ਜਾਣੋ, ਕੀ ਹੁੰਦਾ ਹੈ ਮਾਸਾਹਾਰੀ ਦੁੱਧ? ਭਾਰਤ ’ਚ ਵੇਚਣ ਦੀ ਜਿੱਦ ਕਰ ਰਿਹਾ ਅਮਰੀਕਾ

ਭਾਰਤ ਵਿਚ ਗਾਂ ਦੇ ਦੁੱਧ ਨੂੰ ਪੂਜਾ ਤੋਂ ਲੈ ਕੇ ਬੱਚਿਆਂ ਦੇ ਪੋਸ਼ਣ ਤੱਕ ਹਰ ਜਗ੍ਹਾ ਵਰਤਿਆ ਜਾਂਦਾ ਏ ਪਰ ਮੌਜੂਦਾ ਸਮੇਂ ‘ਮਾਸਾਹਾਰੀ ਦੁੱਧ’ ਕਾਫ਼ੀ ਸੁਰਖ਼ੀਆਂ ਵਿਚ ਛਾਇਆ ਹੋਇਐ, ਜਿਸ ਨੂੰ ਬਜ਼ਾਰ ਵਿਚ ਲਿਆਉਣ ਲਈ ਅਮਰੀਕਾ ਵੱਲੋਂ ਭਾਰਤ ’ਤੇ ਜ਼ੋਰ ਪਾਇਆ ਜਾ ਰਿਹਾ ਏ।

Update: 2025-07-18 04:45 GMT

ਚੰਡੀਗੜ੍ਹ : ਭਾਰਤ ਵਿਚ ਸਦੀਆਂ ਤੋਂ ਦੁੱਧ ਨੂੰ ਪਵਿੱਤਰ ਤੇ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਰਿਹੈ ਕਿਉਂਕਿ ਇਹ ਦੁੱਧ ਸਾਡੀ ਖ਼ੁਰਾਕ ਦਾ ਹਿੱਸਾ ਹੀ ਨਹੀਂ ਬਲਕਿ ਸਾਡੀਆਂ ਧਾਰਮਿਕ ਰਵਾਇਤਾਂ ਦਾ ਇਕ ਮਹੱਤਵਪੂਰਨ ਹਿੱਸਾ ਵੀ ਰਿਹੈ। ਗਾਂ ਦੇ ਦੁੱਧ ਨੂੰ ਪੂਜਾ ਤੋਂ ਲੈ ਕੇ ਬੱਚਿਆਂ ਦੇ ਪੋਸ਼ਣ ਤੱਕ ਹਰ ਜਗ੍ਹਾ ਵਰਤਿਆ ਜਾਂਦਾ ਏ ਪਰ ਮੌਜੂਦਾ ਸਮੇਂ ‘ਮਾਸਾਹਾਰੀ ਦੁੱਧ’ ਕਾਫ਼ੀ ਸੁਰਖ਼ੀਆਂ ਵਿਚ ਛਾਇਆ ਹੋਇਐ, ਜਿਸ ਨੂੰ ਬਜ਼ਾਰ ਵਿਚ ਲਿਆਉਣ ਲਈ ਅਮਰੀਕਾ ਵੱਲੋਂ ਭਾਰਤ ’ਤੇ ਜ਼ੋਰ ਪਾਇਆ ਜਾ ਰਿਹਾ ਏ। ਦੇਸ਼ ਦੇ ਸਾਰੇ ਲੋਕਾਂ ਨੂੰ ਇਸ ਨਾਮ ਨੇ ਹੈਰਾਨ ਕਰਕੇ ਰੱਖ ਦਿੱਤਾ ਏ। ‘ਮਾਸਾਹਾਰੀ ਦੁੱਧ’ ’ਤੇ ਭਾਰਤ,,, ਅਮਰੀਕਾ ਨੂੰ ਹਾਲੇ ਕੋਈ ਆਈ ਗਈ ਨਹੀਂ ਦੇ ਰਿਹਾ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਮਾਸਾਹਾਰੀ ਦੁੱਧ ਅਤੇ ਭਾਰਤ ਵਿਚ ਇਸ ਦੇ ਆਉਣ ਨਾਲ ਕੀ ਹੋ ਸਕਦੇ ਨੇ ਨੁਕਸਾਨ?


