ਜੋੜੇ ਨੇ ਵਿਡੀਓ ਬਣਾ ਕੇ ਕੀਤੀ ਖ਼ੁਦਕੁਸ਼ੀ, ਘਰ 'ਚ ਲੱਗੇ ਰੁੱਖ ਨਾਲ਼ ਲਿਆ ਫਾਹਾ

ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿੱਚ ਇੱਕ ਜੋੜੇ ਨੇ ਖ਼ੁਦਕੁਸ਼ੀ ਕਰ ਲਈ। ਦਰਅਸਲ, ਕੁਝ ਦਿਨ ਪਹਿਲਾਂ ਹੀ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ

Update: 2026-02-17 13:04 GMT

ਇਕਲੌਤੇ ਪੁੱਤਰ ਦੀ ਮੌਤ ਤੋਂ ਸਨ ਡਾਢੇ ਦੁਖੀ

ਜੰਜਗੀਰ (ਛੱਤੀਸਗੜ੍ਹ): ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿੱਚ ਇੱਕ ਜੋੜੇ ਨੇ ਖ਼ੁਦਕੁਸ਼ੀ ਕਰ ਲਈ। ਦਰਅਸਲ, ਕੁਝ ਦਿਨ ਪਹਿਲਾਂ ਹੀ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ। ਇਹ ਜੋੜਾ ਆਪਣੇ ਜਵਾਨ ਪੁੱਤਰ ਦੀ ਮੌਤ ਦਾ ਦੁੱਖ ਨਾ ਝੱਲ ਸਕਿਆ। ਤਦ ਦੁਖੀ ਪਤੀ ਤੇ ਪਤਨੀ ਨੇ ਇੱਕ ਵਿਡੀਓ ਬਣਾਈ ਤੇ ਚਾਰ ਪੰਨਿਆਂ ਦਾ ਖ਼ੁਦਕੁਸ਼ੀ ਨੋਟ ਛੱਡਿਆ।

ਉਸ ਤੋਂ ਬਾਅਦ ਦੋਵਾਂ ਨੇ ਆਪਣੇ ਘਰ ਦੇ ਵਿਹੜੇ 'ਚ ਲੱਗੇ ਰੁੱਖ ਨਾਲ਼ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਦੋਵਾਂ ਨੇ ਇੱਕ ਸਾੜੀ ਦੀ ਵਰਤੋਂ ਕੀਤੀ।

ਇਹ ਘਟਨਾ 16 ਫਰਵਰੀ ਨੂੰ ਵਾਪਰੀ। ਘਰ ਦਾ ਮੁੱਖ ਪ੍ਰਵੇਸ਼ ਦੁਆਰ ਅੰਦਰੋਂ ਬੰਦ ਸੀ। ਗੁਆਂਢੀਆਂ ਨੇ ਪਰਿਵਾਰਕ ਮੈਂਬਰਾਂ, 47 ਸਾਲਾ ਰਮਾਬਾਈ ਪਟੇਲ ਅਤੇ ਉਸ ਦੇ ਪਤੀ ਕ੍ਰਿਸ਼ਨਾ ਪਟੇਲ ਦੀ ਕੋਈ ਹਰਕਤ ਨਹੀਂ ਦੇਖੀ। ਉਨ੍ਹਾਂ ਨੂੰ ਜਲਦੀ ਹੀ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੇ ਪਤੀ-ਪਤਨੀ ਨੂੰ ਹਾਕਾਂ ਮਾਰੀਆਂ। ਅੱਗਿਓਂ ਕੋਈ ਜਵਾਬ ਨਹੀਂ ਆਇਆ। ਤਦ ਗੁਆਂਢੀ ਹੋਰ ਫ਼ਿਕਰਮੰਦ ਹੋ ਗਏ। ਬਾਅਦ ਵਿੱਚ, ਉਨ੍ਹਾਂ ਨੇ ਖਿੜਕੀ ਵਿੱਚੋਂ ਅੰਦਰ ਝਾਕ ਕੇ ਦੇਖਿਆ ਕਿ ਪਤੀ ਤੇ ਪਤਨੀ ਦੋਵੇਂ ਘਰ ਦੇ ਵਿਹੜੇ 'ਚ ਲੱਗੇ ਦਰੱਖ਼ਤ ਨਾਲ਼ ਲਟਕ ਰਹੇ ਸਨ।

ਗੁਆਂਢੀਆਂ ਨੇ ਜਲਦੀ ਹੀ ਪੁਲਿਸ ਨੂੰ ਸੂਚਿਤ ਕੀਤਾ, ਜੋ ਜਲਦੀ ਹੀ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਰੁੱਖ ਤੋਂ ਲਾਸ਼ਾਂ ਲਾਹੀਆਂ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਇੱਕ ਵੀਡੀਓ ਅਤੇ ਖੁਦਕੁਸ਼ੀ ਨੋਟ ਨੂੰ ਵੀ ਜ਼ਬਤ ਕਰ ਲਿਆ ਜੋ ਜੋੜੇ ਨੇ ਖੁਦਕੁਸ਼ੀ ਤੋਂ ਪਹਿਲਾਂ ਛੱਡਿਆ ਸੀ। ਵੀਡੀਓ ਵਿੱਚ, ਉਹ ਪਤੀ ਦੇ ਵੱਡੇ ਭਰਾ ਨੂੰ ਬੀਮਾ ਰਕਮ ਦੇਣ ਦੀ ਬੇਨਤੀ ਕਰਦੇ ਦਿਖਾਈ ਦਿੱਤੇ।

ਇਸ ਦੌਰਾਨ, ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਮੌਤ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੋੜਾ ਆਪਣੇ ਪੁੱਤਰ ਦੀ ਬੇਵਕਤ ਮੌਤ ਦਾ ਦਰਦ ਬਰਦਾਸ਼ਤ ਨਹੀਂ ਕਰ ਸਕਿਆ, ਜੋ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਨੇ ਆਪਣੇ–ਆਪ ਨੂੰ ਫਾਂਸੀ ਲਾਉਣ ਦਾ ਫੈਸਲਾ ਕੀਤਾ।

ਇਸ ਘਟਨਾ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਪਿੰਡ ਵਾਸੀਆਂ ਨੇ ਦੁੱਖ ਪ੍ਰਗਟ ਕੀਤਾ ਕਿ ਜੇ ਜੋੜੇ ਨੂੰ ਆਪਣੇ ਔਖੇ ਸਮੇਂ ਦੌਰਾਨ ਮਾਨਸਿਕ ਸ਼ਾਂਤੀ ਮਿਲਦੀ ਤਾਂ ਇਹ ਸਖ਼ਤ ਕਦਮ ਨਾ ਚੁੱਕਿਆ ਹੁੰਦਾ।

Tags:    

Similar News