ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਨਵੇਂ ਸਿਖ਼ਰਾਂ 'ਤੇ ਲਿਜਾਣ ਵਾਲ਼ਾ – ਗੁਰਦਾਸ ਮਾਨ, ਵਿਵਾਦ ਤੇ ਦੋਸ਼ – ਕਿੰਨੇ ਕੁ ਦਰੁਸਤ !

ਪੰਜਾਬੀ ਸੰਗੀਤ ਦੇ ਆਕਾਸ਼ 'ਤੇ ਗੁਰਦਾਸ ਮਾਨ ਇੱਕ ਅਜਿਹਾ ਚਮਕਦਾ ਧਰੂ–ਤਾਰਾ ਹੈ, ਜਿਸ ਨੇ ਆਪਣੀ ਮਿੱਠੀ ਅਵਾਜ਼ ਅਤੇ ਡੂੰਘੀਆਂ ਭਾਵਨਾਵਾਂ ਨਾਲ ਓਤ–ਪ੍ਰੋਤ ਸਾਫ਼–ਸੁਥਰੀ ਗਾਇਕੀ ਦੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ

Update: 2026-03-12 07:13 GMT

ਨੇੜ ਭਵਿੱਖ 'ਚ ਗੁਰਦਾਸ ਮਾਨ ਦੇ ਦੇਸ਼–ਵਿਦੇਸ਼ ਵਿੱਚ ਹੋਣ ਵਾਲ਼ੇ ਸ਼ੋਅਜ਼ ਦੀ ਪੂਰੀ ਸੂਚੀ ਵੀ ਪੜ੍ਹੋ


ਪੰਜਾਬੀ ਸੰਗੀਤ ਦੇ ਆਕਾਸ਼ 'ਤੇ ਗੁਰਦਾਸ ਮਾਨ ਇੱਕ ਅਜਿਹਾ ਚਮਕਦਾ ਧਰੂ–ਤਾਰਾ ਹੈ, ਜਿਸ ਨੇ ਆਪਣੀ ਮਿੱਠੀ ਅਵਾਜ਼ ਅਤੇ ਡੂੰਘੀਆਂ ਭਾਵਨਾਵਾਂ ਨਾਲ ਓਤ–ਪ੍ਰੋਤ ਸਾਫ਼–ਸੁਥਰੀ ਗਾਇਕੀ ਦੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਜੇ ਇਹ ਆਖ ਲਿਆ ਜਾਵੇ ਕਿ ਉਨ੍ਹਾਂ ਨੇ ਆਪਣੀ ਗਾਇਕੀ ਨਾਲ਼ ਪੰਜਾਬੀ ਮਾਂ–ਬੋਲੀ ਨੂੰ ਨਵੇਂ ਸਿਖ਼ਰਾਂ ਤੱਕ ਸਿਰ–ਤੋੜ ਜਤਨ ਕੀਤੇ ਹਨ।

6 ਅਪ੍ਰੈਲ 1957 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਿੱਲ ਵਿੱਚ ਜਨਮੇ ਗੁਰਦਾਸ ਮਾਨ ਨੇ ਆਪਣੀ ਜ਼ਿੰਦਗੀ ਨੂੰ ਪੰਜਾਬੀ ਸਭਿਆਚਾਰ, ਖੇਤੀਬਾੜੀ ਅਤੇ ਮਨੁੱਖੀ ਕਦਰਾਂ–ਕੀਮਤਾਂ ਨਾਲ ਜੋੜਿਆ ਹੈ। ਉਨ੍ਹਾਂ ਨੇ ਆਪਣੀ ਕਲਾ ਨਾਲ ਨਾ ਸਿਰਫ਼ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਵਿਸ਼ਵ ਪੱਧਰ 'ਤੇ ਚਮਕਾਇਆ, ਸਗੋਂ ਭਾਰਤੀ ਸੰਗੀਤ ਨੂੰ ਵੀ ਅਮੀਰ ਬਣਾਇਆ।


