ਪਾਕਿਸਤਾਨੀ ਹਮਲੇ ਦੌਰਾਨ ਪੁੰਛ 'ਚ ਚਾਰ ਸਿੱਖਾਂ ਸਮੇਤ 12 ਦੀ ਮੌਤ
ਪਹਿਲਗਾਮ ਅੱਤਵਾਦੀ ਹਮਲੇ ਤੋਂ 15 ਦਿਨਾਂ ਬਾਅਦ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਗੁਲਾਮ ਜੰਮੂ ਕਸ਼ਮੀਰ ਵਿਚ ਸਥਿਤ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬੌਖ਼ਲਾਏ ਪਾਕਿਸਤਾਨ ਤੋਂ ਪੂਰੀ ਰਾਤ ਜੰਮੂ ਕਸ਼ਮੀਰ ਕੰਟਰੋਲ ਰੇਖਾ ’ਤੇ ਗੋਲੀਬਾਰੀ ਕੀਤੀ ਗਈ।
ਸ੍ਰੀਨਗਰ : ਪਹਿਲਗਾਮ ਅੱਤਵਾਦੀ ਹਮਲੇ ਤੋਂ 15 ਦਿਨਾਂ ਬਾਅਦ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਗੁਲਾਮ ਜੰਮੂ ਕਸ਼ਮੀਰ ਵਿਚ ਸਥਿਤ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬੌਖ਼ਲਾਏ ਪਾਕਿਸਤਾਨ ਤੋਂ ਪੂਰੀ ਰਾਤ ਜੰਮੂ ਕਸ਼ਮੀਰ ਕੰਟਰੋਲ ਰੇਖਾ ’ਤੇ ਗੋਲੀਬਾਰੀ ਕੀਤੀ ਗਈ। ਰੱਖਿਆ ਸੂਤਰਾਂ ਮੁਤਾਬਕ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 12 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਚਾਰ ਸਿੱਖ ਵੀ ਸ਼ਾਮਲ ਨੇ।
ਭਾਰਤ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਜੰਮੂ ਕਸ਼ਮੀਰ ਵਿਚ ਹਮਲਾ ਕਰਕੇ 12 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਵਿਚ ਚਾਰ ਸਿੱਖ ਵੀ ਸ਼ਾਮਲ ਨੇ। ਜਾਣਕਾਰੀ ਅਨੁਸਾਰ ਭਾਰਤ ਵੱਲੋਂ ਰਾਤੀਂ ਕਰੀਬ 1 ਵੱਜ ਕੇ 44 ਮਿੰਟ ’ਤੇ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ 12 ਲੋਕਾਂ ਨੂੰ ਮਾਰ ਕੇ ਇਸ ਦਾ ਜਵਾਬ ਦਿੱਤਾ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਇਕ ਔਰਤ ਵੀ ਸ਼ਾਮਲ ਐ। ਜਾਣਕਾਰੀ ਅਨੁਸਾਰ ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਸਾਹਮਣੇ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਸਥਿਤ ਚੌਂਕੀਆਂ ਤੋਂ ਤੋਪਖ਼ਾਨੇ ਨਾਲ ਗੋਲੀਬਾਰੀ ਸਮੇਤ ਮਨਮਾਨੇ ਤਰੀਕੇ ਨਾਲ ਗੋਲੀਬਾਰੀ ਕੀਤੀ।
ਪੁੰਛ ਜ਼ਿਲ੍ਹੇ ਵਿਚ ਪਾਕਿਸਤਾਨੀ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਵਿਚ ਅਮਰੀਕਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲੀ ਸੈਂਡੀਗੇਟ, ਰਣਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸੈਂਡੀਗੇਟ, ਰੂਬੀ ਕੌਰ ਪਤਨੀ ਸ਼ੱਲੂ ਸਿੰਘ ਵਾਸੀ ਮੁਹੱਲਾ ਸਰਦਾਰਾਂ ਮਨਕੋਟੇ ਪੁੰਛ ਤੋਂ ਇਲਾਵਾ ਮੁਹੰਮਦ ਆਦਿਲ, ਸਲੀਮ ਹੁਸੈਨ, 10 ਸਾਲਾਂ ਦਾ ਮੁਹੰਮਦ ਜੈਨ, ਮੁਹੰਮਦ ਅਕਰਮ, 12 ਸਾਲਾਂ ਦੀ ਜੋਇਆ ਖ਼ਾਨ, ਮੁਹੰਮਦ ਰਫ਼ੀ, ਮੁਹੰਮਦ ਇਕਬਾਲ ਦੇ ਨਾਂਅ ਸ਼ਾਮਲ ਨੇ, ਜਦਕਿ ਹੋਰ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਪੈਦਾ ਹੋਏ ਤਣਾਅ ਤੋਂ ਬਾਅਦ ਕਸ਼ਮੀਰ ਦੇ ਪੁੰਛ ਇਲਾਕੇ ਵਿਚ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਨੂੰ ਦੁਖਦਾਈ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਕਸ਼ਮੀਰ ਹਮਲੇ ਦੌਰਾਨ ਮਾਰੇ ਗਏ ਚਾਰ ਸਿੱਖਾਂ ਦੇ ਪ੍ਰਤੀ ਦੁੱਖ ਦਾ ਇਜ਼ਹਾਰ ਕੀਤਾ।
ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਪੁੰਛ ਵਿਚ ਗੁਰੂ ਘਰ ’ਤੇ ਕੀਤੇ ਗਏ ਹਮਲੇ ਅਤੇ ਉਸ ਵਿਚ ਹੋਈ ਸਿੱਖਾਂ ਦੀ ਮੌਤ ਨੂੰ ਬੇਹੱਦ ਦੁਖਾਈ ਦੱਸਿਆ। ਉਨ੍ਹਾਂ ਆਖਿਆ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਇਸ ਨਾਲ ਦੋਵੇਂ ਦੇਸ਼ਾਂ ਦਾ ਨਿਰਦੋਸ਼ ਅਵਾਮ ਨੂੰ ਖ਼ਾਮਿਆਜ਼ਾ ਭੁਗਤਣਾ ਪਵੇਗਾ।
ਦੱਸ ਦਈਏ ਕਿ ਦੋਵੇਂ ਦੇਸ਼ਾਂ ਵਿਚਾਲੇ ਇਹ ਤਣਾਅ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵਧਿਆ ਹੈ, ਜਿਸ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਅੱਤਵਾਦੀਆਂ ਨੇ 26 ਲੋਕਾਂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਸੀ।