ਯੂਨਾਈਟਡ ਯੂਬਾ ਬ੍ਰਦਰਜ਼ ਨੇ ਜਿੱਤਿਆ ਕੌਮਾਂਤਰੀ ਕੈਨੇਡਾ ਕੱਪ
ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਵੱਲੋਂ ਸਰੀ ਦੇ ਟਮੈਨਵਿਸ ਪਾਰਕ ਵਿਚ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਵਿਚ ਯੂਨਾਈਟਡ ਯੂਬਾ ਬ੍ਰਦਰਜ਼ ਦੀ ਟੀਮ ਪ੍ਰੀਮੀਅਰ ਵਰਗ ਵਿਚ ਜੇਤੂ ਰਹੀ
ਵੈਨਕੂਵਰ (ਮਲਕੀਤ ਸਿੰਘ) : ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਵੱਲੋਂ ਸਰੀ ਦੇ ਟਮੈਨਵਿਸ ਪਾਰਕ ਵਿਚ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਵਿਚ ਯੂਨਾਈਟਡ ਯੂਬਾ ਬ੍ਰਦਰਜ਼ ਦੀ ਟੀਮ ਪ੍ਰੀਮੀਅਰ ਵਰਗ ਵਿਚ ਜੇਤੂ ਰਹੀ। ਫਾਈਨਲ ਦੌਰਾਨ ਯੂਨਾਈਟਡ ਯੂਬਾ ਬ੍ਰਦਰਜ਼ ਨੇ ਤਸੱਵਰ ਇਲੈਵਨ ਨੂੰ 4-1 ਨਾਲ ਹਰਾਉਂਦਿਆਂ ਖਿਤਾਬ ਆਪਣੇ ਨਾਂ ਕਰ ਲਿਆ। ਚੈਂਪੀਅਨ ਟੀਮ ਨੂੰ ਸ਼ਾਨਦਾਰ ਟਰਾਫ਼ੀ ਤੋਂ ਇਲਾਵਾ 10 ਹਜ਼ਾਰ ਡਾਲਰ ਦੀ ਇਨਾਮੀ ਰਕਮ ਨਾਲ ਨਿਵਾਜਿਆ ਗਿਆ ਜਦਕਿ ਰਨਰ ਅੱਪ ਟੀਮ ਤਸੱਵਰ ਇਲੈਵਨ ਨੂੰ 5 ਹਜ਼ਾਰ ਡਾਲਰ ਦੀ ਰਕਮ ਮਿਲੀ। ਦੂਜੇ ਪਾਸੇ ਮਹਿਲਾ ਵਰਗ ਦੇ ਫਾਈਨਲ ਵਿਚ ਵੈਸਟ ਕੋਸਟ ਕਿੰਗਜ਼ ਕਲੱਬ ਅਤੇ ਇੰਡੀਆ ਕਲੱਬ ਵਿਚਾਲੇ ਦਿਲਚਸਪ ਮੁਕਾਬਲੇ ਦੌਰਾਨ ਵੈਸਟ ਕੋਸਟ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਟਰਾਫ਼ ਅਤੇ 3500 ਡਾਲਰ ਨਕਦ ਇਨਾਮ ਨਾਲ ਸਨਮਾਨਤ ਕੀਤਾ ਗਿਆ ਜਦਕਿ ਇੰਡੀਆ ਕਲੱਬ ਨੂੰ 2 ਹਜ਼ਾਰ ਡਾਲਰ ਦੀ ਰਕਮ ਪ੍ਰਦਾਨ ਕੀਤੀ ਗਈ।
ਮਹਿਲਾ ਵਰਗ ਵਿਚ ਵੈਸਟ ਕੋਸਟ ਦੀ ਟੀਮ ਜੇਤੂ ਰਹੀ
ਟੂਰਨਾਮੈਂਟ ਦੌਰਾਨ ਦਿਤੇ ਗਏ ਨਿਜੀ ਇਨਾਮਾਂ ਤਹਿਤ ਬੈਸਟ ਫਾਰਵਰਡ ਜੇਕ ਵੈਟਨ ਰਿਹਾ ਜਦਕਿ ਬੈਸਟ ਸਕੋਰਰ ਦਾ ਇਨਾਮ ਕਾਜੀ ਯਾਮਾਸਾਕੀ ਨੂੰ ਮਿਲਿਆ। ਬਿਹਤਰੀਨ ਗੋਲਕੀਪਰ ਫਲੋਰੀਅਨ ਸਾਈਮਨ ਬਣਿਆ ਜਦਕਿ ਮੋਸਟ ਵੈਲਿਊਏਅਬ ਪਲੇਅਰ ਦਾ ਖਿਤਾਬ ਜੋਪ ਫਰੂਸਟ ਨੇ ਜਿੱਤਿਆ। ਫੇਅਰ ਪਲੇਅ ਐਵਾਰਡ ਦਸਮੇਸ਼ ਫੀਲਡ ਹਾਕੀ ਕਲੱਬ ਨੂੰ ਦਿਤਾ ਗਿਆ। ਟੂਰਨਾਮੈਂਟ ਦੌਰਾਨ ਅੰਡਰ 12, ਅੰਡਰ 14, ਅੰਡਰ 17, 55 ਪਲੱਸ ਲੀਜੈਂਡ ਡਵੀਜ਼ਨ ਅਤੇ ਸੋਸ਼ਲ ਡਵੀਜ਼ਨ ਮੁਕਾਬਲੇ ਵੀ ਕਰਵਾਏ ਗਏ। ਤਿੰਨ ਦਿਨ ਚੱਲ ਟੂਰਨਾਮੈਂਟ ਦੌਰਾਨ ਵੈਸਟ ਕੋਸਟ ਕਿੰਗਜ਼ ਸੋਸਾਇਟੀ ਦੇ ਸੀਨੀਅਰ ਮੈਂਬਰ ਊਧਮ ਸਿੰਘ ਹੁੰਦਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰ ਜ਼ਿੰਮੇਵਾਰੀ ਬਾਖੂਬੀ ਨਿਭਾਈ। ਟੂਰਨਾਮੈਂਟ ਵਿਚ ਸਰੀ ਦੀ ਮੇਅਰ ਬਰੈਂਡਾ ਲੌਕ, ਐਮ.ਪੀ. ਰਣਦੀਪ ਸਿੰਘ ਸਰਾਏ, ਸੁੱਖ ਧਾਲੀਵਾਲ, ਵਿਧਾਇਕ ਮਨਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਮੀਤ ਹੇਅਰ ਸਣੇ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ। ਇਨਾਮਾਂ ਦੀ ਵੰਡ ਦੌਰਾਨ ਵਿਧਾਇਕ ਮਨਦੀਪ ਸਿੰਘ ਧਾਲੀਵਾਲ, ਉਘੇ ਕਾਰੋਬਾਰੀ ਹਰਮੀਤ ਸਿੰਘ ਖੁੱਡੀਆਂ, ਗੁਰਮਿੰਦਰ ਸਿੰਘ ਪਰਿਹਾਰ, ਨਰਿੰਦਰ ਗਰੇਵਾਲ, ਕ੍ਰਿਪਾਲ ਸਿੰਘ ਮਾਂਗਟ, ਅਜਮੇਰ ਸਿੰਘ ਢਿੱਲੋਂ, ਮਹਿਲਾ ਆਗੂ ਤ੍ਰਿਪਤ ਅਟਵਾਲ, ਹਾਕੀ ਓਲੰਪੀਅਨ ਤੋਚੀ ਸੰਧੂ, ਗੁਰਜੰਟ ਸਿੰਘ ਸੰਧੂ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ।