ਵੈਨਕੂਵਰ ਵਿਖੇ ਛੁਰੇਬਾਜ਼ੀ ਕਰਨ ਵਾਲਾ ਪੁਲਿਸ ਗੋਲੀ ਨਾਲ ਹਲਾਕ
ਵੈਨਕੂਵਰ ਦੀਆਂ ਸੜਕਾਂ ’ਤੇ ਛੁਰਾ ਲੈ ਕੇ ਨਿਕਲਿਆ ਸ਼ੱਕੀ ਪੁਲਿਸ ਗੋਲੀ ਨਾਲ ਮਾਰਿਆ ਗਿਆ।
ਵੈਨਕੂਵਰ : ਵੈਨਕੂਵਰ ਦੀਆਂ ਸੜਕਾਂ ’ਤੇ ਛੁਰਾ ਲੈ ਕੇ ਨਿਕਲਿਆ ਸ਼ੱਕੀ ਪੁਲਿਸ ਗੋਲੀ ਨਾਲ ਮਾਰਿਆ ਗਿਆ। ਮੁਢਲੇ ਤੌਰ ’ਤੇ ਛੁਰੇਬਾਜ਼ੀ ਦੌਰਾਨ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਆਈ ਪਰ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਸ਼ੱਕੀ ਦੇ ਹਮਲੇ ਦੌਰਾਨ ਇਕ ਜਣਾ ਹੀ ਜ਼ਖਮੀ ਹੋਇਆ ਅਤੇ ਦੂਜੇ ਸ਼ਖਸ ਦੇ ਜ਼ਖਮੀ ਹੋਣ ਲਈ ਜ਼ਿੰਮੇਵਾਰ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਟਿੱਪਣੀ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲ ਗਈ ਕਿ ਵੈਨਕੂਵਰ ਵਿਖੇ ਕਈ ਜਣਿਆਂ ਨੂੰ ਛੁਰੇ ਮਾਰ ਕੇ ਜ਼ਖਮੀ ਕਰ ਦਿਤਾ ਗਿਆ। ਵੈਨਕੂਵਰ ਪੁਲਿਸ ਦੀ ਕਾਂਸਟੇਬਲ ਤਾਨੀਆ ਵਿਜ਼ਿਨਟਿਨ ਨੇ ਦੱਸਿਆ ਕਿ 911 ’ਤੇ ਆਈ ਕਾਲ ਵਿਚ ਛੁਰੇ ਨਾਲ ਲੈਸ ਇਕ ਸ਼ੱਕੀ ਵੱਲੋਂ ਰੈਸਟੋਰੈਂਟ ਵਿਚੋਂ ਸ਼ਰਾਬ ਲੁੱਟਣ ਦੇ ਯਤਨ ਦੀ ਸ਼ਿਕਾਇਤ ਕੀਤੀ ਗਈ।
ਸੋਸ਼ਲ ਮੀਡੀਆ ’ਤੇ ਉਡੀਆਂ ਅਫ਼ਵਾਹਾਂ ਨੇ ਲੋਕ ਡਰਾਏ
ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਸ਼ੱਕੀ 7-ਇਲੈਵਨ ਦੇ ਅੰਦਰ ਮਿਲਿਆ ਜਿਥੇ ਉਸ ਨੇ ਇਕ ਮਹਿਲਾ ਨੂੰ ਘੇਰਿਆ ਹੋਇਆ ਸੀ। ਆਖਰਕਾਰ ਪੁਲਿਸ ਅਧਿਕਾਰੀਆਂ ਨੇ ਗੋਲੀ ਚਲਾ ਦਿਤੀ ਅਤੇ ਸ਼ੱਕੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਦੂਜਾ ਸ਼ਖਸ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਤਾਂ ਕਾਂਸਟੇਬਲ ਤਾਨੀਆ ਵੱਲੋਂ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਅਤੇ ਸਿਰਫ ਐਨਾ ਕਿਹਾ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਆਫ਼ ਬੀ.ਸੀ. ਵੱਲੋਂ ਪੁਲਿਸ ਕਾਰਵਾਈ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਹਾਂ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਛੁਰੇਬਾਜ਼ੀ ਦੌਰਾਨ ਜ਼ਖਮੀ ਸ਼ਖਸ ਦੇ ਹੱਥ ’ਤੇ ਜ਼ਖਮ ਦੱਸਿਆ ਜਾ ਰਿਹਾ ਹੈ ਜਦਕਿ ਦੂਜੇ ਸ਼ਖਸ ਦੇ ਚਿਹਰੇ ’ਤੇ ਜ਼ਖਮ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਸ਼ੱਕੀ ਦਾ ਕੋਈ ਅਪਰਾਧਕ ਰਿਕਾਰਡ ਸੀ ਜਾਂ ਨਹੀਂ।
ਪੁਲਿਸ ਮੁਤਾਬਕ ਛੁਰੇਬਾਜ਼ੀ ਦੌਰਾਨ ਇਕ ਜਣਾ ਹੋਇਆ ਜ਼ਖ਼ਮੀ
ਦੂਜੇ ਪਾਸੇ ਵਾਰਦਾਤ ਦੌਰਾਨ ਇਲਾਕੇ ਵਿਚ ਮੌਜੂਦ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 7-ਇਲੈਵਨ ਦੇ ਕਾਊਂਟਰ ’ਤੇ ਪੁੱਜੇ ਸ਼ੱਕੀ ਨੇ ਆਪਣੀ ਕਮੀਜ਼ ਉਤੇ ਚੁੱਕੀ ਅਤੇ ਡੱਬ ਵਿਚ ਲੱਗਾ ਵੱਡਾ ਛੁਰਾ ਦਿਖਾਉਣ ਲੱਗਾ। ਸ਼ੁਰੂ ਵਿਚ ਇਹ ਮਹਿਸੂਸ ਹੋਇਆ ਕਿ ਸ਼ੱਕੀ ਲੁੱਟ ਦੇ ਇਰਾਦੇ ਨਾਲ ਆਇਆ ਹੈ ਪਰ ਜਦੋਂ ਮੁਲਾਜ਼ਮਾਂ ਨੇ ਆਖ ਦਿਤਾ ਕਿ ਜੋ ਮਰਜ਼ੀ ਚੁੱਕ ਕੇ ਲੈ ਜਾ ਤਾਂ ਉਹ ਭੜਕ ਗਿਆ ਅਤੇ ਆਪਣਾ ਛੁਰਾ ਕੱਢ ਲਿਆ। ਮੌਕੇ ’ਤੇ ਮੌਜੂਦ ਕੁਝ ਲੋਕ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਰਹੇ ਸਨ ਜਿਸ ਵਿਚ ਪੁਲਿਸ ਅਫ਼ਸਰਾਂ ਦੇ ਪੁੱਜਣ ਅਤੇ ਫਿਰ ਸ਼ੱਕੀ ਨੂੰ ਗੋਲੀ ਮਾਰਨ ਦੀਆਂ ਤਸਵੀਰਾਂ ਦੇਖੀਆਂ ਸਕਦੀਆਂ ਹਨ। ਵੀਡੀਓ ਵਿਚ ਇਕ ਔਰਤ ਚੀਕਾਂ ਮਾਰਦੀ ਇਕ ਪਾਸੇ ਦੌੜਦੀ ਹੋਈ ਵੀ ਨਜ਼ਰ ਆਉਂਦੀ ਹੈ ਅਤੇ ਇਸੇ ਦੌਰਾਨ ਕਈ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ।