ਦੀਵਾਲੀ ’ਤੇ ਬਣ ਰਹੇ ਚਾਂਦੀ ਦੇ ਨਕਲੀ ਸਿੱਕੇ?
ਦੀਵਾਲੀ ਦਾ ਤਿਓਹਾਰ ਆ ਰਿਹਾ ਏ, ਸਾਰੇ ਲੋਕਾਂ ਵੱਲੋਂ ਤੇਜ਼ੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਤੁਸੀਂ ਦੀਵਾਲੀ ’ਤੇ ਮਹਾਂਲਕਸ਼ਮੀ ਪੂਜਾ ਦੇ ਲਈ ਚਾਂਦੀ ਦੇ ਸਿੱਕੇ ਖ਼ਰੀਦਣ ਜਾ ਰਹੇ ਹੋ ਤਾਂ ਜ਼ਰ੍ਹਾ ਸਾਵਧਾਨ ਹੋ ਜਾਓ, ਕਿਤੇ ਤੁਸੀਂ ਵੀ ਹਜ਼ਾਰਾਂ ਰੁਪਏ ਦੇ ਕੇ ਚਾਂਦੀ ਦੀ ਥਾਂ 18 ਰੁਪਏ ਵਾਲਾ ਖੋਟਾ ਸਿੱਕਾ ਹੀ ਨਾ ਖ਼ਰੀਦ ਲਿਆਇਓ।;
ਚੰਡੀਗੜ੍ਹ : ਦੀਵਾਲੀ ਦਾ ਤਿਓਹਾਰ ਆ ਰਿਹਾ ਏ, ਸਾਰੇ ਲੋਕਾਂ ਵੱਲੋਂ ਤੇਜ਼ੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਤੁਸੀਂ ਦੀਵਾਲੀ ’ਤੇ ਮਹਾਂਲਕਸ਼ਮੀ ਪੂਜਾ ਦੇ ਲਈ ਚਾਂਦੀ ਦੇ ਸਿੱਕੇ ਖ਼ਰੀਦਣ ਜਾ ਰਹੇ ਹੋ ਤਾਂ ਜ਼ਰ੍ਹਾ ਸਾਵਧਾਨ ਹੋ ਜਾਓ, ਕਿਤੇ ਤੁਸੀਂ ਵੀ ਹਜ਼ਾਰਾਂ ਰੁਪਏ ਦੇ ਕੇ ਚਾਂਦੀ ਦੀ ਥਾਂ 18 ਰੁਪਏ ਵਾਲਾ ਖੋਟਾ ਸਿੱਕਾ ਹੀ ਨਾ ਖ਼ਰੀਦ ਲਿਆਇਓ। ਜੀ ਹਾਂ, ਬਜ਼ਾਰ ਵਿਚ ਚਾਂਦੀ ਦੇ ਸਿੱਕਿਆਂ ਵਾਂਗ ਹੁਬਹੂ ਨਕਲੀ ਸਿੱਕੇ ਬਣ ਅਤੇ ਵਿਕ ਰਹੇ ਨੇ। ਮਹਿਜ਼ 400 ਰੁਪਏ ਕਿਲੋ ਵਾਲੀ ਗਿਲਟ ਅਤੇ ਇਕ ਹਜ਼ਾਰ ਰੁਪਏ ਕਿਲੋ ਵਾਲੇ ਜਰਮਨ ਸਿਲਵਰ ਨਾਲ ਤਿਆਰ ਕੀਤੇ ਇਨ੍ਹਾਂ ਸਿੱਕਿਆਂ ਨੂੰ ਬਜ਼ਾਰ ਵਿਚ 95 ਹਜ਼ਾਰ ਰੁਪਏ ਕਿਲੋ ਵਾਲੀ ਚਾਂਦੀ ਦੇ ਭਾਅ ’ਤੇ ਵੇਚ ਕੇ ਲੋਕਾਂ ਨਾਲ ਮੋਟੀ ਠੱਗੀ ਕੀਤੀ ਜਾ ਰਹੀ ਐ। ਨਕਲੀ ਸਿੱਕਿਆਂ ਦੇ ਇਸ ਕਾਲੇ ਧੰਦੇ ਬਾਰੇ ਇਹ ਪੂਰੀ ਖ਼ਬਰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ.
