ਪਾਕਿਸਤਾਨ ਦੀ ਇੱਕ ਹੋਰ ਸਾਜ਼ਿਸ਼ ਹੋਈ ਬੇਨਕਾਬ
ਬੰਦੂਕਾਂ ਅਤੇ ਆਜ਼ਾਦੀ ਦੇ ਨਾਅਰਿਆਂ ਤੋਂ ਬਾਹਰ ਆ ਕੇ ਮੁੱਖ–ਧਾਰਾ ਵਿੱਚ ਵਾਪਸ ਆਉਣ ਵਾਲੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਦੇਖ ਕੇ ਪਾਕਿਸਤਾਨ ਨੂੰ ਬਹੁਤ ਨਿਰਾਸ਼ਾ ਹੋਈ ਹੈ। ਇਸ ਲਈ ਉਸ ਨੇ ਹੁਣ ਇੱਕ ਨਵੀਂ ਅਤੇ ਬਹੁਤ ਖ਼ਤਰਨਾਕ ਸਾਜ਼ਿਸ਼ ਰਚੀ ਹੈ – ਨਸ਼ਿਆਂ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਗ਼ੁਲਾਮ ਬਣਾਉਣ ਦੀ...
ਜੰਮੂ–ਕਸ਼ਮੀਰ ਦੇ ਨੌਜਵਾਨਾਂ ਨੂੰ ਬਣਾ ਰਿਹਾ ਨਸ਼ੇ ਦੇ ਗ਼ੁਲਾਮ
ਸਮੁੱਚੀ ਸਮੁੱਚਾ ਕਸ਼ਮੀਰ ਵਾਦੀ ਝੱਲ ਰਹੀ ਨਾਰਕੋ–ਟੈਰਰਿਜ਼ਮ
ਜੰਮੂ: ਬੰਦੂਕਾਂ ਅਤੇ ਆਜ਼ਾਦੀ ਦੇ ਨਾਅਰਿਆਂ ਤੋਂ ਬਾਹਰ ਆ ਕੇ ਮੁੱਖ–ਧਾਰਾ ਵਿੱਚ ਵਾਪਸ ਆਉਣ ਵਾਲੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਦੇਖ ਕੇ ਪਾਕਿਸਤਾਨ ਨੂੰ ਬਹੁਤ ਨਿਰਾਸ਼ਾ ਹੋਈ ਹੈ। ਇਸ ਲਈ ਉਸ ਨੇ ਹੁਣ ਇੱਕ ਨਵੀਂ ਅਤੇ ਬਹੁਤ ਖ਼ਤਰਨਾਕ ਸਾਜ਼ਿਸ਼ ਰਚੀ ਹੈ – ਨਸ਼ਿਆਂ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਗ਼ੁਲਾਮ ਬਣਾਉਣ ਦੀ। ਇਸ ਨਾਲ ਨਾ ਸਿਰਫ਼ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ, ਸਗੋਂ ਅੱਤਵਾਦ ਅਤੇ ਵੱਖਵਾਦ ਨੂੰ ਵੀ ਪੈਸਾ ਅਤੇ ਤਾਕਤ ਮਿਲ ਰਹੀ ਹੈ। ਇਸ ਤੋਂ ਇਲਾਵਾ ਪੂਰੇ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਦਾ ਵੱਡਾ ਕੇਂਦਰ ਬਣਾਉਣ ਦੀ ਵੀ ਕੋਸ਼ਿਸ਼ ਹੈ।
ਪੰਜਾਬ ਦੇ ਨੌਜਵਾਨਾਂ ਨੂੰ ਤਾਂ ਪਹਿਲਾਂ ਪਾਕਿਸਤਾਨੀ ਨਸ਼ਾ–ਤਸਕਰ ਬਰਬਾਦ ਕਰ ਹੀ ਚੁੱਕੇ ਹਨ। ਹੁਣ ਉਨ੍ਹਾਂ ਨੇ ਜੰਮ–ਕਸ਼ਮੀਰ ਵਾਦੀ ਦੇ ਨੌਜਵਾਨਾਂ ਨੂੰ ਆਪਣਿਾ ਨਿਸ਼ਾਨਾ ਬਣਾ ਲਿਆ ਹੈ।
