ਉਨਟਾਰੀਓ ਦੇ ਹੈਲਥ ਕੇਅਰ ਸੈਕਟਰ ਵਿਚ ਵੱਡਾ ਸੰਕਟ ਪੈਦਾ ਹੋਣ ਦੀ ਚਿਤਾਵਨੀ

ਉਨਟਾਰੀਓ ਦੇ ਹੈਲਥ ਕੇਅਰ ਸੈਕਟਰ ਵਿਚ ਵੱਡਾ ਸੰਕਟ ਪੈਦਾ ਹੋਣ ਦੀ ਚਿਤਾਵਨੀ ਦਿੰਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਹਸਪਤਾਲਾਂ ਵਿਚ ਕੰਮ ਦੇ ਹਾਲਾਤ ਬਦਤਰ ਹੋ ਚੁੱਕੇ ਹਨ ਕਿਉਂਕਿ ਕੈਨੇਡਾ ਦੇ ਬਾਕੀ ਰਾਜਾਂ ਦੇ ਮੁਕਾਬਲੇ ਸੂਬੇ ਵਿਚ ਸਿਹਤ ਕਾਮਿਆਂ ਦੀ ਗਿਣਤੀ 18 ਫੀ ਸਦੀ ਤੱਕ ਘੱਟ ਹੈ।

Update: 2024-08-13 11:16 GMT

ਟੋਰਾਂਟੋ : ਉਨਟਾਰੀਓ ਦੇ ਹੈਲਥ ਕੇਅਰ ਸੈਕਟਰ ਵਿਚ ਵੱਡਾ ਸੰਕਟ ਪੈਦਾ ਹੋਣ ਦੀ ਚਿਤਾਵਨੀ ਦਿੰਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਹਸਪਤਾਲਾਂ ਵਿਚ ਕੰਮ ਦੇ ਹਾਲਾਤ ਬਦਤਰ ਹੋ ਚੁੱਕੇ ਹਨ ਕਿਉਂਕਿ ਕੈਨੇਡਾ ਦੇ ਬਾਕੀ ਰਾਜਾਂ ਦੇ ਮੁਕਾਬਲੇ ਸੂਬੇ ਵਿਚ ਸਿਹਤ ਕਾਮਿਆਂ ਦੀ ਗਿਣਤੀ 18 ਫੀ ਸਦੀ ਤੱਕ ਘੱਟ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਦੀ ਰਿਪੋਰਟ ਵਿਚ ਵੱਡੇ ਕਦਮ ਉਠਾਉਣ ’ਤੇ ਜ਼ੋਰ ਦਿਤਾ ਗਿਆ ਹੈ। 26 ਹਸਪਤਾਲ ਕਾਮਿਆਂ ਨਾਲ ਵਿਸਤਾਰਤ ਗੱਲਬਾਤ ’ਤੇ ਆਧਾਰਤ ਰਿਪੋਰਟ ਕਹਿੰਦੀ ਹੈ ਕਿ ਹਰ ਦਿਨ ਲੰਘਣ ਮਗਰੋਂ ਹਾਲਾਤ ਨਿਘਰਦੇ ਜਾ ਰਹੇ ਹਨ। ਮੌਜੂਦਾ ਸਿਹਤ ਕਾਮਿਆਂ ’ਤੇ ਕੰਮ ਦਾ ਬੋਝ ਐਨਾ ਵਧ ਗਿਆ ਹੈ ਕਿ ਉਨ੍ਹਾਂ ਵਾਸਤੇ ਲਗਾਤਾਰ ਇਸੇ ਤਰੀਕੇ ਨਾਲ ਅੱਗੇ ਵਧਣਾ ਮੁਸ਼ਕਲ ਹੋਵੇਗਾ।