ਗੁਰਦਾਸ ਮਾਨ ਦਾ ਸੰਗੀਤਕ ਸਫ਼ਰ

ਆਪਣੇ ਚਾਰ ਦਹਾਕਿਆਂ ਤੋਂ ਵੱਧ ਦੇ ਸੰਗੀਤਕ ਸਫ਼ਰ ਵਿੱਚ ਉਨ੍ਹਾਂ ਨੇ ਸੈਂਕੜੇ ਗੀਤ ਰਚੇ ਅਤੇ ਗਾਏ, ਜਿਨ੍ਹਾਂ ਵਿੱਚ – ਦਿਲ ਦਾ ਮਾਮਲਾ, ਮਸਤੀ, ਚੱਕਰ, ਰਾਤ ਸੁਹਾਨੀ, ਨੱਚੋ ਬਾਬਿਓ, ਤੂੰ ਦਾਤੀ ਅਸੀਂ ਮੰਗਤੇ ਤੇਰੇ, ਤੇਰੀ ਖ਼ੈਰ ਹੋਵੇ, ਕ੍ਰਿਪਾ ਦਾਤੀ ਦੀ, ਵੇਖੀਂ ਕਿਤੇ ਯਾਰ ਨਾ ਹੋਵੇ, ਵਾਹ ਨੀ ਜਵਾਨੀਏ, ਚੁਗਲੀਆਂ, ਯਾਰ ਮੇਰਾ ਪਿਆਰ, ਪੀੜ ਪ੍ਰਾਹੁਣੀ, ਭਾਵੇਂ ਕੱਖ ਨਾ ਰਹੇ, ਦਿਲ ਹੋਣਾ ਚਾਹੀਦਾ ਜਵਾਨ, ਪੰਜ ਨਦੀਆਂ, ਜਾਦੂਗਰੀਆਂ, ਲੜ ਗਿਆ ਪੇਚਾ, ਆਜਾ ਸੱਜਣਾ, ਇਸ਼ਕ ਦਾ ਗਿੱਧਾ, ਹਾਏ ਸ਼ਾਵਾ ਬਈ ਹਾਏ ਸ਼ਾਵਾ, ਪੰਜਾਬੀ, ਹੀਰ, ਦਿਲ ਦਾ ਬਾਦਸ਼ਾਹ, ਵਲੈਤਣ, ਇਸ਼ਕ ਨਾ ਦੇਖੇ ਜਾਤ, ਬੂਟ ਪਾਲਿਸ਼ਾਂ, ਜੋਗੀਆ, ਸਾਡਾ ਪੰਜਾਬ– ਦੁਨੀਆ ਮੇਲਾ ਦੋ ਦਿਨ ਦਾ, ਰੋਟੀ, ਪੰਜਾਬ ਦੀ ਸ਼ਾਨ, ਪੌਪ ਸੈਂਸੇਸ਼ਨ, ਪਿਆਰ ਕਰ ਲੈ, ਪੰਜਾਬ, ਤੂੰ ਨਿਮਾਣਿਆਂ ਦਾ ਮਾਨ, ਚਿੰਤਾ ਨਾ ਕਰ ਯਾਰ, ਗੱਲ ਸੁਣੋ ਪੰਜਾਬੀ ਦੋਸਤੋ, ਮਿੱਟੀ ਦੀ ਆਵਾਜ਼ – ਵਰਗੇ ਹਰਮਨਪਿਆਰੇ ਗੀਤ ਵਰਨਣਯੋਗ ਹਨ।

ਗੁਰਦਾਸ ਮਾਨ ਦਾ ਸੰਗੀਤਕ ਸਫ਼ਰ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਪਿੰਡ ਵਿੱਚ ਖੇਤਾਂ ਵਿੱਚ ਖੇਡਦੇ-ਟੱਪਦੇ ਉਨ੍ਹਾਂ ਨੇ ਪੰਜਾਬੀ ਲੋਕ ਗੀਤਾਂ ਨੂੰ ਆਪਣੀ ਅਵਾਜ਼ ਨਾਲ ਜੋੜਨਾ ਸਿੱਖਿਆ।


ਫ਼ਿਲਮੀ ਸਫ਼ਰ

1970ਵਿਆਂ ਦੌਰਾਨ ਰੇਡੀਓ ਅਕਾਸ਼ਵਾਣੀ ਉਤੇ ਆਪਣੀ ਪਹਿਲੀ ਪੇਸ਼ਕਸ਼ ਨਾਲ ਹੀ ਉਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। 1980 ਵਿੱਚ ਆਲ ਇੰਡੀਆ ਰੇਡੀਓ ਦੇ 'ਪ੍ਰਤਿਭਾ ਮੁਕਾਬਲੇ' ਵਿੱਚ ਪਹਿਲਾ ਸਥਾਨ ਹਾਸਲ ਕਰਨ ਨਾਲ ਉਨ੍ਹਾਂ ਦਾ ਕਰੀਅਰ ਚਮਕ ਪਿਆ। ਉਨ੍ਹਾਂ ਨੇ ਨਾ ਸਿਰਫ਼ ਗਾਇਆ, ਸਗੋਂ ਗੀਤ ਵੀ ਲਿਖੇ ਅਤੇ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ; ਜਿਵੇਂ ਮਾਮਲਾ ਗੜਬੜ ਹੈ, ਪੱਥਰ ਦਿਲ, ਉਚਾ ਦਰ ਬਾਬੇ ਨਾਨਕ ਦਾ, ਲੌਂਗ ਦਾ ਲਿਸ਼ਕਾਰਾ, ਗਭਰੂ ਪੰਜਾਬ ਦਾ, ਕੀ ਬਣੂੰ ਦੁਨੀਆ ਦਾ, ਛੋਰਾ ਹਰਿਆਣੇ ਕਾ, ਦੁਸ਼ਮਣੀ ਦੀ ਅੱਗ, ਕੁਰਬਾਨੀ ਜੱਟ ਦੀ, ਪ੍ਰਤਿੱਗਿਆ, ਰੂਹਾਨੀ ਤਾਕਤ, ਸਾਲ਼ੀ ਅੱਧੀ ਘਰ ਵਾਲ਼ੀ, ਵਾਂਟੇਡ ਗੁਰਦਾਸ ਮਾਨ – ਡੈੱਡ ਔਰ ਅਲਾਈਵ, ਕਚਹਿਰੀ, ਸੂਬੇਦਾਰ, ਬਗ਼ਾਵਤ, ਸਿਰਫ਼ ਤੁਮ, ਸ਼ਹੀਦ–ਏ–ਮੁਹੱਬਤ ਬੂਟਾ ਸਿੰਘ, ਸ਼ਹੀਦ ਊਧਮ ਸਿੰਘ, ਜ਼ਿੰਦਗੀ ਖ਼ੂਬਸੂਰਤ ਹੈ, ਵੀਰ ਜ਼ਾਰਾ, ਦੇਸ ਹੋਇਆ ਪਰਦੇਸ, ਵਾਰਿਸ ਸ਼ਾਹ – ਇਸ਼ਕ ਦਾ ਵਾਰਸ, ਮੰਮੀ ਜੀ, ਯਾਰੀਆਂ, ਮਿੰਨੀ ਪੰਜਾਬ, ਸੁਖਮਨੀ ਹੋਪ ਫ਼ਾਰ ਲਾਈਫ਼, ਚੱਕ ਜਵਾਨਾ, ਦਿਲ–ਵਿਲ ਪਿਆਰ, ਨਨਕਾਣਾ, ਮੰਟੋ।


