ਘਾਟੀ ਛੱਡਣ ਲਈ ਮਜਬੂਰ ਹੋ ਰਹੇ ਕਸ਼ਮੀਰੀ ਸਿੱਖ! ਸਿੱਖਾਂ ਦੇ 9 ਪਿੰਡ ਵਿਰਾਨ

ਪਹਿਲਗਾਮ ਹਮਲੇ ਤੋਂ ਬਾਅਦ ਘੱਟ ਗਿਣਤੀ ਹੋਣ ਕਰਕੇ ਇਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਬੱਚੇ ਕੰਮ ’ਤੇ ਨਹੀਂ ਜਾ ਪਾ ਰਹੇ, ਜਿਨ੍ਹਾਂ ਦੇ ਬੱਚੇ ਘਾਟੀ ਤੋਂ ਬਾਹਰ ਨੇ, ਉਹ ਵਾਪਸ ਘਰ ਪਰਤਣ ਲਈ ਤਿਆਰ ਨਹੀਂ। ਇਸ ਕਰਕੇ ਹੁਣ ਇਹ ਲੋਕ ਵੀ ਘਾਟੀ ਤੋਂ ਹਿਜ਼ਰਤ ਕਰਨ ਲਈ ਮਜਬੂਰ ਹੋ ਚੁੱਕੇ ਨੇ।

Update: 2025-05-02 06:55 GMT

ਸ੍ਰੀਨਗਰ : ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਘਾਟੀ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ। ਪਹਿਲਗਾਮ ਦੇ ਕੋਲ ਸਿੱਖਾਂ ਦੇ ਕੁੱਲ 9 ਪਿੰਡ ਮੌਜੂਦ ਨੇ, ਜੋ ਸਾਰੇ ਦੇ ਸਾਰੇ ਵਿਰਾਨ ਪਏ ਨੇ। ਜਾਣਕਾਰੀ ਅਨੁਸਾਰ 90 ਦੇ ਦਹਾਕੇ ਦੌਰਾਨ ਹੋਏ ਕਤਲੇਆਮ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੇ ਤਾਂ ਘਾਟੀ ਛੱਡ ਦਿੱਤੀ ਪਰ ਸਿੱਖ ਓਵੇਂ ਜਿਵੇਂ ਡਟੇ ਰਹੇ। ਸਿੱਖਾਂ ਨੂੰ ਪਿੰਡਾਂ ਅਤੇ ਆਪਣੀਆਂ ਜ਼ਮੀਨਾਂ ਛੱਡ ਕੇ ਸ੍ਰੀਨਗਰ ਸ਼ਹਿਰ ਵਿਚ ਵੱਸਣਾ ਪਿਆ ਪਰ ਉਨ੍ਹਾਂ ਨੇ ਕਸ਼ਮੀਰ ਨਹੀਂ ਛੱਡਿਆ।


ਹੁਣ ਪਹਿਲਗਾਮ ਹਮਲੇ ਤੋਂ ਬਾਅਦ ਘੱਟ ਗਿਣਤੀ ਹੋਣ ਕਰਕੇ ਇਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਬੱਚੇ ਕੰਮ ’ਤੇ ਨਹੀਂ ਜਾ ਪਾ ਰਹੇ, ਜਿਨ੍ਹਾਂ ਦੇ ਬੱਚੇ ਘਾਟੀ ਤੋਂ ਬਾਹਰ ਨੇ, ਉਹ ਵਾਪਸ ਘਰ ਪਰਤਣ ਲਈ ਤਿਆਰ ਨਹੀਂ। ਇਸ ਕਰਕੇ ਹੁਣ ਇਹ ਲੋਕ ਵੀ ਘਾਟੀ ਤੋਂ ਹਿਜ਼ਰਤ ਕਰਨ ਲਈ ਮਜਬੂਰ ਹੋ ਚੁੱਕੇ ਨੇ। ਕਸ਼ਮੀਰੀ ਸਿੱਖਾਂ ਬਾਰੇ ਦੇਖੋ, ਸਾਡੀ ਇਹ ਖ਼ਾਸ ਰਿਪੋਰਟ : 


ਪਹਿਲਗਾਮ ਹਮਲੇ ਤੋਂ ਬਾਅਦ ਘਾਟੀ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ। ਜਿਹੜੇ ਕਸ਼ਮੀਰੀ ਸਿੱਖ 90 ਦੇ ਦਹਾਕੇ ਵਿਚ ਹੋਏ ਕਤਲੇਆਮ ਤੋਂ ਬਾਅਦ ਵੀ ਇੱਥੇ ਡਟੇ ਰਹੇ, ਉਹ ਇਸ ਹਮਲੇ ਤੋਂ ਬਾਅਦ ਮੌਜੂਦਾ ਸਮੇਂ ਘਾਟੀ ਤੋਂ ਹਿਜ਼ਰਤ ਕਰਨ ਲਈ ਮਜਬੂਰ ਹੋ ਰਹੇ ਨੇ। 90 ਦੇ ਦਹਾਕੇ ਵਿਚ ਜਿਨ੍ਹਾਂ ਕਸ਼ਮੀਰੀ ਸਿੱਖਾਂ ਨੂੰ ਆਪੋ ਆਪਣੇ ਪਿੰਡ ਅਤੇ ਜ਼ਮੀਨਾਂ ਛੱਡਣੀਆਂ ਪਈਆਂ, ਉਹ ਸ੍ਰੀਨਗਰ ਦੇ ਮਹਿਜ਼ੂਰ ਨਗਰ ਵਿਚ ਆ ਕੇ ਵੱਸ ਗਏ ਸੀ।


ਇੱਥੇ ਰਹਿੰਦੇ ਕਸ਼ਮੀਰੀ ਸਿੱਖਾਂ ਦਾ ਕਹਿਣਾ ਏ ਕਿ ਬੰਬ ਅਤੇ ਗ੍ਰਨੇਡਾਂ ਵਾਲੇ ਮਾਹੌਲ ਵਿਚ ਵੀ ਸਿੱਖ ਘਾਟੀ ਛੱਡ ਕੇ ਨਹੀਂ ਗਏ, ਜਦਕਿ ਕਸ਼ਮੀਰੀ ਪੰਡਤ ਇੱਥੋਂ ਵੱਡੀ ਗਿਣਤੀ ਵਿਚ ਹਿਜ਼ਰਤ ਕਰ ਰਹੇ ਸੀ। ਸਰਕਾਰੀ ਅੰਕੜਿਆਂ ਦੇ ਅਨੁਸਾਰ ਸਿਰਫ਼ 1200 ਸਿੱਖਾਂ ਵੱਲੋਂ ਕਸ਼ਮੀਰੀ ਘਾਟੀ ਤੋਂ ਹਿਜ਼ਰਤ ਕੀਤੀ ਗਈ, ਜਦਕਿ ਵੱਡੀ ਗਿਣਤੀ ਵਿਚ ਸਿੱਖ ਹਾਲੇ ਵੀ ਇੱਥੇ ਹੀ ਡਟੇ ਹੋਏ ਨੇ। ਇਕ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਘਾਟੀ ਵਿਚ 40 ਹਜ਼ਾਰ ਦੇ ਕਰੀਬ ਸਿੱਖ ਰਹਿੰਦੇ ਨੇ।