ਜੰਮੂ-ਕਸ਼ਮੀਰ ਵਿੱਚ ਹਾਲਾਤ ਬਹੁਤ ਗੰਭੀਰ ਹਨ। ਰੋਜ਼ਾਨਾ ਔਸਤਨ 10 ਨਸ਼ਾ ਤਸਕਰ ਜਾਂ ਨਸ਼ੇੜੀ ਗੈਰ-ਕਾਨੂੰਨੀ ਨਸ਼ੀਲੀਆਂ ਚੀਜ਼ਾਂ ਸਮੇਤ ਫੜੇ ਜਾ ਰਹੇ ਹਨ। ਪੂਰੇ ਖੇਤਰ ਵਿੱਚ ਲਗਭਗ 14 ਲੱਖ ਲੋਕ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ। ਇਨ੍ਹਾਂ ਵਿੱਚੋਂ ਕਰੀਬ 2 ਲੱਖ ਲੋਕ ਹੈਰੋਇਨ ਦੇ ਨਸ਼ੇ ਤੋਂ ਪੀੜਤ ਹਨ। ਇਸ ਤੋਂ ਇਲਾਵਾ ਚਰਸ, ਗਾਂਜਾ, ਬਰਾਊਨ ਸ਼ੂਗਰ ਅਤੇ ਸਮੈਕ ਵਰਗੇ ਨਸ਼ੇ ਵੀ ਬਹੁਤ ਫੈਲ ਰਹੇ ਹਨ।
ਸ੍ਰੀਨਗਰ ਵਿੱਚ ਹਰ 12 ਮਿੰਟ ਵਿੱਚ ਇੱਕ ਨਸ਼ੇੜੀ ਓਪੀਡੀ ਵਿੱਚ ਪਹੁੰਚ ਰਿਹਾ ਹੈ। ਮਾਰਚ 2021 ਤੋਂ ਮਾਰਚ 2023 ਤੱਕ ਨਸ਼ਾ ਪੀੜਤਾਂ ਦੀ ਗਿਣਤੀ 23,403 ਤੋਂ ਵਧ ਕੇ 41,110 ਹੋ ਗਈ ਹੈ। ਸਭ ਤੋਂ ਭਿਆਨਕ ਗੱਲ ਇਹ ਹੈ ਕਿ 11 ਸਾਲ ਦੇ ਬੱਚੇ ਵੀ ਨਸ਼ੇ ਦੀ ਲੱਤ ਵਿੱਚ ਫਸ ਚੁੱਕੇ ਹਨ। ਔਰਤਾਂ ਅਤੇ ਲੜਕੀਆਂ ਵੀ ਵੱਡੀ ਗਿਣਤੀ ਵਿੱਚ ਇਸ ਚਪੇਟ ਵਿੱਚ ਆ ਚੁੱਕੀਆਂ ਹਨ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਮੁਹੱਲੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਤਿੰਨ-ਚਾਰ ਨਸ਼ਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਇਸ ਨਸ਼ਾ ਤਸਕਰੀ ਦਾ ਕਾਰੋਬਾਰ ਸਿਰਫ਼ ਪੈਸਾ ਕਮਾਉਣ ਲਈ ਨਹੀਂ ਹੈ। ਇਸ ਨੂੰ ਨਾਰਕੋ ਟੈਰਰਿਜ਼ਮ ਕਿਹਾ ਜਾ ਰਿਹਾ ਹੈ। ਇਸ ਦੀਆਂ ਸਾਰੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ ਅਤੇ ਤਹਿਰੀਕ-ਉਲ-ਮੁਜਾਹਿਦੀਨ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੇ ਲੋਕ ਇਸ ਤਸਕਰੀ ਵਿੱਚ ਸਿੱਧੇ ਸ਼ਾਮਲ ਹਨ। ਲਸ਼ਕਰ ਦੀ ਹਿੱਸੇਦਾਰੀ ਇਸ ਵਿੱਚ 85 ਫੀਸਦੀ ਤੱਕ ਹੈ।