ਮਾਣ–ਸਨਮਾਨ

ਗੁਰਦਾਸ ਮਾਨ ਨੂੰ 1990 'ਚ ਨੈਸ਼ਨਲ ਅਵਾਰਡ "ਵਾਰਿਸ ਸ਼ਾਹ – ਇਸ਼ਕ ਦਾ ਵਾਰਸ" ਲਈ ਅਤੇ ਫ਼ਿਲਮਫੇਅਰ ਅਵਾਰਡ ਵੀ ਮਿਲੇ ਹਨ, ਜੋ ਉਨ੍ਹਾਂ ਦੇ ਸੰਗੀਤ ਨੂੰ ਵਿਸ਼ਵ ਪੱਧਰੀ ਮਾਨਤਾ ਦਿੰਦੇ ਹਨ। ਉਨ੍ਹਾਂ ਨੂੰ ਸਾਲ 2011 'ਚ ਪਦਮਸ਼੍ਰੀ ਅਤੇ 2023 'ਚ ਪਦਮ ਭੂਸ਼ਣ ਵਰਗੇ ਸਨਮਾਨ ਵੀ ਮਿਲੇ ਹਨ, ਜੋ ਉਨ੍ਹਾਂ ਦੇ ਯੋਗਦਾਨ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਦਿੰਦੇ ਹਨ। ਉਨ੍ਹਾਂ ਦੇ ਗੀਤਾਂ ਨੇ ਵਿਦੇਸ਼ਾਂ 'ਚ ਰਹਿੰਦੇ ਸਮੂਹ ਪੰਜਾਬੀਆਂ ਨੂੰ ਵੀ ਜੋੜਿਆ। ਅੱਜ ਵੀ ਉਨ੍ਹਾਂ ਦੇ ਲਾਈਵ ਸੰਗੀਤਕ ਪ੍ਰੋਗਰਾਮਾਂ ਵਿੱਚ ਹਜ਼ਾਰਾਂ ਲੋਕ ਇਕੱਠੇ ਜੁੜਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਮਾਜਿਕ ਮੁੱਦਿਆਂ ਜਿਵੇਂ ਨਸ਼ੇ ਵਿਰੁੱਧ ਮੁਹਿੰਮ ਵਿੱਚ ਵੀ ਹਿੱਸਾ ਲਿਆ, ਜੋ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਕਲਾਕਾਰ ਬਣਾਉਂਦਾ ਹੈ।




 ਵਿਲੱਖਣ ਅੰਦਾਜ਼ ਗੁਰਦਾਸ ਮਾਨ ਦੇ

ਗੁਰਦਾਸ ਮਾਨ ਦੀ ਗਾਇਕੀ ਨੂੰ ਬੇਮਿਸਾਲ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੈ। ਉਨ੍ਹਾਂ ਨੇ ਪੰਜਾਬੀ ਗੀਤਾਂ ਨੂੰ ਇੱਕ ਨਵੀਂ ਗਹਿਰਾਈ ਦਿੱਤੀ ਹੈ, ਜਿੱਥੇ ਭਾਵਨਾਵਾਂ, ਸਭਿਆਚਾਰ ਅਤੇ ਜੀਵਨ ਦੇ ਸੱਚ ਨੂੰ ਬਿਨਾਂ ਕਿਸੇ ਆਰਥਿਕ ਲਾਹੇ ਦੇ ਪੇਸ਼ ਕੀਤਾ ਹੈ। ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬ ਦੇ ਖੇਤਾਂ ਦੀ ਹਰਿਆਲੀ, ਪਿੰਡਾਂ ਦੀ ਨਿਰਮਲਤਾ ਅਤੇ ਇਨਸਾਨੀ ਰਿਸ਼ਤਿਆਂ ਦੀ ਮਿਠਾਸ ਨਜ਼ਰੀਂ ਪੈਂਦੀ ਹੈ। ਉਨ੍ਹਾਂ ਨੇ ਪੰਜਾਬੀ ਪਿੰਡਾਂ ਦੇ ਜੀਵਨ ਨੂੰ ਆਪਣੇ ਗੀਤਾਂ ਵਿੱਚ ਕੁਝ ਇੰਝ ਬਿਆਨ ਕੀਤਾ ਹੈ, ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਨੇ ਪਿਆਰ ਦੀ ਨਿਰਮਲਤਾ ਨੂੰ ਅਧਿਆਤਮਕ ਪੱਧਰ ਉਤੇ ਵੀ ਪਹੁੰਚਾਇਆ, ਪਰ ਕਦੇ ਵੀ ਇਸ ਨੂੰ ਵਲਵਲੇ ਜਾਂ ਦੋ-ਅਰਥੀ ਨਹੀਂ ਬਣਨ ਦਿੱਤਾ।

