ਕੈਨੇਡਾ ਵਿਚ ਜੰਗਲਾਂ ਦੀ ਅੱਗ ਨੇ ਢਾਹਿਆ ਕਹਿਰ

ਬੀ.ਸੀ. ਤੋਂ ਬਾਅਦ ਐਲਬਰਟਾ ਦੇ ਜੰਗਲਾਂ ਵਿਚ ਵੀ ਅੱਗ ਕਹਿਰ ਢਾਹ ਰਹੀ ਹੈ ਅਤੇ 25 ਹਜ਼ਾਰ ਲੋਕਾਂ ਨੂੰ ਰਾਤੋ ਰਾਤ ਜੈਸਪਰ ਕਸਬਾ ਅਤੇ ਨੈਸ਼ਨਲ ਪਾਰਕ ਖਾਲੀ ਕਰਨ ਦੇ ਹੁਕਮ ਦੇ ਦਿਤੇ ਗਏ।;

Update: 2024-07-24 11:51 GMT

ਐਡਮਿੰਟਨ : ਬੀ.ਸੀ. ਤੋਂ ਬਾਅਦ ਐਲਬਰਟਾ ਦੇ ਜੰਗਲਾਂ ਵਿਚ ਵੀ ਅੱਗ ਕਹਿਰ ਢਾਹ ਰਹੀ ਹੈ ਅਤੇ 25 ਹਜ਼ਾਰ ਲੋਕਾਂ ਨੂੰ ਰਾਤੋ ਰਾਤ ਜੈਸਪਰ ਕਸਬਾ ਅਤੇ ਨੈਸ਼ਨਲ ਪਾਰਕ ਖਾਲੀ ਕਰਨ ਦੇ ਹੁਕਮ ਦੇ ਦਿਤੇ ਗਏ। ਸਮਾਂ ਬਹੁਤ ਘੱਟ ਹੋਣ ਕਾਰਨ ਲੋਕਾਂ ਨੂੰ ਪਹਾੜੀ ਰਸਤਿਆਂ ਤੋਂ ਲੰਘਦਿਆਂ ਬੀ.ਸੀ. ਵਿਚ ਦਾਖਲ ਹੋਣ ਪਿਆ। ਦੂਜੇ ਪਾਸੇ ਬੀ.ਸੀ. ਵਿਚ ਜੰਗਲਾਂ ਦੀ ਅੱਗ ਘੱਟੋ ਘੱਟ 20 ਇਮਾਰਤਾਂ ਦਾ ਨੁਕਸਾਨ ਕਰ ਚੁੱਕੀ ਹੈ ਅਤੇ ਸ਼ੈਟਲੈਂਡ ਕ੍ਰੀਕ ਵਾਈਲਡ ਫਾਇਰ ਦਾ ਘੇਰਾ ਵਧ ਕੇ 20 ਹਜ਼ਾਰ ਹੈਕਟੇਅਰ ਹੋ ਗਿਆ ਹੈ। ਐਸ਼ਕ੍ਰੌਫਟ ਦੀ ਮੇਅਰ ਬਾਰਬਰਾ ਰੌਡਨ ਨੇ ਦੱਸਿਆ ਕਿ ਫਿਨੀ ਕ੍ਰੀਕ ਵਿਖੇ ਸ਼ੁਰੂ ਹੋਈ ਨਵੀਂ ਅੱਗ ਚਿੰਤਾਵਾਂ ਦਾ ਕਾਰਨ ਬਣ ਰਹੀ ਹੈ।