ਕਸ਼ਮੀਰੀ ਸਿੱਖ ਹਰਪਾਲ ਸਿੰਘ ਦਾ ਕਹਿਣਾ ਏ ਕਿ 20 ਮਾਰਚ 2000 ਨੂੰ ਜਦੋਂ ਅਨੰਤਨਾਗ ਦੇ ਕੋਲ ਪਿੰਡ ਚਿੱਟੀਸਿੰਘਪੁਰਾ ਵਿਚ ਅੱਤਵਾਦੀਆਂ ਨੇ 36 ਨਿਹੱਥੇ ਸਿੱਖਾਂ ਨੂੰ ਗੋਲੀਆਂ ਮਾਰ ਦਿੱਤੀਆਂ ਸੀ, ਉਸ ਸਮੇਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੌਰੇ ’ਤੇ ਆਏ ਹੋਏ ਸੀ। ਸਿੱਖਾਂ ਦੇ ਇੰਨੇ ਵੱਡੇ ਕਤਲੇਆਮ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉਸ ਸਮੇਂ ਜ਼ਿਆਦਾਤਰ ਸਿੱਖ ਪਿੰਡਾਂ ਵਿਚ ਹੀ ਰਹਿੰਦੇ ਸੀ। ਇਸ ਘਟਨਾ ਤੋਂ ਬਾਅਦ ਸਿੱਖਾਂ ਨੇ ਤੈਅ ਕੀਤਾ ਸੀ ਕਿ ਉਹ ਘਾਟੀ ਦੇ ਪਿੰਡਾਂ ਵਿਚ ਨਹੀਂ ਰਹਿਣਗੇ ਬਲਕਿ ਸ੍ਰੀਨਗਰ ਵਿਚ ਆਪਣਾ ਬਸੇਰਾ ਕਰਨਗੇ।


ਇਸ ਘਟਨਾ ਦੇ ਸਾਲ ਬਾਅਦ ਯਾਨੀ ਸਾਲ 2001 ਵਿਚ ਫਿਰ ਮਹਿਜ਼ੂਰ ਨਗਰ ਹੱਤਿਆ ਕਾਂਡ ਵਿਚ 10 ਬੇਕਸੂਰ ਸਿੱਖਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮਾਹੌਲ ਇੰਨਾ ਜ਼ਿਆਦਾ ਖ਼ਰਾਬ ਹੋ ਗਿਆ ਸੀ ਕਿ ਮਾਰੇ ਗਏ 10 ਸਿੱਖਾਂ ਦਾ ਅੰਤਿਮ ਸਸਕਾਰ ਵੀ ਮਹਿਜ਼ੂਰ ਨਗਰ ਦੇ ਗੁਰੂ ਘਰ ਵਿਚ ਹੀ ਕਰਨਾ ਪਿਆ ਸੀ। ਇਸ ਘਟਨਾ ਤੋਂ ਬਾਅਦ ਘਾਟੀ ਦੇ ਪਿੰਡਾਂ ਵਿਚ ਰਹਿਣ ਵਾਲੀ ਸਾਰੀ ਸਿੱਖ ਆਬਾਦੀ ਸ੍ਰੀਨਗਰ ਆ ਕੇ ਵੱਸਣ ਲੱਗੀ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ, ਜੋ ਅੱਜ ਵੀ ਵਿਰਾਨ ਪਏ ਹੋਏ ਨੇ।