ਭਾਰਤ ਵਿਚ ਦੁੱਧ ਨੂੰ ਸ਼ਾਕਾਹਾਰੀ ਅਤੇ ਪਵਿੱਤਰ ਭੋਜਨ ਮੰਨਿਆ ਜਾਂਦੈ ਅਤੇ ਇਸ ਦੀ ਵਰਤੋਂ ਧਾਰਮਿਕ ਰੀਤੀ ਰਿਵਾਜ਼ਾਂ ਵਿਚ ਵੀ ਕੀਤੀ ਜਾਂਦੀ ਐ। ਖ਼ਾਸ ਤੌਰ ’ਤੇ ਗਾਂ ਦੇ ਦੁੱਧ ਦਾ ਕਈ ਧਾਰਮਿਕ ਰੀਤੀ ਰਿਵਾਜ਼ਾਂ ਵਿਚ ਖ਼ਾਸ ਮਹੱਤਵ ਐ ਪਰ ਅਜਿਹੇ ਵਿਚ ਜਦੋਂ ਹੁਣ ਭਾਰਤ ਵਿਚ ‘ਮਾਸਾਹਾਰੀ ਦੁੱਧ’ ਦੀ ਕਾਫ਼ੀ ਚਰਚਾ ਛਿੜੀ ਹੋਈ ਐ ਤਾਂ ਦੇਸ਼ ਦੇ ਵੱਡੀ ਗਿਣਤੀ ਵਿਚ ਲੋਕ ਹੈਰਾਨ ਨੇ ਕਿ ਜੇਕਰ ਇਹ ‘ਮਾਸਾਹਾਰੀ ਦੁੱਧ’ ਬਜ਼ਾਰ ਵਿਚ ਆ ਗਿਆ ਤਾਂ ਉਨ੍ਹਾਂ ਦੇ ਧਾਰਮਿਕ ਰੀਤੀ ਰਿਵਾਜ਼ਾਂ ਦਾ ਕੀ ਹੋਵੇਗਾ?


ਦਰਅਸਲ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਚੱਲ ਰਹੀ ਐ, ਜਿਸ ਵਿਚ ਅਮਰੀਕਾ ਵੱਲੋਂ ਭਾਰਤੀ ਬਜ਼ਾਰ ਵਿਚ ਇਸ ਮਾਸਾਹਾਰੀ ਦੁੱਧ ਨੂੰ ਲਿਆਉਣ ਦੀ ਅੜੀ ਕੀਤੀ ਜਾ ਰਹੀ ਐ ਪਰ ਭਾਰਤ ਇਸ ਦੀ ਰੋਕ ’ਤੇ ਸਖ਼ਤੀ ਨਾਲ ਅੜਿਆ ਹੋਇਆ ਏ ਕਿਉਂਕਿ ਭਾਰਤ ਸਰਕਾਰ ਨੂੰ ਪਤਾ ਏ ਕਿ ਜੇਕਰ ਭਾਰਤੀ ਬਜ਼ਾਰ ਵਿਚ ਮਾਸਾਹਾਰੀ ਦੁੱਧ ਵਿਕਿਆ ਤਾਂ ਦੇਸ਼ ਵਿਚ ਵੱਡਾ ਬਵਾਲ ਖੜ੍ਹਾ ਹੋ ਜਾਵੇਗਾ।


