ਬੁਖਾਰ ਤੇ ਸਿਰ ਵਿੱਚ ਦਰਦ ਨਵੇਂ ਖਤਰਨਾਕ ਵਾਇਰਸ ਦੇ ਲੱਛਣ, ਨਾ ਕਰਿਓ ਇਗਨੋਰ

ਹੁਣ ਮੌਸਮ ਬਦਲ ਰਿਹਾ ਹੈ ਤੇ ਅਜਿਹੇ ਵਿੱਚ ਲੋਕ ਬਿਮਾਰ ਵੀ ਹੁੰਦੇ ਹਨ ਤੇ ਸਭ ਤੋਂ ਆਮ ਲਾਗ ਹੁੰਦੀ ਹੈ ਬੁਖਾਰ ਹੋਣਾ ਕਈ ਵਾਰ ਸਿਰ ਵਿਚ ਵੀ ਦਰਦ ਹੋਣਾ। ਜਿਸ ਨੂੰ ਅਕਸਰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ, ਇਹ ਸੋਚ ਕੇ ਕਿ ਹੁਣ ਮੌਸਮ ਬਦਲ ਰਿਹਾ ਹੈ ਜਿਸ ਕਰਕੇ ਬੁਖਾਰ ਹੈ ਤੇ ਆਪੇ ਠੀਕ ਹੋ ਜਾਣਾ ਜਾਂ ਫਿਰ ਨੇੜੇ ਕੈਮਿਸਟ ਤੋਂ ਦਵਾਈ ਲੈ ਲੈਂਦੇ ਹਾਂ ਬਿਨ੍ਹਾਂ ਜਾਂਚ ਕਰਵਾਏ...

Update: 2024-12-03 12:07 GMT

ਚੰਡੀਗੜ੍ਹ, ਕਵਿਤਾ : ਹੁਣ ਮੌਸਮ ਬਦਲ ਰਿਹਾ ਹੈ ਤੇ ਅਜਿਹੇ ਵਿੱਚ ਲੋਕ ਬਿਮਾਰ ਵੀ ਹੁੰਦੇ ਹਨ ਤੇ ਸੱਭ ਤੋਂ ਆਮ ਲਾਗ ਹੁੰਦੀ ਹੈ ਬੁਖਾਰ ਹੋਣਾ ਕਈ ਵਾਰ ਸਿਰ ਵਿੱਚ ਵੀ ਦਰਦ ਹੋਣਾ। ਜਿਸਨੂੰ ਅਕਸਰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ ਇਹ ਸੋਚ ਕੇ ਕਿ ਹੁਣ ਮੌਸਮ ਬਦਲ ਰਿਹਾ ਹੈ ਜਿਸ ਕਰਕੇ ਬੁਖਾਰ ਹੈ ਤੇ ਆਪੇ ਠੀਕ ਹੋ ਜਾਣਾ ਜਾਂ ਫਿਰ ਨੇੜੇ ਕੈਮਿਸਟ ਤੋਂ ਦਵਾਈ ਲੈ ਲੈਂਦੇ ਹਾਂ ਬਿਨ੍ਹਾਂ ਜਾਂਚ ਕਰਵਾਏ, ਪਰ ਹੁਣ ਇਹ ਤੁਹਾਨੂੰ ਭਾਰੀ ਪੈ ਸਕਦਾ ਹੈ।

