ਟੋਰਾਂਟੋ ਦੇ ਸਾਬਕਾ ਟੈਕਸੀ ਡਰਾਈਵਰ ਨੂੰ ਸਾਢੇ ਪੰਜ ਸਾਲ ਕੈਦ, ਜਾਣੋ ਕਿਉਂ
ਟੋਰਾਂਟੋ ਦੇ ਇਕ ਸਾਬਕਾ ਟੈਕਸੀ ਡਰਾਈਵਰ ਨੂੰ ਸੈਕਸ਼ੁਅਲ ਅਸਾਲਟ ਦੇ ਤਿੰਨ ਦੋਸ਼ਾਂ ਹੇਠ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨਟਾਰੀਓ ਦੀ ਸੁਪੀਰੀਅਰ ਕੋਰਟ ਵੱਲੋਂ 38 ਸਾਲ ਦੇ ਤਨੀਮ ਅਜ਼ੀਜ਼ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਜਿਸ ਨੂੰ ਬਸੰਤ ਰੁੱਤ ਦੌਰਾਨ ਦੋਸ਼ੀ ਕਰਾਰ ਦਿਤਾ ਗਿਆ ਸੀ।;
ਟੋਰਾਂਟੋ : ਟੋਰਾਂਟੋ ਦੇ ਇਕ ਸਾਬਕਾ ਟੈਕਸੀ ਡਰਾਈਵਰ ਨੂੰ ਸੈਕਸ਼ੁਅਲ ਅਸਾਲਟ ਦੇ ਤਿੰਨ ਦੋਸ਼ਾਂ ਹੇਠ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨਟਾਰੀਓ ਦੀ ਸੁਪੀਰੀਅਰ ਕੋਰਟ ਵੱਲੋਂ 38 ਸਾਲ ਦੇ ਤਨੀਮ ਅਜ਼ੀਜ਼ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਜਿਸ ਨੂੰ ਬਸੰਤ ਰੁੱਤ ਦੌਰਾਨ ਦੋਸ਼ੀ ਕਰਾਰ ਦਿਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 2018 ਤੋਂ 2021 ਦਰਮਿਆਨ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਸਾਬਕਾ ਊਬਰ ਡਰਾਈਵਰ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਵਿਰੁੱਘ ਤਿੰਨ ਔਰਤਾਂ ਨੇ ਗੰਭੀਰ ਦੋਸ਼ ਲਾਏ ਸਨ।
ਦੋ ਮੌਕਿਆਂ ’ਤੇ ਅਜ਼ੀਜ਼ ਨੇ ਔਰਤਾਂ ਦੇ ਇਕੱਲੇਪਣ ਦਾ ਫਾਇਦਾ ਉਠਾਉਂਦਿਆਂ ਵਾਰਦਾਤ ਨੂੰ ਅੰਜਾਮ ਦਿਤਾ। ਇਕ ਔਰਤ ਨੂੰ ਅਜ਼ੀਜ਼ ਨੇ ਚਾਰ ਘੰਟੇ ਤੱਕ ਬੰਦੀ ਵੀ ਬਣਾ ਕੇ ਰੱਖਿਆ ਅਤੇ ਰਿਹਾਈ ਵਾਸਤੇ 50 ਡਾਲਰ ਦੀ ਸ਼ਰਤ ਰੱਖੀ। ਅਜ਼ੀਜ਼ ਨੂੰ ਅਪ੍ਰੈਲ 2019 ਵਿਚ ਵਾਪਰੀਆਂ ਦੋ ਘਟਨਾਵਾਂ ਦੇ ਸਬੰਧ ਵਿਚ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ। ਭਾਵੇਂ ਅਜ਼ੀਜ਼ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ ਪਰ ਤਿੰਨ ਬੱਚਿਆਂ ਦੇ ਪਿਉ ਵੱਲੋਂ ਕੀਤੀਆਂ ਹਰਕਤਾਂ ਬਰਦਾਸ਼ਤਯੋਗ ਨਹੀਂ। ਅਦਾਲਤੀ ਫੈਸਲੇ ਮਗਰੋਂ ਅਜ਼ੀਜ਼ ਨੂੰ ਹਥਕੜੀਆਂ ਲਾ ਕੇ ਲਿਜਾਇਆ ਗਿਆ। ਸਜ਼ਾ ਦੌਰਾਨ ਉਸ ਨੂੰ ਡੀ.ਐਨ.ਏ. ਨਮੂਨਾ ਦੇਣਾ ਹੋਵੇਗਾ ਅਤੇ ਕਿਸੇ ਪੀੜਤ ਨਾਲ ਸੰਪਰਕ ਕਰਨ ਦੀ ਸਖਤ ਮਨਾਹੀ ਹੋਵੇਗੀ।