ਉਨ੍ਹਾਂ ਦੀ ਗਾਇਕੀ ਦੀ ਮੁੱਖ ਖ਼ਾਸੀਅਤ ਇਹ ਹੈ ਕਿ ਉਹ ਹਮੇਸ਼ਾ ਸਮਾਜਿਕ ਅਤੇ ਨੈਤਿਕ ਕਦਰਾਂ–ਕੀਮਤਾਂ ਨੂੰ ਅੱਗੇ ਰੱਖਦੇ ਰਹੇ ਹਨ। ਹੋਰ ਗਾਇਕਾਂ ਵਾਂਗ ਉਨ੍ਹਾਂ ਨੇ ਕਦੇ ਵੀ ਅਸ਼ਲੀਲ ਜਾਂ ਹਨੇਰੇ ਪੱਖ ਨੂੰ ਉਜਾਗਰ ਨਹੀਂ ਕੀਤਾ। ਉਨ੍ਹਾਂ ਦੇ ਜ਼ਿਆਦਾਤਰ ਗੀਤ, ਸਰੋਤਿਆਂ ਨੂੰ ਗਹਿਰੇ ਵਿਚਾਰਾਂ ਵਿੱਚ ਡੋਬ ਕੇ ਰੱਖ ਦਿੰਦੇ ਹਨ।

ਉਨ੍ਹਾਂ ਨੇ ਫ਼ਿਲਮੀ ਗੀਤਾਂ ਵਿੱਚ ਵੀ ਆਪਣਾ ਅੰਦਾਜ਼ ਬਰਕਰਾਰ ਰੱਖਿਆ। ਉਨ੍ਹਾਂ ਨੇ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ ਵੀ ਸਾਂਝੇ ਕੀਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਪੰਜਾਬੀ ਨੂੰ ਲੈ ਕੇ ਕੰਮ ਕੀਤਾ, ਜਿਵੇਂ ਯੂਨੈਸਕੋ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰ ਨੂੰ ਪ੍ਰਚਾਰਿਤ ਕੀਤਾ।

ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੇ ਤਖਤ 'ਤੇ ਬਿਰਾਜਮਾਨ ਗੁਰਦਾਸ ਮਾਨ ਨੇ ਪੰਜਾਬੀ ਗਾਇਕੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬੀ ਗੀਤਾਂ ਨੂੰ ਪਿੰਡਾਂ ਦੀਆਂ ਸੱਥਾਂ 'ਚੋਂ ਲਿਆ ਕੇ ਕਾਲਜ ਤੇ ਯੂਨੀਵਰਸਿਟੀ ਦੀਆਂ ਸਟੇਜਾਂ ਦੀ ਸ਼ਾਨ ਬਣਾਇਆ। ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਪੰਜਾਬੀ ਨਾਲ ਜੋੜਿਆ।

ਉਨ੍ਹਾਂ ਦੇ ਗੀਤ ਸੁਣ ਕੇ ਇੰਝ ਜਾਪਦਾ ਹੈ ਕਿ ਜਿਵੇਂ ਜੇਠ–ਹਾੜ ਵਿੱਚ ਤਪਦੀ ਧਰਤੀ ਦੇ ਪਿੰਡੇ ਨੂੰ ਅਚਾਨਕ ਪਈਆਂ ਕਣੀਆਂ ਨੇ ਪੂਰੀ ਤਰ੍ਹਾਂ ਠਾਰ ਦਿੱਤਾ ਹੋਵੇ। ਗੁਰਦਾਸ ਮਾਨ ਇਕ ਇਤਿਹਾਸ ਸਿਰਜ ਰਹੇ ਹਨ। ਉਨ੍ਹਾਂ ਠੀਕ ਹੀ ਗਾਇਆ ਕਿ 'ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ...'। ਇਹ ਗੀਤ ਉਨ੍ਹਾਂ ਦੇ ਖ਼ੁਦ ਉਤੇ ਵੀ ਪੂਰੀ ਤਰ੍ਹਾਂ ਢੁਕਦਾ ਹੈ।

