ਬਜਟ 2024 : 7.75 ਲੱਖ ਦੀ ਆਮਦਨ ’ਤੇ ਕੋਈ ਟੈਕਸ ਨਹੀਂ
ਮੱਧ ਵਰਗੀ ਪਰਵਾਰਾਂ ਨੂੰ ਲੁਭਾਉਣ ਅਤੇ ਖੇਤੀ, ਰੁਜ਼ਗਾਰ, ਸਿੱਖਿਆ ਤੇ ਔਰਤਾਂ ਦੁਆਲੇ ਕੇਂਦਰ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਵਿਚ ਤਨਖਾਹਦਾਰ ਵਰਗ ਲਈ ਟੈਕਸ ਰਿਆਇਤ ਦੀ ਹੱਦ ਵਧਾ ਕੇ 7.75 ਹਜ਼ਾਰ ਕਰ ਦਿਤੀ ਗਈ;
ਨਵੀਂ ਦਿੱਲੀ : ਮੱਧ ਵਰਗੀ ਪਰਵਾਰਾਂ ਨੂੰ ਲੁਭਾਉਣ ਅਤੇ ਖੇਤੀ, ਰੁਜ਼ਗਾਰ, ਸਿੱਖਿਆ ਤੇ ਔਰਤਾਂ ਦੁਆਲੇ ਕੇਂਦਰ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਵਿਚ ਤਨਖਾਹਦਾਰ ਵਰਗ ਲਈ ਟੈਕਸ ਰਿਆਇਤ ਦੀ ਹੱਦ ਵਧਾ ਕੇ 7.75 ਹਜ਼ਾਰ ਕਰ ਦਿਤੀ ਗਈ ਜਦਕਿ ਪਹਿਲੀ ਵਾਰ ਨੌਕਰੀ ’ਤੇ ਲੱਗਣ ਵਾਲੇ ਨੌਜਵਾਨਾਂ ਨੂੰ 15 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਸੋਨਾ-ਚਾਂਦੀ, ਮੋਬਾਈਲ ਫੋਨ ਅਤੇ ਹੋਰ ਕਈ ਚੀਜ਼ਾਂ ਸਸਤੀਆਂ
ਖੇਤੀ ਅਤੇ ਇਸ ਨਾਲ ਸਬੰਧਤ ਖੇਤਰਾਂ ਲਈ 1.52 ਲੱਖ ਕਰੋੜ ਦਾ ਐਲਾਨ ਕੀਤਾ ਗਿਆ ਹੈ ਪਰ ਐਮ.ਐਸ.ਪੀ. ਦੀ ਗਾਰੰਟੀ ਦਾ ਕੋਈ ਜ਼ਿਕਰ ਨਾ ਕੀਤਾ। ਦੂਜੇ ਪਾਸੇ ਐਨ.ਆਰ.ਆਈਜ਼ ਵਾਸਤੇ ਬਜਟ ਵਿਚ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ। ਬਜਟ ਵਿਚ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਸੋਨਾ-ਚਾਂਦੀ, ਮੋਬਾਈਲ ਫੋਨ, ਪਲੈਟੀਨਮ, ਬਿਜਲੀ ਦੀਆਂ ਤਾਰਾਂ, ਐਕਸਰੇ ਮਸ਼ੀਨ, ਸੋਲਰ ਸੈਟ ਅਤੇ ਚਮੜੇ ਤੋਂ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕਰ ਦਿਤਾ ਜਿਸ ਨਾਲ ਇਹ ਸਾਰੀਆਂ ਚੀਜ਼ਾਂ ਸਸਤੀਆਂ ਮਿਲਣਗੀਆਂ। ਸੋਨੇ ਅਤੇ ਚਾਂਦੀ ਦੇ ਗਹਿਣਿਆਂ ’ਤੇ ਐਕਸਾਈਜ਼ ਡਿਊਟੀ 6 ਫੀ ਸਦੀ ਘਟਾਈ ਗਈ ਹੈ ਜਦਕਿ ਟੈਲੀਕਾਮ ਵਸਤੈ ’ਤੇ 15 ਫੀ ਸਦੀ ਕਟੌਤੀ ਕੀਤੀ ਗਈ ਹੈ।
ਕੈਂਸਰ ਦੀਆਂ ਦਵਾਈਆਂ ਤੋਂ ਐਕਸਾਈਜ਼ ਡਿਊਟੀ ਘਟਾਈ
ਐਗਰੀਕਲਚਰ ਸੈਕਟਰ ਵਾਸਤੇ ਪਿਛਲੇ ਸਾਲ ਸਵਾ ਲੱਖ ਕਰੋੜ ਰੁਪਏ ਰੱਖੇ ਗਏ ਸਨ ਪਰ ਇਸ ਵਾਰ 21.6 ਫੀ ਸਦੀ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 6 ਕਰੋੜ ਕਿਸਾਨਾਂ ਦੀ ਜਾਣਕਾਰੀ ਦਰਜ ਕਰਨ ਲਈ ਲੈਂਡ ਰਜਿਸਟਰੀ ਬਣਾਈ ਜਾਵੇਗੀ ਅਤੇ 5 ਰਾਜਾਂ ਦੇ ਕਿਸਾਨਾਂ ਨੂੰ ਨਵੇਂ ਕਰੈਡਿਟ ਕਾਰਡ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਮੁਦਰਾ ਲੋਨ ਦੀ ਰਕਮ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿਤੀ ਹੈ ਅਤੇ ਚੋਟੀ ਦੀਆਂ 500 ਕੰਪਨੀਆਂ ਵਿਚ ਇਕ ਕਰੋੜ ਨੌਜਵਾਨਾਂ ਨੂੰ ਇਨਟਰਨਸ਼ਿਪ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ। ਮੁਲਕ ਵਿਚ ਸਿੱਖਿਆ, ਰੁਜ਼ਗਾਰ ਅਤੇ ਹੁਨਰ ਵਿਕਾਸ ਲਈ ਸਾਲ 2024-25 ਦੌਰਾਨ 1 ਲੱਖ 48 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।
ਖੇਤੀ ਅਤੇ ਸਬੰਧਤ ਖੇਤਰਾਂ ਲਈ 1.52 ਲੱਖ ਕਰੋੜ ਰੁ. ਦਾ ਐਲਾਨ
ਸਿਹਤ ਸੰਭਾਲ ਸਹੂਲਤਾਂ ਲਈ 90 ਹਜ਼ਾਰ 958 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਇਹ ਰਕਮ ਪਿਛਲੇ ਵਰ੍ਹੇ ਦੇ ਮੁਕਾਬਲੇ 12.9 ਫੀ ਸਦੀ ਵੱਧ ਬਣਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ ਨੂੰ ਪੰਜ ਸਾਲ ਵਾਸਤੇ ਵਧਾ ਦਿਤਾ ਗਿਆ ਹੈ ਜਿਸ ਦਾ ਲਾਭ 80 ਕਰੋੜ ਲੋਕਾਂ ਨੂੰ ਮਿਲ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਟੀ.ਡੀ.ਪੀ. ਅਤੇ ਜੇ.ਡੀ.ਯੂ. ਵਰਗੀਆਂ ਪਾਰਟੀਆਂ ਦੇ ਸਹਾਰੇ ਸਰਕਾਰ ਚਲਾਉਣੀ ਪੈ ਰਹੀ ਹੈ।
ਪਹਿਲੀ ਵਾਰ ਨੌਕਰੀ ਮਿਲਣ ’ਤੇ ਨੌਜਵਾਨਾਂ ਨੂੰ ਮਿਲਣਗੇ 15 ਹਜ਼ਾਰ ਰੁ.
ਦੋਹਾਂ ਪਾਰਟੀਆਂ ਨਾਲ ਭਾਈਵਾਲੀ ਪੁਗਾਉਂਦਿਆਂ ਬਜਟ ਵਿਚ ਬਿਹਾਰ ਵਾਸਤੇ 59 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਜਦਕਿ ਆਂਧਰਾ ਪ੍ਰਦੇਸ਼ ਨੂੰ 15 ਹਜ਼ਾਰ ਕਰੋੜ ਰੁਪਏ ਮਿਲਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਖੁਸ਼ਹਾਲੀ ਲਿਆਉਣ ਵਾਲਾ ਕਰਾਰ ਦਿਤਾ ਅਤੇ ਕਿਹਾ ਕਿ ਇਸ ਰਾਹੀਂ ਮੱਧ ਵਰਗੀ ਪਰਵਾਰਾਂ ਨੂੰ ਨਵੀਂ ਤਾਕਤ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਬੀਤੇ 10 ਵਰਿ੍ਹਆਂ ਦੌਰਾਲ 25 ਕਰੋੜ ਲੋਕ ਗਰੀਬੀ ਵਿਚੋਂ ਬਾਹਰ ਆਏ ਅਤੇ ਤਾਜ਼ਾ ਬਜਟ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਏਗਾ। ਉਨ੍ਹਾਂ ਅੱਗੇ ਕਿਹਾ ਕਿ ਬਜਟ ਰਾਹੀਂ ਸਿੱਖਿਆ ਖੇਤਰ ਨਵੀਆਂ ਬੁਲੰਦੀਆਂ ਵੱਲ ਜਾਵੇਗਾ ਜਦਕਿ ਔਰਤਾਂ ਦੀ ਆਰਥਿਕ ਖੇਤਰ ਵਿਚ ਭਾਈਵਾਲੀ ਯਕੀਨੀ ਬਣ ਸਕੇਗੀ।
ਮੁਦਰਾ ਲੋਨ ਦੀ ਰਕਮ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕੀਤੀ