਸਰ, 06 ਮਾਰਚ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਂਭ-ਸੰਭਾਲ ਅਤੇ ਚਮਕ ਨੂੰ ਬਰਕਰਾਰ ਰੱਖਣ ਲਈ ਅੱਜ ਅਰਦਾਸ ਉਪਰੰਤ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਸ਼ੁਰੂ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਅਹਿਮ ਸੇਵਾ 'ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ' ਨੂੰ ਸੌਂਪੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਅਤੇ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਸੇਵਾ ਪੂਰੀ ਤਰ੍ਹਾਂ ਨਿਸ਼ਕਾਮ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੁੰਬਦਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅਤੇ ਘੰਟਾ ਘਰ ਡਿਓੜੀ ਦੇ ਗੁੰਬਦਾਂ 'ਤੇ ਲੱਗੇ ਸੁਨਹਿਰੀ ਪੱਤਰਿਆਂ ਦੀ ਵੀ ਸਫਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅੰਦਰਲੇ ਹਿੱਸੇ ਵਿੱਚ ਮੀਨਾਕਾਰੀ ਅਤੇ ਸੁਨਹਿਰੀ ਪੱਤਰਿਆਂ ਦੀ ਮੁਰੰਮਤ ਦਾ ਕਾਰਜ ਵੀ ਲੋੜ ਅਨੁਸਾਰ ਜਾਰੀ ਰਹੇਗਾ।

ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਸੇਵਾ ਦੀ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੇ ਦੀ ਧੁਆਈ ਲਈ ਕਿਸੇ ਵੀ ਤਰ੍ਹਾਂ ਦੇ ਰਸਾਇਣ (Chemicals) ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਸੇਵਾ ਬਿਲਕੁਲ ਕੁਦਰਤੀ ਢੰਗ ਨਾਲ ਰੀਠੇ ਦੇ ਉਬਲੇ ਹੋਏ ਪਾਣੀ ਅਤੇ ਨਿੰਬੂ ਦੇ ਰਸ ਨਾਲ ਕੀਤੀ ਜਾਂਦੀ ਹੈ, ਤਾਂ ਜੋ ਸੋਨੇ ਦੀ ਪਰਤ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਹ ਸੇਵਾ ਅਗਲੇ 10 ਤੋਂ 12 ਦਿਨਾਂ ਤੱਕ ਨਿਰੰਤਰ ਜਾਰੀ ਰਹੇਗੀ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਬੜੀ ਸ਼ਰਧਾ ਨਾਲ ਹਿੱਸਾ ਲੈ ਰਹੀਆਂ ਹਨ।

Similar News