ਦਰਅਸਲ ਮਾਸਾਹਾਰੀ ਦੁੱਧ’ ਉਸ ਦੁੱਧ ਨੂੰ ਕਿਹਾ ਜਾਂਦੈ ਜੋ ਉਨ੍ਹਾਂ ਗਾਵਾਂ ਤੋਂ ਮਿਲਦਾ ਏ, ਜਿਨ੍ਹਾਂ ਨੂੰ ਮਾਸਾਹਾਰੀ ਉਤਪਾਦ ਜਿਵੇਂ ਮਾਸ, ਖੂਨ, ਹੱਡੀਆਂ ਦਾ ਚੂਰਾ ਜਾਂ ਜਾਨਵਰਾਂ ਦੇ ਅਵਸ਼ੇਸ਼ ਚਾਰੇ ਵਿਚ ਖੁਆਏ ਜਾਂਦੇ ਨੇ। ਅਮਰੀਕਾ ਤੇ ਕੁਝ ਪੱਛਮੀ ਦੇਸ਼ਾਂ ਵਿਚ ਗਾਵਾਂ ਨੂੰ ਪ੍ਰੋਟੀਨ ਤੇ ਫੈਟ ਦੀ ਵੱਧ ਮਾਤਰਾ ਦੇਣ ਲਈ ਅਕਸਰ ਅਜਿਹਾ ਚਾਰਾ ਖੁਆਇਆ ਜਾਂਦੈ, ਜਿਸ ਵਿੱਚ ਮੀਟ ਉਦਯੋਗ ਤੋਂ ਬਚੇ ਉਤਪਾਦ ਜਿਵੇਂ ਸੂਰ, ਮੁਰਗੇ, ਮੱਛੀ, ਘੋੜੇ ਤੇ ਇੱਥੋਂ ਤੱਕ ਕਿ ਕਈ ਵਾਰ ਕੁੱਤੇ ਜਾਂ ਬਿੱਲੀ ਦੇ ਅਵਸ਼ੇਸ਼ ਵੀ ਸ਼ਾਮਲ ਹੋ ਸਕਦੇ ਨੇ। ਗਾਂਵਾਂ ਨੂੰ ਪ੍ਰੋਟੀਨ ਦੇ ਲਈ ਅਜਿਹਾ ਚਾਰਾ ਖੁਆਇਆ ਜਾਂਦੈ ਤਾਂ ਜੋ ਉਹ ਮੋਟੀਆਂ ਤਕੜੀਆਂ ਹੋਣ ਅਤੇ ਪ੍ਰੋਟੀਨ ਦੇ ਨਾਲ ਭਰਪੂਰ ਦੁੱਧ ਦੇਣ। ਇਹ ਇਹ ਸਭ ਕੁੱਝ ਦੁੱਧ ਦੀ ਪੈਦਾਵਾਰ ਵਧਾਉਣ ਤੇ ਲਾਗਤ ਘਟਾਉਣ ਲਈ ਕੀਤਾ ਜਾਂਦੈ।


ਮੌਜੂਦਾ ਸਮੇਂ ‘ਮਾਸਾਹਾਰੀ ਦੁੱਧ’ ਦੇ ਸੁਰਖੀਆਂ ਵਿਚ ਆਉਣ ਦਾ ਮੁੱਖ ਕਾਰਨ ਭਾਰਤ ਤੇ ਅਮਰੀਕਾ ਵਿਚਕਾਰ ਚੱਲ ਰਹੇ ਵਪਾਰ ਸਮਝੌਤੇ ਦੀ ਗੱਲਬਾਤ ਏ। ਦਰਅਸਲ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਸ ਦੇ ਉਤਪਾਦਾਂ ਲਈ ਆਪਣਾ ਡੇਅਰੀ ਬਾਜ਼ਾਰ ਖੋਲ੍ਹੇ ਪਰ ਭਾਰਤ ਨੇ ਅਮਰੀਕੀ ਡੇਅਰੀ ਉਤਪਾਦਾਂ ਦੇ ਆਯਾਤ ਨੂੰ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਏ।


