ਬਰੈਂਪਟਨ ਵਿਖੇ ਔਰਤ ਦਾ ਛੁਰੇ ਮਾਰ ਕੇ ਕਤਲ

ਬਰੈਂਪਟਨ ਵਿਖੇ ਇਕ ਔਰਤ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।;

Update: 2025-03-12 12:20 GMT

ਬਰੈਂਪਟਨ : ਬਰੈਂਪਟਨ ਵਿਖੇ ਇਕ ਔਰਤ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਕੈਨੇਡੀ ਰੋਡ ਅਤੇ ਚੈਮਨੀ ਕੋਰਟ ਇਲਾਕੇ ਦੀ ਬਹੁਮੰਜ਼ਿਲਾ ਇਮਾਰਤ ਵਿਚ ਵਾਰਦਾਤ ਦੀ ਇਤਲਾਹ ਮਿਲੀ। ਮੌਕੇ ’ਤੇ ਪੁੱਜੇ ਅਫਸਰਾਂ ਨੂੰ 40-45 ਸਾਲ ਦੀ ਇਕ ਔਰਤ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਹ ਦਮ ਤੋੜ ਗਈ। 30-35 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿਚ ਲੈਂਦਿਆਂ ਪੀਲ ਰੀਜਨਲ ਪੁਲਿਸ ਦੇ ਹੌਮੀਸਾਈਡ ਯੂਨਿਟ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਹੈ।

ਪੀਲ ਰੀਜਨਲ ਪੁਲਿਸ ਨੇ ਕਾਬੂ ਕੀਤਾ ਸ਼ੱਕੀ

ਪੁਲਿਸ ਮੁਤਾਬਕ ਔਰਤ ਅਤੇ ਮਰਦ ਇਕ-ਦੂਜੇ ਨੂੰ ਜਾਣਦੇ ਸਨ ਪਰ ਦੋਹਾਂ ਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੁਲਿਸ ਨੂੰ ਵਾਰਦਾਤ ਬਾਰੇ ਇਤਲਾਹ ਦੇਣ ਵਾਲਾ ਇਕ ਬੱਚਾ ਸੀ ਜੋ ਵਾਰਦਾਤ ਦੌਰਾਨ ਅਪਾਰਟਮੈਂਟ ਅੰਦਰ ਮੌਜੂਦ ਸੀ। ਇਸੇ ਦੌਰਾਨ ਉਨਟਾਰੀਓ ਦੇ ਸਡਬਰੀ ਇਲਾਕੇ ਵਿਚ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 61 ਸ਼ੱਕੀਆ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਕੋਲੋਂ 76,800 ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਸਡਬਰੀ ਪੁਲਿਸ ਨੇ ਦੱਸਿਆ ਕਿ 24 ਮਾਰਚ ਤੋਂ 7 ਮਾਰਚ ਦਰਮਿਆਨ ਲਗਾਤਾਰ ਕਈ ਟਿਕਾਣਿਆਂ ’ਤੇ ਛਾਪੇ ਮਾਰਦਿਆਂ 57 ਗ੍ਰਿਫ਼ਤਾਰੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ 60 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਦਕਿ ਕੋਕੀਨ, ਫੈਂਟਾਨਿਲ ਤੇ ਮੈਥਮਫੈਟਾਮਿਨ ਵਰਗੇ ਨਸ਼ੇ ਬਰਾਮਦ ਕੀਤੇ ਗਏ।

ਸਡਬਰੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ 61 ਕਾਬੂ

ਗਰੇਟਰ ਸਡਬਰੀ ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੱਕੀਆਂ ਕੋਲੋਂ 9 ਹਜ਼ਾਰ ਡਾਲਰ ਤੋਂ ਵੱਧ ਕੈਸ਼ ਬਰਾਮਦ ਹੋਇਆ। ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਿੰਸਕ ਅਪਰਾਧੀਆਂ ਸਣੇ ਹੋਰਨਾਂ ਵੱਧ ਖਤਰੇ ਵਾਲੇ ਸ਼ੱਕੀਆਂ ਵੱਲ ਵਧੇਰੇ ਧਿਆਨ ਕੇਂਦਰਤ ਕੀਤਾ ਜਾਂਦਾ ਹੈ।

Tags:    

Similar News