ਗੁਰਪਤਵੰਤ ਪੰਨੂ ਮਾਮਲਾ : ਸਾਬਕਾ ਏਜੰਟ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਅਮਰੀਕਾ ਵੱਲੋਂ ਲਾਏ ਦੋਸ਼ਾਂ ਮਗਰੋਂ ਭਾਰਤ ਵਿਚ ਬਣੀ ਜਾਂਚ ਕਮੇਟੀ ਨੇ ਵਿਕਾਸ ਯਾਦਵ ਵਿਰੁੱਧ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।;

Update: 2025-01-16 12:52 GMT

ਨਵੀਂ ਦਿੱਲੀ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਅਮਰੀਕਾ ਵੱਲੋਂ ਲਾਏ ਦੋਸ਼ਾਂ ਮਗਰੋਂ ਭਾਰਤ ਵਿਚ ਬਣੀ ਜਾਂਚ ਕਮੇਟੀ ਨੇ ਸਾਬਕਾ ਰਾਅ ਏਜੰਟ ਵਿਕਾਸ ਯਾਦਵ ਵਿਰੁੱਧ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ‘ਦਾ ਹਿੰਦੂ’ ਦੀ ਰਿਪੋਰਟ ਮੁਤਾਬਕ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਜਾਂਚ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਮੁਕੰਮਲ ਕਰਨ ਵਾਸਤੇ ਆਖਿਆ ਗਿਆ ਹੈ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਸੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਸਮਝਿਆ ਜਾ ਰਿਹਾ ਹੈ ਕਿ ਜਾਂਚ ਦੀ ਸਿਫ਼ਾਰਸ਼ ਅਮਰੀਕੀ ਨਾਗਰਿਕ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤੇ ਜਾਣ ਮਗਰੋਂ ਬਾਇਡਨ ਸਰਕਾਰ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਗਠਤ ਜਾਂਚ ਕਮੇਟੀ ਨਾਲ ਸਬੰਧਤ ਹੈ।

ਅਮਰੀਕਾ ਨੇ ਲਾਏ ਸਨ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼

ਤਕਰੀਬਨ ਇਕ ਸਾਲ ਪਹਿਲਾਂ ਭਾਰਤ ਸਰਕਾਰ ਵੱਲੋਂ ਬਣਾਈ ਉਚ ਤਾਕਤੀ ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪੀ ਜਾ ਚੁੱਕੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿਚ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਮੁਲਾਜ਼ਮ 39 ਸਾਲਾ ਵਿਕਾਸ ਯਾਦਵ ਵਿਰੁੱਧ ਭਾੜੇ ਦੇ ਕਾਤਲਾਂ ਨੂੰ ਹਾਇਰ ਕਰਨ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਾਏ ਗਏ ਸਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਵਿਕਾਸ ਯਾਦਵ ਨੂੰ ਭਗੌੜਾ ਕਰਾਰ ਵੀ ਦਿਤਾ ਜਾ ਚੁੱਕਾ ਹੈ। ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜਾਂਚ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕੀਤੀ ਗਈ ਅਤੇ ਅਮਰੀਕਾ ਤੋਂ ਮਿਲੀ ਜਾਣਕਾਰੀ ਨੂੰ ਆਧਾਰ ਬਣਾਇਆ ਗਿਆ। ਅਮਰੀਕੀ ਅਧਿਕਾਰੀਆਂ ਵੱਲੋਂ ਪੜਤਾਲ ਵਿਚ ਲਗਾਤਾਰ ਸਹਿਯੋਗ ਦਿਤਾ ਗਿਆ ਅਤੇ ਜਾਂਚ ਕਮੇਟੀ ਦੇ ਮੈਂਬਰ ਅਮਰੀਕਾ ਵੀ ਗਏ।

ਭਾਰਤ ਸਰਕਾਰ ਦੀ ਜਾਂਚ ਕਮੇਟੀ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਨ ਦਾ ਸੁਝਾਅ

ਚੇਤੇ ਰਹੇ ਕਿ ਨਵੰਬਰ 2023 ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁੱਧ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਲੱਗੇ ਸਨ ਅਤੇ ਉਸ ਨੂੰ ਚੈਕ ਰਿਪਬਲਿਕ ਤੋਂ ਹਵਾਲਗੀ ਰਾਹੀਂ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ। ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਨਿਖਿਲ ਗੁਪਤਾ ਨੇ 19 ਜੂਨ 2023 ਨੂੰ ਡ੍ਰਗ ਐਨਫ਼ੋਰਸਮੈਂਟ ਐਡਮਨਿਸਟ੍ਰੇਸ਼ਨ ਦੇ ਇਕ ਅੰਡਰ ਕਵਰ ਏਜੰਟ ਨੂੰ ਦੱਸਿਆ ਕਿ ਸੀ ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਦਾ ਪ੍ਰਧਾਨ ਹਰਦੀਪ ਸਿੰਘ ਨਿੱਜਰ ਵੀ ਨਿਸ਼ਾਨਾ ਬਣਾਏ ਜਾਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਸੀ। ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਕੈਨੇਡਾ ਪੁਲਿਸ ਕਰਨ ਬਰਾੜ, ਕਮਲਪ੍ਰੀਤਸਿੰਘ, ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Tags:    

Similar News