ਤਿਓਹਾਰਾਂ ਦੇ ਦਿਨਾਂ ਵਿਚ ਮਿਲਾਵਟ ਇੰਨੀ ਜ਼ਿਆਦਾ ਵਧ ਜਾਂਦੀ ਐ ਕਿ ਇਨ੍ਹਾਂ ਮਿਲਾਵਟਖ਼ੋਰਾਂ ਤੋਂ ਬਸ ਰੱਬ ਹੀ ਬਚਾਏ। ਮਠਿਆਈਆਂ ਆਦਿ ਵਿਚ ਤਾਂ ਮਿਲਾਵਟ ਦੀਆਂ ਖ਼ਬਰਾਂ ਹਰ ਵਾਰ ਹੀ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ ਪਰ ਹੁਣ ਇਸ ਤਿਓਹਾਰੀ ਸੀਜ਼ਨ ਸਮੇਂ ਨਕਲੀ ਸਿੱਕਿਆਂ ਦਾ ਧੰਦਾ ਵੀ ਕਾਫ਼ੀ ਤੇਜ਼ੀ ਨਾਲ ਵਧਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ।
ਦਰਅਸਲ ਦੀਵਾਲੀ ਮੌਕੇ ਮਹਾਲਕਸ਼ਮੀ ਪੂਜਾ ਦੇ ਲਈ ਲੋਕ ਵੱਡੀ ਪੱਧਰ ’ਤੇ ਚਾਂਦੀ ਦੇ ਸਿੱਕੇ ਖ਼ਰੀਦਦੇ ਨੇ ਪਰ ਮਿਲਾਵਟਖ਼ੋਰਾਂ ਵੱਲੋਂ ਬਜ਼ਾਰ ਵਿਚ ਗਿਲਟ ਅਤੇ ਹੋਰ ਸਸਤੀਆਂ ਧਾਤਾਂ ਦੇ ਸਿੱਕੇ ਤਿਆਰ ਕਰਕੇ ਚਾਂਦੀ ਦੇ ਰੇਟ ਵਿਚ ਵੇਚੇ ਜਾ ਰਹੇ ਨੇ। ਖ਼ਬਰਾਂ ਦੇ ਮੁਤਾਬਕ ਚਾਂਦੀ ਵਿਚ ਮਿਲਾਵਟ ਕਰਕੇ ਨਕਲੀ ਸਿੱਕੇ ਬਣਾਉਣ ਅਤੇ ਵੇਚਣ ਦਾ ਇਹ ਖੇਡ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਧੜੱਲੇ ਨਾਲ ਖੇਡਿਆ ਜਾ ਰਿਹਾ ਏ। ਗੁਪਤ ਥਾਵਾਂ ’ਤੇ ਬਣਾਈਆਂ ਫੈਕਟਰੀਆਂ ਵਿਚ ਸਿੱਕੇ ਢਾਲਣ ਦੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਦਿੱਤੇ ਗਏ ਆਰਡਰਾਂ ਮੁਤਾਬਕ ਦਿਨ ਰਾਤ ਸੈਂਕੜੇ ਕਿਲੋ ਨਕਲੀ ਚਾਂਦੀ ਦੇ ਸਿੱਕੇ ਤਿਆਰ ਕਰ ਰਹੀਆਂ ਨੇ। ਫਿਰ ਇਹ ਸਿੱਕੇ ਜਿਊਲਰਾਂ ਅਤੇ ਛੋਟੇ ਵਪਾਰੀਆਂ ਦੇ ਜ਼ਰੀਏ ਤੁਹਾਡੀ ਘਰ ਵਿਚ ਪੂਜਾ ਦੀ ਥਾਲੀ ਵਿਚ ਪਹੁੰਚ ਜਾਂਦੇ ਨੇ।