ਕਸ਼ਮੀਰੀ ਸਿੱਖਾਂ ਦਾ ਕਹਿਣਾ ਏ ਕਿ ਜੋ ਲੋਕ ਘਾਟੀ ਛੱਡ ਕੇ ਚਲੇ ਗਏ, ਸਰਕਾਰ ਉਨ੍ਹਾਂ ਨੂੰ ਕੋਟਾ ਦੇ ਕੇ ਬੁਲਾ ਰਹੀ ਐ ਪਰ ਸਿੱਖਾਂ ਦੀ ਹਾਲਤ ਬਾਰੇ ਕੋਈ ਗੌਰ ਨਹੀਂ ਕਰਦਾ। ਪਿਛਲੇ ਸਾਲ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੰਗਰੇਜ਼ੀ ਲੈਕਚਰਾਰ ਦੀਆਂ 129 ਪੋਸਟਾਂ ਕੱਢੀਆਂ ਗਈਆਂ ਸੀ, ਜਿਨ੍ਹਾਂ ਵਿਚੋਂ 110 ਪੋਸਟਾਂ ਤਾਂ ਕੈਟਾਗਿਰੀ ਵਿਚ ਚਲੀਆਂ ਗਈਆਂ, ਬਾਕੀ ਬਚੀਆਂ 19 ਪੋਸਟਾਂ ਲਈ 7 ਲੱਖ ਅਰਜ਼ੀਆਂ ਆਈਆਂ, ਜਿਨ੍ਹਾਂ ਵਿਚੋਂ ਸਿੱਖਾਂ ਨੂੰ ਕੁੱਝ ਨਹੀਂ ਮਿਲਿਆ। ਕਸ਼ਮੀਰੀ ਪੰਡਤਾਂ ਦਾ ਤੋਂ ਇਲਾਵਾ ਬਹੁ ਗਿਣਤੀ ਦਾ ਵੀ ਕੋਟਾ ਹੈ ਪਰ ਸਿੱਖਾਂ ਨੂੰ ਕੀ ਮਿਲਿਆ? ਜੋ ਘਾਟੀ ਵਿਚ ਡਟੇ ਰਹੇ। ਮੌਜੂਦਾ ਸਮੇਂ ਭਾਸ਼ਾ ਦੇ ਆਧਾਰ ’ਤੇ ਵੀ ਕੋਟਾ ਦਿੱਤਾ ਗਿਆ ਜਦਕਿ ਸਿੱਖਾਂ ਦੀ ਪੰਜਾਬੀ ਭਾਸ਼ਾ ਉਨ੍ਹਾਂ ਕੋਲੋਂ ਖੋਹ ਲਈ ਗਈ।


ਮਹਿਜ਼ੂਰ ਨਗਰ ਸ੍ਰੀਨਗਰ ਦਾ ਉਹ ਇਲਾਕਾ ਹੈ, ਜਿੱਥੇ ਸ੍ਰੀਨਗਰ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸਥਿਤ ਐ। ਕੁੱਝ ਸਿੱਖਾਂ ਦਾ ਕਹਿਣਾ ਏ ਕਿ ਉਨ੍ਹਾਂ ਦਾ ਪਿੰਡ ਤ੍ਰਾਲ ਐ ਜੋ ਪਹਿਲਗਾਮ ਦੇ ਕੋਲ ਐ ਪਰ ਉਹ ਆਪਣੀ ਜ਼ਮੀਨ ਛੱਡ ਕੇ ਕਈ ਸਾਲਾਂ ਤੋਂ ਸ੍ਰੀਨਗਰ ਰਹਿ ਰਹੇ ਨੇ। ਹਾਲਾਤ ਇਹ ਬਣੇ ਹੋਏ ਨੇ ਕਿ ਆਪਣੀ ਜ਼ਮੀਨ ਦੇਖਣ ਲਈ ਵੀ ਪੁਲਿਸ ਤੋਂ ਇਜ਼ਾਜਤ ਲੈਣੀ ਪੈਂਦੀ ਐ। ਕਈ ਵਾਰ ਤਾਂ ਮਹੀਨਿਆਂ ਤੱਕ ਇਜਾਜ਼ਤ ਹੀ ਨਹੀਂ ਮਿਲਦੀ। ਹੁਣ ਇਸ ਹਮਲੇ ਤੋਂ ਬਾਅਦ ਤਾਂ ਉਹ ਇਲਾਕੇ ਵਿਚ ਜਾਣ ’ਤੇ ਪੂਰੀ ਤਰ੍ਹਾਂ ਮਨਾਹੀ ਕਰ ਦਿੱਤੀ ਗਈ ਐ।