ਗੁਰਦਾਸ ਮਾਨ ਨੇ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਆਪਣੀ ਮਾਂ ਵਾਂਗ ਮਾਣਿਆ ਹੈ। ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬੀ ਸ਼ਬਦਾਵਲੀ ਦੀ ਅਮੀਰੀ ਨਜ਼ਰ ਆਉਂਦੀ ਹੈ, ਜੋ ਲੋਕਾਂ ਨੂੰ ਆਪਣੀ ਬੋਲੀ ਨਾਲ ਜੋੜਦੀ ਹੈ। ਉਨ੍ਹਾਂ ਨੇ ਕਈ ਵਾਰ ਕਿਹਾ ਹੈ ਕਿ ਪੰਜਾਬੀ ਉਨ੍ਹਾਂ ਦੀ ਰਗ਼ ਅਤੇ ਰੂਹ ਹੈ। ਇਸ ਨਾਲ ਜੁੜ ਕੇ, ਉਨ੍ਹਾਂ ਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਗੀਤ ਗਾਏ ਹਨ, ਪਰ ਹਮੇਸ਼ਾ ਪੰਜਾਬੀ ਨੂੰ ਪ੍ਰਮੁੱਖ ਰੱਖਿਆ। ਸਾਲ 2022 'ਚ ਆਇਆ ਉਨ੍ਹਾਂ ਦਾ ਗੀਤ "ਗੱਲ ਸੁਣੋ ਪੰਜਾਬੀ ਦੋਸਤੋ" ਇੱਕ ਵੱਡੀ ਮਿਸਾਲ ਹੈ। ਇਹ ਗੀਤ ਪੰਜਾਬੀ ਭਾਸ਼ਾ ਦੇ ਸਨਮਾਨ ਵਿੱਚ ਬਣਾਇਆ ਗਿਆ ਅਤੇ ਉਨ੍ਹਾਂ ਨੇ ਇਸ ਨਾਲ ਆਪਣੀ ਵਚਨਬੱਧਤਾ ਦਰਸਾਈ। ਇਹ ਗੀਤ ਉਨ੍ਹਾਂ ਦੇ ਦਿਲ ਦੀ ਹਾਲਤ ਨੂੰ ਬਿਆਨ ਕਰਦਾ ਹੈ ਕਿ ਉਹ ਸੱਚਮੁ ਪੰਜਾਬੀ ਨੂੰ ਆਪਣੀ ਜਾਨ ਵਾਂਗ ਪਿਆਰ ਕਰਦੇ ਹਨ। ਇਸ ਤਰ੍ਹਾਂ, ਉਨ੍ਹਾਂ ਦੀ ਗਾਇਕੀ ਨਾ ਸਿਰਫ਼ ਮਨੋਰੰਜਨ ਕਰਦੀ ਹੈ, ਸਗੋਂ ਸਮਾਜ ਨੂੰ ਨੈਤਿਕਤਾ ਅਤੇ ਗਿਆਨ ਦੀਆਂ ਡੂੰਘਾਂਣਾਂ ਤੱਕ ਵੀ ਲੈ ਜਾਂਦੀ ਹੈ।


ਲਾਏ ਜਾ ਰਹੇ ਬੇਬੁਨਿਆਦ ਇਲਜ਼ਾਮ

ਪਰ ਹਾਲ ਹੀ ਵਿੱਚ ਕੁਝ ਲੋਕਾਂ ਵੱਲੋਂ ਉਨ੍ਹਾਂ 'ਤੇ ਲਾਏ ਜਾ ਰਹੇ ਬੇਬੁਨਿਆਦ ਇਲਜ਼ਾਮਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਧੁੰਦਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਬਿਨਾ ਮਤਲਬ ਦੀਆਂ ਦੂਸ਼ਣਬਾਜ਼ੀਆਂ ਦਾ ਕੋਈ ਆਧਾਰ ਤਾਂ ਹੁੰਦਾ ਨਹੀਂ। ਗੁਰਦਾਸ ਮਾਨ 'ਤੇ ਕੁਝ ਅਜਿਹੇ ਲੋਕਾਂ ਵੱਲੋਂ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ, ਜੋ ਸਿਰਫ਼ ਆਪਣੇ ਸੌੜੇ ਹਿਤਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪਹਿਲਾ ਇਲਜ਼ਾਮ ਇਹ ਲਾਇਆ ਜਾ ਰਿਹਾ ਹੈ ਕਿ ਉਹ ਹਿੰਦੀ ਭਾਸ਼ਾ ਨੂੰ ਪੰਜਾਬੀ ਨਾਲੋਂ ਉੱਚਾ ਸਥਾਨ ਦਿੰਦੇ ਹਨ। ਇਹ ਵਿਵਾਦ 2019 ਤੋਂ ਚੱਲ ਰਿਹਾ ਹੈ, ਜਦੋਂ ਉਨ੍ਹਾਂ ਨੇ ਕੈਨੇਡਾ ਵਿੱਚ ਇੱਕ ਇੰਟਰਵਿਊ ਦੌਰਾਨ "ਵਨ ਨੇਸ਼ਨ, ਵਨ ਲੈਂਗੂਏਜ" ਨੂੰ ਸਮਰਥਨ ਦਿੱਤਾ ਸੀ। ਇਸ ਨੂੰ ਕੁਝ ਲੋਕਾਂ ਨੇ 'ਪੰਜਾਬੀ ਵਿਰੋਧੀ' ਮੰਨ ਲਿਆ, ਪਰ ਉਨ੍ਹਾਂ ਨੇ ਤੁਰੰਤ ਮਾਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦਾ ਮਤਲਬ ਭਾਸ਼ਾਵਾਂ ਦੇ ਸਹਿਯੋਗ ਤੋਂ ਸੀ, ਨਾ ਕਿ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਤੋਂ। ਇਸ ਵਿਵਾਦ ਨੇ ਉਨ੍ਹਾਂ ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ, ਜਿਵੇਂ ਸਾਲ 2020 ਵਿੱਚ ਉਨ੍ਹਾਂ ਨੂੰ ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਸੰਬੋਧਨ ਨਹੀਂ ਸੀ ਕਰਨ ਦਿੱਤਾ ਗਿਆ। ਪਰ 2022 ਵਿੱਚ ਉਨ੍ਹਾਂ ਨੇ "ਗੱਲ ਸੁਣੋ ਪੰਜਾਬੀ ਦੋਸਤੋ" ਗੀਤ ਨਾਲ ਜਵਾਬ ਦਿੱਤਾ, ਜੋ ਪੰਜਾਬੀ ਦੇ ਪਿਆਰ ਵਿੱਚ ਭਰਪੂਰ ਹੈ ਅਤੇ ਉਨ੍ਹਾਂ ਦੀ ਸੱਚੀ ਤੇ ਸੁੱਚੀ ਨੀਅਤ ਨੂੰ ਸਾਬਤ ਕਰਦਾ ਹੈ।

