ਮਿਸੀਸਾਗਾ ਵਿਖੇ ਬੱਸ ਵਿਚੋਂ ਉਤਰੀ ਮੁਟਿਆਰ ’ਤੇ ਹਮਲਾ
ਮਿਸੀਸਾਗਾ ਵਿਖੇ ਬੱਸ ਵਿਚੋਂ ਉਤਰੀ ਮੁਟਿਆਰ ਨੂੰ ਛੁਰੇ ਮਾਰ ਕੇ ਗੰਭੀਰ ਜ਼ਖਮੀ ਕਰ ਦਿਤਾ ਗਿਆ ਅਤੇ ਪੀਲ ਰੀਜਨਲ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਹੈ।
ਮਿਸੀਸਾਗਾ : ਮਿਸੀਸਾਗਾ ਵਿਖੇ ਬੱਸ ਵਿਚੋਂ ਉਤਰੀ ਮੁਟਿਆਰ ਨੂੰ ਛੁਰੇ ਮਾਰ ਕੇ ਗੰਭੀਰ ਜ਼ਖਮੀ ਕਰ ਦਿਤਾ ਗਿਆ ਅਤੇ ਪੀਲ ਰੀਜਨਲ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ ਛੁਰੇਬਾਜ਼ੀ ਦੀ ਵਾਰਦਾਤ ਸ਼ਨਿੱਚਰਵਾਰ ਸ਼ਾਮ ਤਕਰੀਬਨ 6.30 ਵਜੇ ਐਗÇਲੰਟਨ ਐਵੇਨਿਊ ਵੈਸਟ ਅਤੇ ਹਿਉਰਉਨਟਾਰੀਓ ਸਟ੍ਰੀਟ ਇਲਾਕੇ ਵਿਚ ਵਾਪਰੀ। ਮੌਕੇ ’ਤੇ ਪੁੱਜੇ ਐਮਰਜੰਸੀ ਕਾਮਿਆਂ ਨੂੰ 20-25 ਸਾਲ ਦੀ ਮੁਟਿਆਰ ਲਹੂ-ਲੁਹਾਣ ਹਾਲਤ ਵਿਚ ਮਿਲੀ ਜਿਸ ਨੂੰ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਮੁਟਿਆਰ ਬੱਸ ਵਿਚੋਂ ਉਤਰੀ ਤਾਂ ਸ਼ੱਕੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਅਤੇ ਕੁਝ ਕਦਮ ਅੱਗੇ ਜਾਣ ਮਗਰੋਂ ਬਗੈਰ ਕਿਸੇ ਭੜਕਾਹਟ ਤੋਂ ਛੁਰੇ ਨਾਲ ਵਾਰ ਕਰ ਦਿਤੇ।
ਛੁਰੇਬਾਜ਼ੀ ਕਰਨ ਵਾਲੇ ਸ਼ੱਕੀ ਦੀ ਭਾਲ ਕਰ ਰਹੀ ਹੈ ਪੁਲਿਸ
ਫਿਲਹਾਲ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਅਤੇ ਮੁਟਿਆਰ ਇਕ-ਦੂਜੇ ਨੂੰ ਨਹੀਂ ਜਾਣਦੇ। ਪੁਲਿਸ ਵੱਲੋਂ ਜਾਰੀ ਤਸਵੀਰਾਂ ਮੁਤਾਬਕ ਸ਼ੱਕੀ ਸਾਊਥ ਏਸ਼ੀਅਨ ਮੂਲ ਦਾ ਮਹਿਸੂਸ ਹੋ ਰਿਹਾ ਹੈ ਜਿਸ ਦਾ ਕੱਦ 5 ਫੁੱਟ 9 ਇੰਚ ਅਤੇ ਸਰੀਰ ਪਤਲਾ ਦੱਸਿਆ ਗਿਆ ਹੈ। ਸ਼ੱਕੀ ਦਾ ਰੰਗ ਸਾਂਵਲਾ ਅਤੇ ਛੋਟੇ ਕਾਲੇ ਵਾਲ ਹਨ ਜਦਕਿ ਚਿਹਰੇ ’ਤੇ ਦਾੜ੍ਹੀ ਵੀ ਨਜ਼ਰ ਆਉਂਦੀ ਹੈ। ਵਾਰਦਾਤ ਵੇਲੇ ਉਸ ਨੇ ਕਾਲੀ ਪੈਂਟ, ਬਲੈਕ ਨੌਰਥ ਫੇਸ ਕੋਟ ਅਤੇ ਬਲੈਕ ਸ਼ੂਜ਼ ਪਾਏ ਹੋਏ ਸਨ ਜਦਕਿ ਕਾਲੇ ਰੰਗ ਦਾ ਬੈਕਪੈਕ ਉਸ ਕੋਲ ਦੇਖਿਆ ਗਿਆ। ਇਸ ਤੋਂ ਇਲਾਵਾ ਉਸ ਕੋਲ ਚਿੱਟੇ ਰੰਗ ਦੇ ਤਾਰਾਂ ਵਾਲੇ ਹੈਡਫੋਨ ਵੀ ਸਨ ਅਤੇ ਖੱਬੇ ਹੱਥ ਵਿਚ ਮੁੰਦੀ ਪਾਈ ਹੋਈ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਸ਼ੱਕੀ ਨਜ਼ਰ ਆਵੇ ਤਾਂ ਤੁਰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮੰਗੀ ਮਦਦ
ਉਧਰ ਹਸਪਤਾਲ ਵਿਚ ਦਾਖਲ ਮੁਟਿਆਰ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਜੋ ਮੌਤ ਦੇ ਮੂੰਹ ਤੱਕ ਪੁੱਜ ਚੁੱਕੀ ਸੀ। ਦੂਜੇ ਪਾਸੇ ਬਰੈਂਪਟਨ ਵਿਖੇ ਕਾਰਜੈਕਿੰਗ ਦੌਰਾਨ ਇਕ ਜਣਾ ਜ਼ਖਮੀ ਹੋ ਗਿਆ। ਐਮਰਜੰਸੀ ਕਾਮਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਸਲ ਓਕਸ ਕਰੌਸਿੰਗ ਅਤੇ ਹਾਈਵੇਅ 50 ਨੇੜੇ ਇਕ ਘਰ ਵਿਚ ਸੱਦਿਆ ਗਿਆ। ਪੈਰਾਮੈਡਿਕਸ ਵੱਲੋਂ ਜ਼ਖਮੀ ਨੂੰ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਬਾਰੇ ਵਿਸਤਾਰਤ ਵੇਰਵੇ ਜਾਰੀ ਨਹੀਂ ਕੀਤੇ ਗਏ। ਉਧਰ ਪੁਲਿਸ ਵੱਲੋਂ ਫਿਲਹਾਲ ਸ਼ੱਕੀ ਦਾ ਹੁਲੀਆ ਜਾਰੀ ਨਹੀਂ ਕੀਤਾ ਗਿਆ।