ਭਾਰਤ ਦਾ ਕਹਿਣਾ ਹੈ ਕਿ ਆਯਾਤ ਕੀਤਾ ਗਿਆ ਦੁੱਧ ਉਨ੍ਹਾਂ ਗਾਵਾਂ ਤੋਂ ਆਉਣਾ ਚਾਹੀਦਾ ਏ, ਜਿਨ੍ਹਾਂ ਨੂੰ ਮਾਸ ਜਾਂ ਖੂਨ ਵਰਗੇ ਜਾਨਵਰ-ਅਧਾਰਤ ਉਤਪਾਦ ਨਾ ਖੁਆਏ ਗਏ ਹੋਣ। ਭਾਰਤ ਨੇ ਇਸ ਸ਼ਰਤ ਨੂੰ ‘ਗੈਰ-ਗੱਲਬਾਤ ਯੋਗ ਲਾਲ ਲਕੀਰ’ ਦੱਸਿਆ ਏ,, ਯਾਨੀ ਇੱਕ ਅਜਿਹੀ ਸ਼ਰਤ ਜਿਸ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਦਾ ਮੁੱਖ ਕਾਰਨ ਭਾਰਤ ਦੀਆਂ ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਹਨ, ਜਿੱਥੇ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਏ। ਭਾਰਤ ਵੱਲੋਂ ਇਸ ਕਰਕੇ ਵੀ ਸਖ਼ਤੀ ਦਿਖਾਈ ਜਾ ਰਹੀ ਐ ਕਿਉਂਕਿ ਡੇਅਰੀ ਕਾਰੋਬਾਰ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੋਜ਼ੀ ਰੋਟੀ ਮਿਲੀ ਹੋਈ ਐ, ਜਿਨ੍ਹਾਂ ਵਿਚੋਂ ਜ਼ਿਆਦਾਤਰ ਛੋਟੇ ਕਿਸਾਨ ਨੇ।


ਅਮਰੀਕਾ ਵੱਲੋਂ ਭਾਰਤ ਦੀ ਇਸ ਸਖ਼ਤੀ ਨੂੰ ਬੇਲੋੜੀਆਂ ਵਪਾਰਕ ਰੁਕਾਵਟਾਂ ਕਰਾਰ ਦਿੱਤਾ ਜਾ ਰਿਹਾ ਏ। ਉਧਰ ਮਾਹਿਰਾਂ ਦਾ ਮੰਨਣਾ ਏ ਕਿ ਜੇਕਰ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਅਸਫ਼ਲ ਹੋ ਜਾਂਦੀ ਐ ਤਾਂ ਸੰਭਾਵਨਾ ਜਤਾਈ ਜਾ ਰਹੀ ਐ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ’ਤੇ 26 ਫ਼ੀਸਦੀ ਟੈਰਿਫ ਦਰ ਮੁੜ ਤੋਂ ਲਾਗੂ ਕਰ ਸਕਦੇ ਨੇ,,, ਪਰ ਜੇਕਰ ਇਹ ਸਮਝੌਤਾ ਸਿਰੇ ਚੜ੍ਹ ਗਿਆ ਤਾਂ ਸਾਲ 2030 ਤੱਕ ਦੋਵੇਂ ਦੇਸ਼ਾਂ ਵਿਚਾਲੇ ਵਪਾਰ 500 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਏ।


ਪੇਂਡੂ ਅਰਥਵਿਵਸਥਾ ਵਿਚ ਭਾਰਤ ਦੇ ਡੇਅਰੀ ਸੈਕਟਰ ਦਾ ਅਹਿਮ ਯੋਗਦਾਨ ਮੰਨਿਆ ਜਾਂਦੈ। ਭਾਰਤ ਸਰਕਾਰ ਪ੍ਰੈੱਸ ਇਨਫਰਾਮੇਸ਼ਨ ਬਿਊਰੋ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ 239.2 ਕਰੋੜ ਟਨ ਦੁੱਧ ਦੀ ਪੈਦਾਵਾਰ ਹੋਈ ਸੀ। ਦੁੱਧ ਦੀ ਕੁੱਲ ਪੈਦਾਵਾਰ ਵਿਚ ਭਾਰਤ ਦੁਨੀਆ ਵਿਚ ਪਹਿਲੇ ਨੰਬਰ ’ਤੇ ਐ। ਸਾਲ 2023-24 ਵਿਚ ਭਾਰਤ ਨੇ 272.6 ਕਰੋੜ ਡਾਲਰ ਦੇ 63,738 ਟਨ ਦੁੱਧ ਉਤਪਾਦਾਂ ਦਾ ਨਿਰਯਾਤ ਕੀਤਾ ਸੀ, ਜਿਸ ਵਿਚ ਸਭ ਤੋਂ ਵੱਧ ਬਰਾਮਦ ਯੂਏਈ, ਸਾਊਦੀ ਅਰਬ, ਅਮਰੀਕਾ, ਭੂਟਾਨ ਅਤੇ ਸਿੰਗਾਪੁਰ ਨੂੰ ਕੀਤੇ ਗਏ।