ਐਲਬਰਟਾ ਦਾ ਜੈਸਪਰ ਕਸਬਾ ਅਤੇ ਨੈਸ਼ਨਲ ਪਾਰਕ ਖਾਲੀ ਕਰਵਾਇਆ

ਭਾਵੇਂ ਫਿਲਹਾਲ ਇਹ ਸ਼ੈਟਲੈਂਡ ਕ੍ਰੀਕ ਵਾਈਲਡ ਫਾਇਰ ਤੋਂ ਦੂਰ ਹੈ ਪਰ ਦੋਹਾਂ ਦੇ ਆਪਸ ਵਿਚ ਮਿਲਣ ਮਗਰੋਂ ਹਾਲਾਤ ਹੋਰ ਵੀ ਭਿਆਨਕ ਬਣ ਸਕਦੇ ਹਨ। ਹੁਣ ਸਾਰੀਆਂ ਉਮੀਦਾਂ ਮੌਸਮ ’ਤੇ ਟਿਕੀਆਂ ਹੋਈਆਂ ਹਨ ਅਤੇ ਬੁੱਧਵਾਰ ਨੂੰ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਐਲਬਰਟਾ ਦੇ ਜੈਸਪਰ ਕਸਬੇ ਨੇੜੇ ਲੱਗੀ ਅੱਗ ਦਾ ਘੇਰਾ 6,750 ਹੈਕਟੇਅਰ ਦੱਸਿਆ ਜਾ ਰਿਹਾ ਹੈ। ਹਾਲਾਤ ਨੂੰ ਵੇਖਦਿਆਂ ਪਾਰਕਸ ਕੈਨੇਡਾ ਵੱਲੋਂ 6 ਅਗਸਤ ਤੱਕ ਸਾਰੀਆਂ ਕੈਂਪਿੰਗ ਰਿਜ਼ਰਵੇਸ਼ਨਜ਼ ਰੱਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਲੋਕਾਂ ਨਾਲ ਪੂਰੇ ਰਿਫੰਡ ਦਾ ਵਾਅਦਾ ਕੀਤਾ ਗਿਆ ਹੈ। ਪਾਰਕਸ ਕੈਨੇਡਾ ਦੀ ਆਨਲਾਈਨ ਲਿਸਟ ਮੁਤਾਬਕ ਗਰਮੀ ਦੇ ਮੌਸਮ ਦੌਰਾਨ ਲੋਕ 2,196 ਕੈਂਪ ਸਾਈਟਸ ’ਤੇ ਰਹਿ ਸਕਦੇ ਹਨ। ਐਲਬਰਟਾ ਦੇ ਪਬਲਿਕ ਸੇਫਟੀ ਅਤੇ ਐਮਰਜੰਸੀ ਮਾਮਲਿਆਂ ਬਾਰੇ ਮੰਤਰੀ ਮਾਈਕ ਐਲਿਸ ਨੇ ਦੱਸਿਆ ਕਿ ਇਕ ਅੱਗ ਜੈਸਪਰ ਤੋਂ 12 ਕਿਲੋਮੀਟਰ ਦੱਖਣ ਵੱਲ ਹੈ ਅਤੇ ਤੇਜ਼ ਹਵਾਵਾਂ ਇਸ ਨੂੰ ਭਾਂਬੜ ਦਾ ਰੂਪ ਅਖਤਿਆਰ ਕਰਨ ਵਿਚ ਮਦਦ ਕਰਰਹੀਆਂ ਹਨ।

ਬੀ.ਸੀ. ਵਿਚ ਕਈ ਇਮਾਰਤਾਂ ਨੂੰ ਪੁੱਜਾ ਨੁਕਸਾਨ

ਮੰਨਿਆ ਜਾ ਰਿਹਾ ਹੈ ਕਿ ਅੱਗ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਚਾਰ ਦਿਨ ਵਿਚ ਜੈਸਪਰ ਤੱਕ ਪੁੱਜ ਸਕਦੀ ਹੈ। ਇਸੇ ਮੌਕੇ ਜੈਸਪਰ ਦੇ ਵਸਨੀਕ ਮਾਰਕ ਲੀਬਲੈਂਕ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਵਾਰ ਨਾਲ ਰਾਤੋ ਰਾਤ ਕਸਬਾ ਛੱਡਣਾ ਪਿਆ ਜਿਥੇ ਉਹ ਸ਼ਰਾਬ ਦੇ ਦੋ ਸਟੋਰ ਚਲਾਉਂਦਾ ਹੈ। ਲੀਬਲੈਂਕ ਮੁਤਾਬਕ ਅੱਗ ਦੇ ਤੇਜ਼ੀ ਨਾਲ ਫੈਲਣ ਦੀ ਖਬਰ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਰਹੀ ਹੈ। ਲੀਬਲੈਂਕ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਜਿਸ ਦੇ ਪਰਵਾਰ ਨੂੰ ਬੀ.ਸੀ. ਦੇ ਵੇਲਮਾਊਂਟ ਇਲਾਕੇ ਵਿਚ ਪਨਾਹ ਮਿਲ ਗਈ। ਦੂਜੇ ਪਾਸੇ ਐਲਬਰਟਾ ਵਾਈਲਡ ਫਾਇਰ ਦੀ ਕ੍ਰਿਸਟੀ ਟਕਰ ਦਾ ਕਹਿਣਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਖੁਸ਼ਕ ਮੌਸਮ ਨੇ ਹਾਲਾਤ ਖਤਰਨਾਕ ਬਣਾ ਦਿਤੇ। ਪਾਰਕਸ ਕੈਨੇਡਾ ਦੀ ਫਾਇਰ ਮੈਨੇਜਮੈਂਟ ਅਫਸਰ ਕੈਟੀ ਐਲਜ਼ਵਰਥ ਨੇ ਦੱਸਿਆ ਕਿ ਖਾਸ ਟਿਕਾਣਿਆਂ ਨੂੰ ਅੱਗ ਤੋਂ ਬਚਾਉਣ ਲਈ ਪਾਣੀ ਦੇ ਛਿੜਕਾਅ ਦਾ ਪ੍ਰਬੰਧ ਕੀਤਾ ਗਿਆ ਹੈ। ਹੈਲੀਕਾਟਪਰਾਂ ਰਾਹੀਂ ਅੱਗ ਦੇ ਭਾਂਬੜ ਦਾ ਰੁਖ ਇਕ ਪਾਸੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਇਲਾਕੇ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਨਿਕਲਣ ਦਾ ਮੌਕਾ ਮਿਲ ਸਕੇ। ਦੱਸ ਦੇਈਏ ਕਿ ਜੈਸਪਰ ਕਸਬੇ ਵਿਚ ਐਮਰਜੰਸੀ ਦਾ ਐਲਾਨ ਕਰਦਿਆਂ ਹੀ ਲੋਕਾਂ ਨੂੰ ਘਰ ਬਾਰ ਛੱਡਣ ਦੇ ਹੁਕਮ ਦੇ ਦਿਤੇ ਗਏ ਸਨ।

Tags:    

Similar News