ਇਹ ਮਿਲਾਵਟ ਦੋ ਤਰ੍ਹਾਂ ਦੀ ਹੁੰਦੀ ਐ, ਪਹਿਲੀ ਇਹ ਕਿ ਸਿਲਵਰ ਵਿਚ 30 ਤੋਂ 40 ਫ਼ੀਸਦੀ ਤੱਕ ਗਿਲਟ ਜਾਂ ਜਰਮਨ ਸਿਲਵਰ ਮਿਕਸ ਕਰਕੇ ਸਿੱਕੇ ਤਿਆਰ ਕੀਤੇ ਜਾਂਦੇ ਨੇ। ਅਜਿਹੇ ਸਿੱਕਿਆਂ ਵਿਚ 40 ਫ਼ੀਸਦੀ ਤੱਕ ਦੀ ਮਿਲਾਵਟ ਵਾਲੀ ਗਿਲਟ ਅਤੇ ਜਰਮਨ ਸਿਲਵਰ ਦੇ ਅਸਲ ਚਾਂਦੀ ਦੇ ਬਰਾਬਰ 95 ਹਜ਼ਾਰ ਰੁਪਏ ਦੇ ਭਾਅ ਵਸੂਲੇ ਜਾਂਦੇ ਨੇ, ਜਿਸ ਨਾਲ ਇਹ ਮਿਲਾਵਟਖ਼ੋਰ ਮੋਟਾ ਮੁਨਾਫ਼ਾ ਕਮਾਉਂਦੇ ਨੇ।
ਦੂਜੀ ਇਹ ਕਿ 99.99 ਫ਼ੀਸਦੀ ਸਿੱਕੇ ਗਿਲਟ ਜਾਂ ਜਰਮਨ ਸਿਲਵਰ ਤੋਂ ਤਿਆਰ ਕੀਤੇ ਜਾਂਦੇ ਨੇ ਪਰ ਚਮਕਦਾਰ ਦਿਖਾਉਣ ਲਈ ਇਨ੍ਹਾਂ ’ਤੇ ਚਾਂਦੀ ਦੀ ਪਾਲਿਸ਼ ਕੀਤੀ ਜਾਂਦੀ ਐ। 800 ਤੋਂ 900 ਰੁਪਏ ਕਿਲੋ ਦੀ ਮੈਨੁਫੈਕਚਰਿੰਗ ਲਾਗਤ ਤੋਂ ਬਾਅਦ ਤਿਆਰ ਕੀਤੇ ਨਕਲੀ ਸਿੱਕਿਆਂ ਨੂੰ ਬਜ਼ਾਰ ਵਿਚ ਅਸਲ ਚਾਂਦੀ ਦੇ ਸਿੱਕਿਆਂ ਵਿਚਕਾਰ ਮਿਕਸ ਕਰਕੇ ਆਸਾਨੀ ਨਾਲ 95 ਹਜ਼ਾਰ ਰੁਪਏ ਦੇ ਭਾਅ ਨਾਲ ਵੇਚਿਆ ਜਾਂਦਾ ਏ। ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਧਨਤੇਰਸ ਦੇ ਲਈ ਕਰੀਬ 100 ਕਰੋੜ ਦਾ ਨਕਲੀ ਮਾਲ ਬਜ਼ਾਰ ਵਿਚ ਆਉਣ ਲਈ ਤਿਆਰ ਹੋ ਚੁੱਕਿਆ ਏ।
ਹੁਣ ਤੁਹਾਨੂੰ ਦੱਸਦੇ ਆਂ ਕਿ ਇਹ ਜਰਮਨ ਸਿਲਵਰ ਕੀ ਐ?
ਦਰਅਸਲ ਜਰਮਨ ਸਿਲਵਰ ਜਾਂ ਨਿਕਲ ਸਿਲਵਰ, ਤਾਂਬੇ ਦਾ ਇਕ ਮਿਕਸਚਰ ਮੈਟਲ ਐ, ਜਿਸ ਵਿਚ ਨਿਕਲ ਅਤੇ ਜਸਤਾ ਮਿਲਿਆ ਹੁੰਦਾ ਏ। ਇਸ ਵਿਚ 60 ਫ਼ੀਸਦੀ ਤਾਂਬਾ, 20 ਫ਼ੀਸਦੀ ਨਿਕਲ ਅਤੇ 20 ਫ਼ੀਸਦੀ ਜਸਤਾ ਹੁੰਦਾ ਏ। ਇਸ ਨੂੰ ਜਰਮਨ ਸਿਲਵਰ, ਨਵੀਂ ਚਾਂਦੀ, ਨਿਕਲ, ਪਿੱਤਲ ਅਤੇ ਇਲੈਕਟਰਮ ਨਾਂਵਾਂ ਤੋਂ ਵੀ ਜਾਣਿਆ ਜਾਂਦਾ ਏ। ਦਿਸਣ ਵਿਚ ਜਰਮਨ ਸਿਲਵਰ ਬਿਲਕੁਲ ਚਾਂਦੀ ਵਰਗਾ ਹੁੰਦਾ ਏ ਪਰ ਇਸ ਵਿਚ ਚਾਂਦੀ ਨਾਮਾਤਰ ਵੀ ਨਹੀਂ ਹੁੰਦੀ। ਇਸ ਦੇ ਨਾਮ ਵਿਚ ਜਰਮਨ ਇਸ ਲਈ ਆਇਆ ਕਿਉਂਕਿ ਇਸ ਦਾ ਵਿਕਾਸ ਜਰਮਨੀ ਦੇ ਧਾਤ ਕਰਮਚਾਰੀਆਂ ਵੱਲੋਂ ਕੀਤਾ ਗਿਆ ਸੀ।
ਗਹਿਣਿਆਂ ਦਾ ਕਾਰੋਬਾਰ ਹਮੇਸ਼ਾਂ ਤੋਂ ਹੀ ਭਰੋਸੇ ’ਤੇ ਟਿਕਿਆ ਹੁੰਦਾ ਏ ਪਰ ਸ਼ਹਿਰ ਵਿਚ ਕਈ ਗਹਿਣਾ ਵਪਾਰੀ ਸੋਨੇ ਚਾਂਦੀ ਦੀ ਖ਼ਰੀਦ ਵਿਚ ਘਪਲੇ ਕਰ ਰਹੇ ਨੇ। ਇਸ ਠੱਗੀ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ। ਹਾਲਾਤ ਇਹ ਬਣ ਚੁੱਕੇ ਨੇ ਕਿ ਚਾਂਦੀ 65,70 ਅਤੇ 80 ਫ਼ੀਸਦੀ ਸ਼ੁੱਧਤਾ ਨਾਲ ਆਉਂਦੀ ਐ ਪਰ ਦੁਕਾਨਦਾਰ ਗਾਹਕਾਂ ਕੋਲੋਂ 100 ਫ਼ੀਸਦੀ ਦੀ ਕੀਮਤ ਵਸੂਲ ਕਰੀ ਜਾਂਦੇ ਨੇ। ਉਸ ਤੋਂ ਉਪਰ ਮੇਕਿੰਗ ਚਾਰਜ ਵੱਖਰਾ ਵਸੂਲਿਆ ਜਾਂਦਾ ਏ। ਗਹਿਣਾ ਮਾਹਿਰਾਂ ਵੱਲੋਂ ਚਾਂਦੀ ਦੇ ਸਿੱਕਿਆਂ ਦੀ ਸ਼ੁੱਧਤਾ ਚੈੱਕ ਕਰਨ ਦੇ ਕੁੱਝ ਤਰੀਕੇ ਦੱਸੇ ਗਏ ਨੇ, ਜਿਨ੍ਹਾਂ ਨੂੰ ਅਜਮਾ ਕੇ ਕੋਈ ਵੀ ਚਾਂਦੀ ਦੇ ਸਿੱਕਿਆਂ ਦੀ ਜਾਂਚ ਕਰ ਸਕਦਾ ਏ।