ਜੀ ਹਾਂ, ਜੇਕਰ ਤੁਹਾਡੇ ਆਸ-ਪਾਸ ਰਹਿਣ ਵਾਲੇ ਕਿਸੇ ਵਿਅਕਤੀ ਦੀਆਂ ਅੱਖਾਂ ਵਿੱਚੋਂ ਖੂਨ ਵਹਿ ਰਿਹਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਉਸ ਵਿਅਕਤੀ ਲਈ ਘਾਤਕ ਹੋ ਸਕਦਾ ਹੈ। ਦਰਅਸਲ, ਇਨ੍ਹੀਂ ਦਿਨੀਂ ਅਫਰੀਕੀ ਦੇਸ਼ ਰਵਾਂਡਾ ਵਿੱਚ ਮਾਰਬਰਗ ਵਾਇਰਸ ਫੈਲਿਆ ਹੋਇਆ ਹੈ। ਜੋ ਕਿ ਤਬਾਹੀ ਮਚਾ ਰਿਹਾ ਹੈ। ਹੁਣ ਤੱਕ ਸੈਂਕੜੇ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਸ ਕਾਰਨ 15 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਾਰਬਰਗ ਵਾਇਰਸ ਇਨ੍ਹਾਂ ਜਿਆਦਾ ਖਤਰਨਾਕ ਹੈ ਕਿ ਇਸ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਲਗਭਗ 17 ਦੇਸ਼ਾਂ 'ਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ, ਮਾਰਬਰਗ ਵਾਇਰਸ ਕਾਰਨ ਲੋਕਾਂ ਦੀਆਂ ਅੱਖਾਂ ਵਿਚੋਂ ਪਾਣੀ ਵਾਂਗ ਖੂਨ ਨਿਕਲਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਬਲੀਡਿੰਗ ਆਈ ਵਾਇਰਸ ਵੀ ਕਿਹਾ ਜਾਂਦਾ ਹੈ।

ਇਥੇ ਤੁਹਾਨੂੰ ਇਹ ਵੀ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਇਙ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦਾ ਹੈ। ਇਸ ਬਾਬਤ ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਰਿਪੋਰਟ ਜਾਰੀ ਕੀਤੀ ਹੈ WHO ਦੀ ਰਿਪੋਰਟ ਮੁਤਾਬਕ, ਇਹ ਵਾਇਰਸ ਇਬੋਲਾ ਵਾਇਰਸ ਪਰਿਵਾਰ ਨਾਲ ਸਬੰਧਤ ਹੈ। ਇਸ ਕਾਰਨ ਵਾਇਰਲ ਹੈਮੋਰੇਜਿਕ ਬੁਖਾਰ ਵੀ ਹੋ ਜਾਂਦਾ ਹੈ। ਮਾਰਬਰਗ ਵਾਇਰਸ ਲੋਕਾਂ ਦੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਇਸ ਨਾਲ ਅੰਦਰੂਨੀ ਖੂਨ ਨਿਕਲਦਾ ਹੈ।

ਇਹ ਇੱਕ ਜ਼ੂਨੋਟਿਕ ਵਾਇਰਸ ਹੈ, ਯਾਨੀ ਇਹ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਇਹ ਸਿਰਫ਼ ਚਮਗਿੱਦੜਾਂ ਤੋਂ ਉਤਪੰਨ ਹੁੰਦਾ ਹੈ ਤੇ ਉਨ੍ਹਾਂ ਦੇ ਖੂਨ, ਪਿਸ਼ਾਬ ਜਾਂ ਥੁੱਕ ਦੇ ਸੰਪਰਕ ਰਾਹੀਂ ਮਨੁੱਖਾਂ ਵਿੱਚ ਫੈਲਦਾ ਹੈ। ਇਹ ਵਾਇਰਸ ਪਹਿਲੀ ਵਾਰ 1961 ਵਿੱਚ ਜਰਮਨੀ ਦੇ ਫਰੈਂਕਫਰਟ ਵਿੱਚ ਪਾਇਆ ਗਿਆ ਸੀ। ਜਦੋਂ ਹੁਣ ਇਹ ਖਤਰਨਾਕ ਵਾਇਰਸ ਫੈਲ ਰਿਹਾ ਹੈ ਜਿਸਨੂੰ ਲੈ ਕੇ 17 ਦੇਸ਼ਾਂ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹ ਵੀ ਜਾਣਨਾ ਲਾਜ਼ਮੀ ਹੋ ਜਾਂਦਾ ਹੈ ਕਿ ਆਖਰ ਇਸ ਵਾਇਰਸ ਵਿੱਚ ਲੱਛਣ ਕਿਹੋ ਜਿਹੇ ਨਜ਼ਰ ਆਉਂਦੇ ਹਨ।