ਨਸ਼ੀਲੀਆਂ ਚੀਜ਼ਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆ ਰਹੀਆਂ ਹਨ। ਇਹ ਸਿਰਫ਼ ਡਰੋਨ ਰਾਹੀਂ ਨਹੀਂ ਆਉਂਦੀਆਂ, ਘੁਸਪੈਠ ਕਰਨ ਵਾਲੇ ਅੱਤਵਾਦੀ ਅਤੇ ਉਨ੍ਹਾਂ ਦੇ ਗਾਈਡ ਵੀ ਆਪਣੇ ਨਾਲ ਲੈ ਕੇ ਆ ਰਹੇ ਹਨ। ਇੱਕ ਡਰੱਗ ਡੀਲਰ ਲਈ ਨਸ਼ੀਲੀਆਂ ਚੀਜ਼ਾਂ ਭੇਜੀਆਂ ਜਾਂਦੀਆਂ ਹਨ ਤਾਂ ਉਸ ਦੇ ਨਾਲ ਹਥਿਆਰ ਵੀ ਭੇਜੇ ਜਾਂਦੇ ਹਨ। ਹਥਿਆਰ ਅੱਤਵਾਦੀਆਂ ਤੱਕ ਪਹੁੰਚ ਜਾਂਦੇ ਹਨ ਅਤੇ ਨਸ਼ਿਆਂ ਤੋਂ ਆਉਣ ਵਾਲਾ ਪੈਸਾ ਹਵਾਲਾ ਰਾਹੀਂ ਅੱਤਵਾਦੀ ਜਥੇਬੰਦੀਆਂ ਤੱਕ ਪਹੁੰਚਾਇਆ ਜਾਂਦਾ ਹੈ।
ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਕੁੱਲ ਮੁੱਲ ਘੱਟੋ-ਘੱਟ 15 ਹਜ਼ਾਰ ਕਰੋੜ ਰੁਪਏ ਤੱਕ ਹੈ। ਇਸ ਪੈਸੇ ਨਾਲ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਹਥਿਆਰ ਅਤੇ ਫੰਡਿੰਗ ਮਿਲ ਰਹੀ ਹੈ।
ਪਹਿਲਾਂ ਜੰਮੂ-ਕਸ਼ਮੀਰ ਸਿਰਫ਼ ਨਸ਼ਿਆਂ ਨੂੰ ਅੱਗੇ ਕਿਤੇ ਹੋਰ ਲਿਜਾਣ ਵਾਲਾ ਰਸਤਾ ਭਾਵ ਟ੍ਰਾਂਜ਼ਿਟ ਰੂਟ ਸੀ ਅਤੇ ਇੱਥੇ ਸਿਰਫ਼ 2-3 ਫੀਸਦੀ ਹੀ ਵਰਤਿਆ ਜਾਂਦਾ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਤੇਜ਼ੀ ਨਾਲ ਵਧਿਆ ਹੈ। ਹੁਣ ਇਹ ਖੁਦ ਵੱਡਾ ਵਰਤੋਂ ਕੇਂਦਰ ਬਣ ਚੁੱਕਾ ਹੈ ਅਤੇ ਪੂਰੇ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਦਾ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਇੱਥੋਂ ਨਸ਼ੀਲੀਆਂ ਚੀਜ਼ਾਂ ਪੰਜਾਬ, ਦਿੱਲੀ, ਗੁਜਰਾਤ, ਮੁੰਬਈ, ਕੋਲਕਾਤਾ ਅਤੇ ਦੱਖਣੀ ਭਾਰਤ ਦੇ ਬੈਂਗਲੁਰੂ ਤੇ ਚੇਨਈ ਤੱਕ ਪਹੁੰਚ ਰਹੀਆਂ ਹਨ।