ਨੰਬਰ 1 : ਚਾਂਦੀ ਦੇ ਸਿੱਕੇ ਦੀ ਕੁਆਲਟੀ ਅਤੇ ਸ਼ੁੱਧਤਾ ਉਸ ਦੀ ਖਣਕ ਸੁਣ ਕੇ ਵੀ ਚੈੱਕ ਕੀਤੀ ਜਾ ਸਕਦੀ ਐ। ਸਿੱਕੇ ਨੂੰ ਲੋਹੇ ਦੇ ਟੁਕੜੇ ਨਾਲ ਟਕਰਾਉਣ ’ਤੇ ਜੇਕਰ ਖਣਕ ਦੀ ਆਵਾਜ਼ ਜ਼ਿਆਦਾ ਆਏ ਤਾਂ ਮੰਨਿਆ ਜਾਂਦਾ ਏ ਕਿ ਇਸ ਵਿਚ ਮਿਲਾਵਟ ਐ।
ਨੰਬਰ 2 : ਮੈਗਨੈੱਟ ਟੈਸਟ : ਘਰ ਵਿਚ ਆਮ ਤੌਰ ’ਤੇ ਚੁੰਬਕ ਮਿਲ ਜਾਂਦੀ ਐ। ਜੇਕਰ ਚਾਂਦੀ ਵਿਚ ਮਿਲਾਵਟ ਹੋਈ ਤਾਂ ਉਹ ਚੁੰਬਕ ਤੋਂ ਆਕਰਸ਼ਿਤ ਹੋਵੇਗੀ। ਭਲੇ ਹੀ ਬਹੁਤ ਘੱਟ ਚਿਪਕੇ ਪਰ ਅਸਲ ਚਾਂਦੀ ਚੁੰਬਕ ਤੋਂ ਬਿਲਕੁਲ ਵੀ ਆਕਰਸ਼ਿਤ ਨਹੀਂ ਹੁੰਦੀ।
ਨੰਬਰ 3. ਆਈਸ ਟੈਸਟ : ਬਰਫ਼ ਦੇ ਟੁਕੜੇ ਨਾਲ ਵੀ ਤੁਸੀਂ ਚਾਂਦੀ ਦੀ ਪਰਖ਼ ਕਰ ਸਕਦੇ ਹੋ। ਚਾਂਦੀ ਨੂੰ ਬਰਫ਼ ’ਤੇ ਰੱਖਿਆ ਜਾਵੇ ਤਾਂ ਉਹ ਤੇਜ਼ੀ ਨਾਲ ਪਿਘਲੇਗੀ। ਚਾਂਦੀ ਵਿਚ ਥਰਮਲ ਕੰਡਕਟੀਵਿਟੀ ਹੁੰਦੀ ਐ ਜੋ ਬਰਫ਼ ਨੂੰ ਪਿਘਲਾਉਣ ਦੀ ਰਫ਼ਤਾਰ ਨੂੰ ਵਧਾ ਦਿੰਦੀ ਐ।
ਨੰਬਰ 4. ਪੱਥਰ ’ਤੇ ਰਗੜ ਕੇ : ਚਾਂਦੀ ਦੇ ਸਿੱਕੇ ਨੂੰ ਪੱਥਰ ’ਤੇ ਰਗੜਨ ਨਾਲ ਜੋ ਲਕੀਰ ਬਣਦੀ ਐ, ਉਹ ਚਿੱਟੇ ਰੰਗ ਹੋਵੇ ਤਾਂ ਉਹ ਚਾਂਦੀ ਸਹੀ ਮੰਨੀ ਜਾ ਸਕਦੀ ਐ ਪਰ ਇਹੀ ਲਕੀਰ ਜੇਕਰ ਪੀਲੇਪਣ ਜਾਂ ਤਾਂਬੇ ਦੇ ਰੰਗ ਵਰਗੀ ਦਿਖਾਈ ਦੇਵੇ ਤਾਂ ਇਹ ਮਿਲਾਵਟੀ ਹੋ ਸਕਦੀ ਐ।
ਸੋ ਜੇਕਰ ਤੁਸੀਂ ਵੀ ਮਹਾਲਕਸ਼ਮੀ ਦੀ ਪੂਜਾ ਲਈ ਚਾਂਦੀ ਦਾ ਸਿੱਕਾ ਖ਼ਰੀਦਣ ਲਈ ਜਾਓ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਕਿਤੇ ਤੁਹਾਡੇ ਨਾਲ ਕੋਈ ਠੱਗੀ ਨਾ ਹੋ ਜਾਵੇ।