ਹੁਣ ਵੀ ਇਹ ਚਰਚਾ ਜਾਰੀ ਹੈ, ਜਿਵੇਂ ਕੈਨੇਡਾ ਟੂਰ ਵਿੱਚ ਵੈਨਕੂਵਰ ਵਾਲੇ ਵਿਵਾਦ ਵਿੱਚ, ਪਰ ਇਹ ਬਸ ਪੁਰਾਣੇ ਜ਼ਖ਼ਮ ਨੂੰ ਚੀਰਨ ਵਾਲ਼ੀਆਂ ਹੀ ਗੱਲਾਂ ਹਨ। ਗੁਰਦਾਸ ਮਾਨ ਨੇ ਹਮੇਸ਼ਾ ਕਿਹਾ ਹੈ ਕਿ ਹਿੰਦੀ ਨੂੰ ਉਹ "ਮਾਸੀ" ਵਾਂਗ ਵੇਖਦੇ ਹਨ, ਪਰ ਪੰਜਾਬੀ ਉਨ੍ਹਾਂ ਦੀ ਮਾਂ ਹੈ। ਬੇਸ਼ੱਕ ਇਹ ਇੱਕ ਪਿਆਰ ਭਰਿਆ ਤਰੀਕਾ ਹੈ, ਨਾ ਕਿ ਅਪਮਾਨ। ਇਹ ਇਲਜ਼ਾਮ ਉਨ੍ਹਾਂ ਨੂੰ ਘੇਰਨ ਲਈ ਲਾਇਆ ਜਾ ਰਿਹਾ ਹੈ, ਪਰ ਉਨ੍ਹਾਂ ਦੇ ਗੀਤ ਉਨ੍ਹਾਂ ਦੀ ਸੱਚਾਈ ਬਿਆਨ ਕਰਦੇ ਹਨ।

ਦੂਜਾ ਇਲਜ਼ਾਮ ਡੇਰੇ ਵਿੱਚ ਜਾਣ ਨਾਲ ਜੁੜਿਆ ਹੈ, ਜੋ 2021 ਵਿੱਚ ਸ਼ੁਰੂ ਹੋਇਆ। ਨਕੋਦਰ ਦੇ ਇੱਕ ਡੇਰੇ ਵਿੱਚ ਉਰਸ ਦੌਰਾਨ ਉਨ੍ਹਾਂ ਨੇ ਇੱਕ ਬਾਬੇ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਕਹਿ ਕੇ ਸੰਬੋਧਿਤ ਕੀਤਾ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ। ਤਦ ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਹੋਈ ਅਤੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਗਿਆ। ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2024 ਵਿੱਚ ਇਸ ਕੇਸ ਨੂੰ ਰੱਦ ਕਰ ਦਿੱਤਾ, ਅਤੇ ਉਨ੍ਹਾਂ ਨੇ ਵੀਡੀਓ ਰਾਹੀਂ ਮਾਫ਼ੀ ਵੀ ਮੰਗੀ।

ਤਦ ਉਨ੍ਹਾਂ ਆਖਿਆ ਸੀ ਕਿ ਇਹ ਇੱਕ ਗ਼ਲਤੀ ਸੀ, ਨਾ ਕਿ ਉਨ੍ਹਾਂ ਅਜਿਹਾ ਗਿਣ–ਮਿੱਥ ਕੇ ਆਖਿਆ ਸੀ। ਗੁਰਦਾਸ ਮਾਨ ਨੇ ਹਮੇਸ਼ਾ ਸਿੱਖੀ ਵਿੱਚ ਅਟੁੱਟ ਵਿਸ਼ਵਾਸ ਰੱਖਿਆ ਹੈ ਅਤੇ ਗੁਰੂ ਮਹਾਰਾਜ ਨੂੰ ਆਪਣਾ ਗੁਰੂ ਮੰਨਿਆ ਹੈ। ਇਹ ਇਲਜ਼ਾਮ ਬਿਨਾਂ ਵਜ੍ਹਾ ਲਾਏ ਜਾ ਰਹੇ ਹਨ, ਜੋ ਉਨ੍ਹਾਂ ਨੂੰ ਧਰਮ ਨਾਲ ਜੋੜ ਕੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਧਰਮ ਤੇ ਵਿਸ਼ਵਾਸ ਕੁਝ ਨਿਜੀ ਹੱਦਾਂ–ਬੰਨਿਆਂ ਵਾਲ਼ੀ ਗੱਲ ਹੈ। ਗਾਇਕ ਤਾਂ ਹੋਰ ਵੀ ਬਹੁਤ ਸਾਰੇ ਡੇਰਿਆਂ 'ਚ ਜਾਂਦੇ ਹਨ – ਉਨ੍ਹਾਂ ਨੂੰ ਤਾਂ ਅਜਿਹੇ ਵਿਹਲੜ ਅਨਸਰਾਂ ਨੇ ਕਦੇ ਆਪਣੇ ਨਿਸ਼ਾਨੇ 'ਤੇ ਨਹੀਂ ਲਿਆ।