ਕੁਪਵਾੜਾ (ਤੰਗਧਾਰ, ਕੇਰਨ), ਬਾਰਾਮੂਲਾ – ਕਮਲਕੋਟ, ਜਬੜੀ ਆਦਿ, ਪੁਣਛ, ਜੰਮੂ – ਅਖਨੂਰ, ਆਰਐੱਸ ਪੁਰਾ ਅਤੇ ਸਾਂਬਾ – ਰਾਮਗੜ੍ਹ ਆਦਿ – ਇਹ ਸਭ ਬਦਨਾਮ ਰੂਟ ਹਨ। ਇਹ ਰਸਤੇ ਹਥਿਆਰਾਂ ਦੀ ਘੁਸਪੈਠ ਵਾਲੇ ਰਸਤਿਆਂ ਵਰਗੇ ਹੀ ਹਨ।
ਜੰਮੂ-ਕਸ਼ਮੀਰ ਪੁਲਿਸ ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਚਾਰ ਹਜ਼ਾਰ ਤੋਂ ਵੱਧ ਨਸ਼ਾ ਤਸਕਰ ਫੜੇ ਗਏ ਹਨ ਅਤੇ 200 ਤੋਂ ਵੱਧ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਉੱਤਰੀ ਕਸ਼ਮੀਰ ਵਿੱਚ ਇੱਕੋ ਸਾਲ ਵਿੱਚ 45 ਕਰੋੜ ਰੁਪਏ ਦੀ ਜਾਇਦਾਦ ਕੁਰਕ ਹੋਈ ਹੈ। ਇੱਕ ਨਸ਼ਾ ਪੀੜਤ ਨੇ ਦੱਸਿਆ ਕਿ ਪਹਿਲਾਂ ਹੈਰੋਇਨ ਬਹੁਤ ਸਸਤੀ ਸੀ, ਪਰ ਹੁਣ ਇੱਕ ਡੋਜ਼ ਦੀ ਕੀਮਤ ਹਜ਼ਾਰ ਰੁਪਏ ਤੋਂ ਵੱਧ ਹੋ ਗਈ ਹੈ। ਇਸ ਲਈ ਕਈ ਲੋਕ ਨਸ਼ਾ ਲੈਣ ਲਈ ਜੰਮੂ ਤੱਕ ਯਾਤਰਾ ਕਰਦੇ ਹਨ ਅਤੇ ਖੁਦ ਤਸਕਰੀ ਵੀ ਕਰਦੇ ਹਨ।
ਰੱਖਿਆ ਮਾਮਲਿਆਂ ਦੇ ਮਾਹਰ ਅਤੇ ਸਾਬਕਾ ਪੁਲਿਸ ਇੰਸਪੈਕਟਰ ਜਨਰਲ ਅਸ਼ਕੂਰ ਵਾਨੀ ਕਹਿੰਦੇ ਹਨ ਕਿ ਜੰਮੂ-ਕਸ਼ਮੀਰ ਸਿਰਫ਼ ਨਸ਼ਿਆਂ ਤੋਂ ਪੀੜਤ ਨਹੀਂ ਹੈ, ਉਹ ਨਾਰਕੋ ਟੈਰਰ ਨਾਲ ਲੜ ਰਿਹਾ ਹੈ। ਇਹ ਅੱਤਵਾਦ ਤੋਂ ਕਿਤੇ ਵੱਧ ਖ਼ਤਰਨਾਕ ਹੈ। ਇਸ ਰਾਹੀਂ ਪਾਕਿਸਤਾਨ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਰਿਹਾ ਹੈ – ਇੱਕ ਤਰਫ਼ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਅੱਤਵਾਦ ਨੂੰ ਵਿੱਤੀ ਅਤੇ ਭਰਤੀ ਦਾ ਤੰਤਰ ਚਲਾ ਰਿਹਾ ਹੈ।