ਸਟੇਟ ਬੈਂਕ ਆਫ਼ ਇੰਡੀਆ ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਜੇਕਰ ਅਮਰੀਕੀ ਉਤਪਾਦਾਂ ਨੂੰ ਭਾਰਤ ਵਿਚ ਇਜਾਜ਼ਤ ਦਿੱਤੀ ਜਾਂਦੀ ਐ ਤਾਂ ਭਾਰਤੀ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਘੱਟੋ ਘੱਟ 15 ਫ਼ੀਸਦੀ ਦੀ ਗਿਰਾਵਟ ਆ ਜਾਵੇਗੀ ਅਤੇ ਇਸ ਨਾਲ ਹਰ ਸਾਲ ਕਿਸਾਨਾਂ ਨੂੰ 1.03 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਏ।


ਦੱਸ ਦਈਏ ਕਿ ਭਾਰਤ ਵਿੱਚ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਨੂੰ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਏ, ਜਿਨ੍ਹਾਂ ਦੀ ਵਰਤੋਂ ਧਾਰਮਿਕ ਰਸਮਾਂ ਤੇ ਪੂਜਾ ਵਿੱਚ ਵੀ ਕੀਤੀ ਜਾਂਦੀ ਐ। ਅਜਿਹੇ ਵਿਚ ਮਾਸਾਹਾਰੀ ਭੋਜਨ ਖਾਣ ਵਾਲੀਆਂ ਗਾਵਾਂ ਤੋਂ ਦੁੱਧ ਸਵੀਕਾਰ ਕਰਨਾ ਕਰੋੜਾਂ ਭਾਰਤੀਆਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਦੇ ਵਿਰੁੱਧ ਹੋਵੇਗਾ।


ਕੁੱਝ ਆਰਥਿਕ ਮਾਹਿਰਾਂ ਦਾ ਕਹਿਣਾ ਏ ਕਿ ਉਂਝ ਵੀ ਭਾਰਤ ਵੱਲੋਂ ਵੱਡੇ ਪੱਧਰ ’ਤੇ ਪਸ਼ੂਆਂ ਦਾ ਮਾਸ ਵਿਦੇਸ਼ਾਂ ਨੂੰ ਸਪਲਾਈ ਕੀਤਾ ਜਾਂਦਾ ਏ,,,ਜਿਨ੍ਹਾਂ ਵਿਚ ਕਥਿਤ ਤੌਰ ’ਤੇ ਗਾਵਾਂ ਦਾ ਮਾਸ ਵੀ ਸ਼ਾਮਲ ਐ। ਅਜਿਹੇ ਵਿਚ ਭਾਰਤ ਸਰਕਾਰ ਅਮਰੀਕਾ ਦੇ ਭਾਰੀ ਦਬਾਅ ਕਾਰਨ ‘ਮਾਸਾਹਾਰੀ ਦੁੱਧ’ ਨੂੰ ਕੁੱਝ ਸਖ਼ਤ ਸ਼ਰਤਾਂ ਸਮੇਤ ਭਾਰਤੀ ਬਜ਼ਾਰ ਵਿਚ ਆਉਣ ਦੀ ਇਜਾਜ਼ਤ ਦੇ ਵੀ ਸਕਦੀ ਐ।

ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News