ਮੁੱਕਦੀ ਗੱਲ ਇਹ ਕਿ ਗੁਰਦਾਸ ਮਾਨ ਨੂੰ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਗਾਇਕੀ ਦੇ ਮਿਆਰ ਨਾਲ ਪਰਖਿਆ ਜਾਣਾ ਚਾਹੀਦਾ ਹੈ, ਨਾ ਕਿ ਬੇਬੁਨਿਆਦ ਇਲਜ਼ਾਮਾਂ ਨਾਲ। ਉਨ੍ਹਾਂ ਦੇ ਗੀਤ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਪੰਜਾਬੀ ਸਭਿਆਚਾਰ ਨੂੰ ਵਿਸ਼ਵ ਤੱਕ ਪਹੁੰਚਾਉਣ ਦੇ ਸਮਰੱਥ ਹਨ। ਵਿਵਾਦ ਆਉਂਦੇ ਰਹਿਣਗੇ, ਪਰ ਉਨ੍ਹਾਂ ਦਾ ਯੋਗਦਾਨ ਅਮਰ ਹੈ।




ਗੁਰਦਾਸ ਮਾਨ 'ਤੇ ਕਦੇ ਨਹੀਂ ਪੈਣਾ ਕਿਸੇ ਦੋਸ਼ ਦਾ ਕੋਈ ਅਸਰ

ਗੁਰਦਾਸ ਮਾਨ ਜਿਹੇ ਕਲਾਕਾਰ ਉਤੇ ਭਾਵੇਂ ਕੋਈ ਕਿੰਨੇ ਵੀ ਦੋਸ਼ ਕਿਉਂ ਨਾ ਲਾਈ ਜਾਵੇ – ਉਨ੍ਹਾਂ ਉਤੇ ਬਿਲਕੁਲ ਕੋਈ ਅਸਰ ਨਹੀਂ ਪੈ ਸਕਦਾ। ਦਰਅਸਲ, ਜਿਹੜੇ ਸਿਖ਼ਰ ਉਤੇ ਉਹ ਜਾ ਬੈਠੇ ਹਨ, ਉਥੇ ਤੱਕ ਕੋਈ ਦੂਸ਼ਣਬਾਜ਼ ਕਦੇ ਪੁੱਜ ਹੀ ਨਹੀਂ ਸਕਦਾ। ਚੰਨ ਉਤੇ ਥੁੱਕਿਆ ਹੋਇਆ ਵਾਪਸ ਉਸ ਦੇ ਆਪਣੇ ਮੂੰਹ ਉਤੇ ਹੀ ਆ ਪੈਣਾ ਹੈ।

ਬਾਲੀਵੁੱਡ ਦੇ ਮਰਹੂਮ ਹੀ–ਮੈਨ ਧਰਮਿੰਦਰ ਉਤੇ ਵੀ ਕਿਸੇ ਵੇਲੇ ਕਿੰਨੇ ਵੇਲੇ ਕਈ ਕਿਸਮ ਦੇ ਇਲਜ਼ਾਮ ਲਗਦੇ ਰਹੇ (ਜਦੋਂ ਹੇਮਾ ਮਾਲਿਨੀ ਨਾਲ਼ ਦੂਜਾ ਵਿਆਹ ਰਚਾਉਣ ਲਈ ਉਹ ਕਥਿਤ ਤੌਰ ਉਤੇ ਪਵਿੱਤਰ ਕੁਰਆਨ ਸ਼ਰੀਫ਼ ਦਾ ਕਲਮਾ ਪੜ੍ਹ ਕੇ ਮੁਸਲਿਮ ਬਣੇ ਸਨ) ਪਰ ਉਨ੍ਹਾਂ ਦੀ ਸ਼ਖ਼ਸੀਅਤ ਦੇ ਪ੍ਰਭਾਵ ਤੇ ਰੁਤਬੇ ਉਤੇ ਉਕਾ ਅਸਰ ਨਹੀਂ ਪਿਆ।

ਅੰਮ੍ਰਿਤਾ ਪ੍ਰੀਤਮ ਉਤੇ ਸਿਗਰੇਟਾਂ ਪੀਣ, ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨੇੜੇ ਹੋਣ ਅਤੇ 1984 ਦੇ 'ਬਲੂ–ਸਟਾਰ ਆਪਰੇਸ਼ਨ' ਉਤੇ ਕੋਈ ਪ੍ਰਤੀਕਰਮ ਨਾ ਪ੍ਰਗਟਾਉਣ ਜਿਹੇ ਕਈ ਕਿਸਮ ਦੇ ਸੰਗੀਨ ਦੋਸ਼ ਲੱਗਦੇ ਰਹੇ ਪਰ ਜੋ ਮੁਕਾਮ ਉਨ੍ਹਾਂ ਪੰਜਾਬੀ ਸਾਹਿਤ ਵਿੱਚ ਹਾਸਲ ਕਰ ਲਿਆ ਸੀ – ਉਸ ਨੂੰ ਕਦੇ ਵੀ ਕੋਈ ਨਹੀਂ ਹਿਲਾ ਸਕਦਾ। ਹਾਂ, ਕੁਝ ਘੱਟ ਜਾਣੇ–ਪਛਾਣੇ ਲੋਕ ਅਜਿਹੀਆਂ ਸ਼ਖ਼ਸੀਅਤਾਂ ਉਤੇ ਦੋਸ਼ ਲਾ ਕੇ ਆਪ ਜ਼ਰੂਰ ਚਰਚਿਤ ਹੁੰਦੇ ਰਹੇ ਹਨ। ਇੰਝ ਹੀ ਉਘੇ ਜਰਨਲਿਸਟ ਖ਼ੁਸ਼ਵੰਤ ਸਿੰਘ ਉਤੇ ਵੀ ਇੰਝ ਹੀ ਇਲਜ਼ਾਮ ਲੱਗੇ ਪਰ ਉਨ੍ਹਾਂ ਨੂੰ ਕਦੇ ਕੋਈ ਫ਼ਰਕ ਨਹੀਂ ਪਿਆ।


ਨੇੜ ਭਵਿੱਖ 'ਚ ਗੁਰਦਾਸ ਮਾਨ ਦੇ ਦੇਸ਼–ਵਿਦੇਸ਼ 'ਚ ਹੋਣ ਵਾਲ਼ੇ ਸ਼ੋਅ

ਪਿਛਲੇ ਵਰ੍ਹੇ 11 ਜੁਲਾਈ ਨੂੰ ਇੰਗਲੈਂਡ ਦੇ ਸ਼ਹਿਰ ਬਰਮਿੰਘਮ 'ਚ ਗੁਰਦਾਸ ਮਾਨ ਦਾ ਸ਼ੋਅ ਬੜਾ ਸਫ਼ਲ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ੋਅ ਬ੍ਰੈਡਫ਼ੋਰਡ ਤੇ ਗਲਾਸਗੋ 'ਚ ਵੀ ਹੋਏ ਸਨ।

ਫਿਰ ਪਿਛਲੇ ਵਰ੍ਹੇ ਹੀ 9 ਅਗਸਤ ਨੂੰ ਉਨ੍ਹਾਂ ਦਾ ਸ਼ੋਅ ਨਿਊਜ਼ੀਲੈਂਡ ਦੇ ਆਕਲੈਂਡ 'ਚ ਬੜਾ ਜ਼ਬਰਦਸਤ ਰਿਹਾ ਸੀ। ਉਸ ਤੋਂ ਅਗਲੇ ਦਿਨ 10 ਅਗਸਤ ਨੂੰ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ, 16 ਅਗਸਤ ਨੂੰ ਸਿਡਨੀ, 17 ਅਗਸਤ ਨੂੰ ਮੈਲਬੌਰਨ, 23 ਅਗਸਤ ਨੂੰ ਐਡੀਲੇਡ ਤੇ 24 ਅਗਸਤ ਨੂੰ ਪਰਥ 'ਚ ਸ਼ੋਅ ਪੂਰੀ ਤਰ੍ਹਾਂ ਹਾਊਸ–ਫੁੱਲ ਰਹੇ ਸਨ।

ਗੁਰਦਾਸ ਮਾਨ ਦਾ ਕੈਨੇਡਾ ਟੂਰ

ਆਉ਼ਦੀ 28 ਮਾਰਚ ਸਨਿੱਚਰਵਾਰ ਨੂੰ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰੰਟੋ 'ਚ ਮਹਾਨ ਗਾਇਕ ਗੁਰਦਾਸ ਮਾਨ ਦਾ ਸ਼ੋਅ ਹੋਣ ਜਾ ਰਿਹਾ ਹੈ।

ਦੋ ਅਪ੍ਰੈਲ, ਵੀਰਵਾਰ ਨੂੰ ਅਲਬਰਟਾ ਦੇ ਸ਼ਹਿਰ ਐਡਮਿੰਟਨ 'ਚ,

4 ਅਪ੍ਰੈਲ ਸਨਿੱਚਰਵਾਰ ਨੂੰ ਕੈਲਗਰੀ

ਅਤੇ

ਸਨਿੱਚਰਵਾਰ, 11 ਅਪ੍ਰੈਲ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ 'ਚ ਉਨ੍ਹਾਂ ਦੇ ਸ਼ੋਅ ਹੋਣ ਜਾ ਰਹੇ ਹਨ।


ਕਿਹੜੇ ਦੋਸ਼ ਤੇ ਕੀਹਦੀਆਂ ਗੱਲਾਂ !




Tags:    

Similar News