ਕਈ ਨਸ਼ੇੜੀ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਰੱਖਿਆ ਮਾਹਰ ਦਿਨੇਸ਼ ਮਨਹੋਤਰਾ ਕਹਿੰਦੇ ਹਨ ਕਿ 2018 ਵਾਲੇ ਏਆਈਐੱਮਐੱਸ ਸਰਵੇਖਣ ਮੁਤਾਬਕ ਜੰਮੂ-ਕਸ਼ਮੀਰ ਵਿੱਚ 5.4 ਲੱਖ ਲੋਕ ਓਪੀਓਇਡਜ਼ (ਜਿਵੇਂ ਹੈਰੋਇਨ) ਦੇ ਆਦੀ ਹਨ। ਇਸ ਤੋਂ ਇਲਾਵਾ 1.7 ਲੱਖ ਸੈਡੇਟਿਵ ਅਤੇ 1.4 ਲੱਖ ਗਾਂਜਾ ਯੂਜ਼ਰ ਵੀ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਨਾਸੂਰ ਖਿਲਾਫ਼ ਫੈਸਲਾਕੁੰਨ ਜੰਗ ਲੜਨ ਦਾ ਸਮਾਂ ਆ ਗਿਆ ਹੈ। ਇਸ ਲਈ ਵਿਆਪਕ ਰਣਨੀਤੀ ਨੂੰ ਗੰਭੀਰਤਾ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ।
ਪਾਕਿਸਤਾਨ ਦੀ ਇਸ ਸਾਜ਼ਿਸ਼ ਨੇ ਜੰਮੂ-ਕਸ਼ਮੀਰ ਦੀਆਂ ਨਵੀਆਂ ਪੀੜ੍ਹੀਆਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਸ਼ਿਆਂ ਨੇ ਨਾ ਸਿਰਫ਼ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਤਮ ਕੀਤੀਆਂ ਹਨ, ਸਗੋਂ ਪੂਰੇ ਖੇਤਰ ਨੂੰ ਅੱਤਵਾਦ ਅਤੇ ਵੱਖਵਾਦ ਲਈ ਫੰਡਿੰਗ ਦਾ ਸਾਧਨ ਬਣਾ ਦਿੱਤਾ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ, ਪਰ ਇਸ ਲੜਾਈ ਵਿੱਚ ਸਮਾਜ, ਪਰਿਵਾਰ ਅਤੇ ਸਰਕਾਰ ਤਿੰਨੇ ਇੱਕਠੇ ਹੋਣਾ ਬਹੁਤ ਜ਼ਰੂਰੀ ਹੈ।
ਜਾਗਰੂਕਤਾ ਫੈਲਾਉਣ, ਮੁੜ–ਵਸੇਬਾ ਕੇਂਦਰਾਂ ਦੀ ਗਿਣਤੀ ਵਧਾਉਣ, ਬੱਚਿਆਂ ਅਤੇ ਔਰਤਾਂ ਲਈ ਵਿਸ਼ੇਸ਼ ਪ੍ਰੋਗਰਾਮ ਚਲਾਉਣ ਅਤੇ ਸਰਹੱਦ ਤੇ ਤਸਕਰੀ ਰੋਕਣ ਲਈ ਮਜ਼ਬੂਤ ਉਪਾਅ ਲੈਣ ਦੀ ਲੋੜ ਹੈ। ਇਸ ਨਾਸੂਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਆਪਕ ਰਣਨੀਤੀ ਤੁਰੰਤ ਲਾਗੂ ਕੀਤੀ ਜਾਵੇ ਤਾਂ ਹੀ ਜੰਮੂ-ਕਸ਼ਮੀਰ ਦੀ ਨਵੀਂ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ।