Calendar of Nakshahi Sammat 558 released: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਨੇ ਕੌਮ ਨੂੰ ਸਮਰਪਿਤ ਕੀਤਾ ਨਵਾਂ ਸਾਲ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨਾਨਕਸ਼ਾਹੀ ਸੰਮਤ 558 ਦਾ ਕੈਲੰਡਰ ਰਸਮੀ ਤੌਰ 'ਤੇ ਜਾਰੀ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨਾਨਕਸ਼ਾਹੀ ਸੰਮਤ 558 ਦਾ ਕੈਲੰਡਰ ਰਸਮੀ ਤੌਰ 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਚਲਾਇਆ ਅਤੇ ਦਸਮ ਪਾਤਸ਼ਾਹ ਜੀ ਨੇ ਇਸ ਨੂੰ ਮੁਕੰਮਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਕੈਲੰਡਰ ਭਗਤ ਸ਼੍ਰੋਮਣੀ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ, ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਜਥੇਦਾਰ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ 14 ਮਾਰਚ ਤੋਂ ਸ਼ੁਰੂ ਹੋਣ ਵਾਲੇ ਨਾਨਕਸ਼ਾਹੀ ਨਵੇਂ ਸਾਲ ਨੂੰ ਗੁਰਦੁਆਰਿਆਂ ਵਿੱਚ ਵਿਸ਼ੇਸ਼ ਸਮਾਗਮ ਕਰਕੇ ਮਨਾਇਆ ਜਾਵੇ ਅਤੇ ਇਸ ਕੈਲੰਡਰ ਅਨੁਸਾਰ ਹੀ ਦਿਨ-ਤਿਉਹਾਰ ਮਨਾ ਕੇ ਆਪਣੇ ਵਪਾਰਕ ਅਦਾਰਿਆਂ ਤੇ ਘਰਾਂ ਦਾ ਸ਼ਿੰਗਾਰ ਬਣਾਇਆ ਜਾਵੇ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੇ ਸਿੱਖ ਕੌਮ ਦੀ ਵਿਲੱਖਣ ਪਛਾਣ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਤਿਉਹਾਰ ਦੂਜੇ ਧਰਮਾਂ ਦੇ ਪ੍ਰਭਾਵ ਹੇਠ ਮਨਾਏ ਜਾਂਦੇ ਸਨ, ਪਰ ਹੁਣ ਸਿੱਖ ਨਵੀਂ ਪੀੜ੍ਹੀ 'ਬੰਦੀ ਛੋੜ ਦਿਵਸ' ਅਤੇ 'ਖਾਲਸਾ ਦਰਬਾਰ' ਵਰਗੇ ਵਿਲੱਖਣ ਇਤਿਹਾਸਿਕ ਦਿਹਾੜਿਆਂ ਪ੍ਰਤੀ ਜਾਗਰੂਕ ਹੋਈ ਹੈ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਤੱਕ ਇਹ ਕੈਲੰਡਰ ਅਤੇ ਜੰਤਰੀਆਂ ਵੱਡੇ ਪੱਧਰ 'ਤੇ ਪਹੁੰਚਾਈਆਂ ਜਾਣਗੀਆਂ