ਕੁੱਝ ਕਸ਼ਮੀਰੀ ਸਿੱਖਾਂ ਦਾ ਕਹਿਣਾ ਏ ਕਿ ਉਹ ਬੇਸ਼ੱਕ ਬੁਰੇ ਤੋਂ ਬੁਰੇ ਹਾਲਾਤਾਂ ਵਿਚ ਇੱਥੇ ਡਟੇ ਰਹੇ, ਪਰ ਹਾਲਾਤ ਹਾਲੇ ਵੀ ਸੁਧਰਨ ਦਾ ਨਾਮ ਨਹੀਂ ਲੈ ਰਹੇ, ਹੁਣ ਤਾਂ ਉਨ੍ਹਾਂ ਦੇ ਬਾਹਰ ਰਹਿੰਦੇ ਬੱਚੇ ਵੀ ਇੱਥੇ ਆਉਣ ਲਈ ਤਿਆਰ ਨਹੀਂ, ਜਿਸ ਕਰਕੇ ਬਹੁਤ ਸਾਰੇ ਕਸ਼ਮੀਰੀ ਸਿੱਖ ਹਿਜ਼ਰਤ ਕਰਨ ਦਾ ਵਿਚਾਰ ਬਣਾ ਰਹੇ ਨੇ। ਇਕ ਕਸ਼ਮੀਰੀ ਸਿੱਖ ਦਾ ਕਹਿਣਾ ਏ ਕਿ ਬੇਸ਼ੱਕ ਇੱਥੋਂ ਤੇ ਬਹੁ ਗਿਣਤੀ ਮੁਸਲਿਮ ਸਮਾਜ ਦੇ ਲੋਕ ਉਨ੍ਹਾਂ ਦੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਅਤੇ ਉਨ੍ਹਾਂ ਦੀ ਰੱਖਿਆ ਵੀ ਕਰਦੇ ਨੇ ਪਰ ਸਿੱਖਾਂ ਦੀ ਨੌਜਵਾਨ ਪੀੜ੍ਹੀ ਕੋਲ ਨੌਕਰੀਆਂ ਨਹੀਂ, ਜਿਸ ਕਰਕੇ ਉਹ ਇੱਥੇ ਰਹਿਣ ਲਈ ਰਾਜ਼ੀ ਨਹੀਂ।


ਕੁੱਝ ਕਸ਼ਮੀਰੀ ਸਿੱਖਾਂ ਨੇ ਤੰਜ ਕਸਦਿਆਂ ਆਖਿਆ ਕਿ ਸਪੈਸ਼ਲ ਪੀਐਮ ਪੈਕੇਜ਼ ਤਹਿਤ ਕਸ਼ਮੀਰੀ ਪੰਡਤਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਏ ਪਰ ਸਿੱਖਾਂ ਦੀ ਗੱਲ ਕੋਈ ਨਹੀਂ ਕਰਦਾ। ਸਿੱਖਾਂ ਨੂੰ ਨੌਨ ਮਾਈਗ੍ਰੈਂਟ ਪੈਕੇਜ਼ ਤੋਂ ਵੀ ਫਾਇਦਾ ਨਹੀਂ ਮਿਲਿਆ, ਜਿਸ ਕਰਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ। ਕਸ਼ਮੀਰੀ ਸਿੱਖਾਂ ਦਾ ਕਹਿਣਾ ਏ ਕਿ ਉਨ੍ਹਾਂ ਨੂੰ ਰਾਜਨੀਤਕ ਰਾਖਵਾਂਕਰਨ ਮਿਲਣਾ ਚਾਹੀਦੈ, ਚਾਹੇ ਇਕ ਫੀਸਦੀ ਹੀ ਮਿਲੇ,, ਤਾਂ ਜੋ ਉਹ ਆਪਣੀ ਗੱਲ ਕਹਿ ਸਕਣ।

ਸੋ ਕਸ਼ਮੀਰੀ ਸਿੱਖਾਂ ਦੀ ਇਸ ਸਮੱਸਿਆ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News