ਹਸਪਤਾਲਾਂ ਵਿਚ ਬਦਤਰ ਹੁੰਦੇ ਜਾ ਰਹੇ ਨੇ ਹਾਲਾਤ : ਰਿਪੋਰਟ

ਯੂਨੀਵਰਸਿਟੀ ਆਫ਼ ਵਿੰਡਸਰ ਵਿਖੇ ਐਨਵਾਇਰਨਮੈਂਟਲ ਹੈਲਕ ਰਿਸਰਚਰ ਡਾ. ਜੇਮਜ਼ ਬਰੌਫੀ ਨੇ ਦੱਸਿਆ ਕਿ ਕਈ ਤਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਘਰ ਜਾਣ ਵੇਲੇ ਸਾਰੇ ਰਾਹ ਰੋਂਦੇ ਹੀ ਜਾਂਦੇ ਹਨ। ਸਰੀਰਕ ਅਤੇ ਮਾਨਸਿਕ ਤੌਰ ’ਤੇ ਸੋਕਾ ਪੈਂਦਾ ਜਾ ਰਿਹਾ ਹੈ ਅਤੇ ਘਰੇਲੂ ਜ਼ਿੰਦਗੀ ਵੀ ਪ੍ਰਭਾਵਤ ਹੋ ਰਹੀ ਹੈ। ਉਨਟਾਰੀਓ ਕੌਂਸਲ ਆਫ਼ ਹੌਸਪੀਟਲ ਯੂਨੀਅਨਜ਼ ਦੇ ਪ੍ਰੈਜ਼ੀਡੈਂਟ ਮਾਈਕਲ ਹਰਲੀ ਨੇ ਕਿਹਾ ਕਿ ਇਕ ਤਰੀਕੇ ਨਾਲ ਹੈਲਥ ਕੇਅਰ ਕਾਮਿਆਂ ਦੀ ਸਹਿਣਸ਼ਕਤੀ ਪਰਖੀ ਜਾ ਰਹੀ ਹੈ ਅਤੇ ਪਿਛਲੇ ਸਾਲ ਸ਼ੁਰੂ ਹੋਇਆ ਸੰਕਟ ਹੋਰ ਗੰਭੀਰ ਹੋ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸੂਬਾ ਸਰਕਾਰ ਦੇ ਆਪਣੇ ਦਸਤਾਵੇਜ਼ ਕਹਿੰਦੇ ਹਨ ਕਿ ਉਨਟਾਰੀਓ ਦੇ ਹੈਲਥ ਕੇਅਰ ਸੈਕਟਰ ਨੂੰ 2027 ਤੱਕ 20,700 ਨਰਸਾਂ ਅਤੇ 50 ਹਜ਼ਾਰ ਤੋਂ ਵੱਘ ਪਰਸਨਲ ਸਪੋਰਟ ਵਰਕਰਾਂ ਦੀ ਜ਼ਰੂਰਤ ਹੈ।

20,700 ਨਰਸਾਂ ਅਤੇ 50 ਹਜ਼ਾਰ ਸਹਾਇਕ ਕਾਮਿਆਂ ਦੀ ਜ਼ਰੂਰਤ

ਡਾ. ਬਰੌਫੀ ਨੇ ਅੱਗੇ ਕਿਹਾ ਕਿ ਐਮਰਜੰਸੀ ਰੂਮਜ਼ ਵੱਡੇ ਪੱਧਰ ’ਤੇ ਬੰਦ ਹੋ ਰਹੇ ਹਨ ਅਤੇ ਮਰੀਜ਼ਾਂ ਨੂੰ ਹਾਲਵੇਅ ਵਿਚ ਪਾ ਕੇ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਜਨਵਰੀ ਵਿਚ ਆਏ ਇਕ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਕਿ ਉਨਟਾਰੀਓ ਦੇ 62 ਫੀ ਸਦੀ ਹਸਪਤਾਲ ਕਾਮੇ ਬੇਹੱਦ ਤਣਾਅ ਵਾਲੇ ਮਾਹੌਲ ਵਿਚ ਕੰਮ ਕਰ ਰਹੇ ਹਨ। ਮਸਲਾ ਸਿਰਫ ਹੈਲਥ ਕੇਅਰ ਵਰਕਰਜ਼ ਦਾ ਨਹੀਂ, ਹਸਪਤਾਲਾਂ ਵਿਚ ਮੰਜਿਆਂ ਦੀ ਵੀ ਕਮੀ ਹੈ। ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਸੂਬਾ ਸਰਕਾਰ ਇਕ ਹਜ਼ਾਰ ਮੰਜਿਆਂ ਦਾ ਵਾਅਦਾ ਕਰ ਰਹੀ ਹੈ ਜਦਕਿ ਅਸਲ ਵਿਚ 8 ਹਜ਼ਾਰ ਦੀ ਸਖਤ ਲੋੜ ਹੈ।

Tags:    

Similar News