ਇਸ ਵਾਇਰਸ ਨਾਲ ਸੰਕਰਮਿਤ ਹੋਣ 'ਤੇ, ਲੋਕ ਤੇਜ਼ ਬੁਖਾਰ, ਗੰਭੀਰ ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਗਲੇ ਵਿੱਚ ਖਰਾਸ਼, ਧੱਫੜ ਤੇ ਦਸਤ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਤੋਂ ਪੀੜਤ ਹੋਣ ਨਾਲ ਅੰਦਰੂਨੀ ਖੂਨ ਵਹਿਣ ਅਤੇ ਅੰਗ ਫੇਲ ਹੋਣ ਦਾ ਕਾਰਨ ਵੀ ਬਣਦਾ ਹੈ। ਇਸ ਵਾਇਰਸ ਨਾਲ ਸੰਕਰਮਿਤ ਹੋਣ 'ਤੇ ਭਾਰ 'ਚ ਅਚਾਨਕ ਕਮੀ, ਨੱਕ, ਅੱਖਾਂ, ਮੂੰਹ ਜਾਂ ਯੋਨੀ 'ਚੋਂ ਖੂਨ ਆਉਣਾ ਅਤੇ ਮਾਨਸਿਕ ਉਲਝਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਇਥੇ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਮਾਹਿਰਾਂ ਅਨੁਸਾਰ ਮਾਰਬਰਗ ਵਾਇਰਸ ਦਾ ਕੋਈ ਖਾਸ ਇਲਾਜ ਨਹੀਂ ਹੈ। ਮੌਤ ਦਰ 24% ਤੋਂ 88% ਤੱਕ ਹੋ ਸਕਦੀ ਹੈ। ਲਾਗ ਵਾਲੇ ਵਿਅਕਤੀਆਂ ਦਾ ਇਲਾਜ ਲੱਛਣਾਂ ਦੇ ਆਧਾਰ ਉੱਤੇ ਕੀਤਾ ਜਾ ਰਿਹਾ ਹੈ। ਮਾਰਬਰਗ ਵਾਇਰਸ ਦੇ ਪ੍ਰਬੰਧਨ ਵਿੱਚ ਖੂਨ ਦੇ ਉਤਪਾਦ, ਇਮਿਊਨ ਥੈਰੇਪੀ, ਅਤੇ ਕੁਝ ਦਵਾਈਆਂ ਸ਼ਾਮਲ ਹਨ। ਹਾਲਾਂਕਿ ਅਜੇ ਤੱਕ ਮਾਰਬਰਗ ਵਾਇਰਸ ਨਾਲ ਨੱਜਿਠਣ ਲਈ ਕੋਈ ਵੈਕਸੀਨ ਉਪਲਬਧ ਨਹੀਂ ਹੋਈ ਹੈ।

ਆਓ ਹੁਣ ਜਾਣਦੇ ਹਾਂ ਕਿ ਤੁਹਾਨੂੰ ਆਪਣੇ ਆਪ ਅਤੇ ਆਪਣੇ ਪੂਰੇ ਪਰਿਵਾਰ ਨੂੰ ਇਸ ਖਤਰਨਾਕ ਵਾਇਰਸ ਤੋਂ ਬਚਾਉਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ।

ਤੁਹਾਨੂੰ ਦੱਸ ਦਈਏ ਕਿ ਮਾਰਬਰਗ ਵਾਇਰਸ ਸੰਕਰਮਿਤ ਲੋਕਾਂ ਦੇ ਸੰਪਰਕ ਰਾਹੀਂ ਫੈਲਦਾ ਹੈ। ਡਾਕਟਰਾਂ ਅਨੁਸਾਰ ਇਹ ਸਰੀਰ ਦੇ ਤਰਲ ਪਦਾਰਥਾਂ ਰਾਹੀਂ ਦੂਜੇ ਲੋਕਾਂ ਵਿੱਚ ਫੈਲਦਾ ਹੈ। ਇਸ ਤੋਂ ਬਚਣ ਲਈ ਸੰਕਰਮਿਤ ਲੋਕਾਂ ਤੋਂ ਦੂਰ ਰਹੋ। ਸਮਾਜਿਕ ਦੂਰੀ ਬਣਾ ਕੇ ਰੱਖੋ, ਮਾਸਕ ਦੀ ਵਰਤੋਂ ਕਰੋ ਅਤੇ ਵਾਰ-ਵਾਰ ਹੱਥ ਧੋਣਾ ਬੇਹੱਦ ਹੀ ਲਾਜ਼ਮੀ ਹੈ।

Tags:    

Similar News